ਤੈਨੂੰ ਪੀਣਗੇ ਨਸੀਬਾਂ ਵਾਲੇ!


ਤੈਨੂੰ ਪੀਣਗੇ ਨਸੀਬਾਂ ਵਾਲੇ!


-ਬਲਰਾਜ ਸਿੰਘ ਸਿੱਧੂ, ਯੂ. ਕੇ. 
 "ਇਕ ਸਵਾਲ ਮੇਰੇ ਜ਼ਿਹਨ ਆਉਂਦੈ… ਉਹ ਇਹ ਕਿ ਸਾਡੇ ਹੀਰੇ ਲੇਖਕ... ਗਾਇਕ... ਸ਼ਰਾਬ ਪੀ-ਪੀ ਕਿਉਂ ਆਪਣੀਆਂ ਜਾਨਾਂ ਗੁਆ ਰਹੇ ਨੇ? ਕੀ ਸ਼ਰਾਬ... ਜ਼ਿੰਦਗੀ  ਅਤੇ ਸਿਹਤ ਤੋਂ ... ਜ਼ਿਆਦਾ ਚੰਗੀ ਹੈ?"
  ਪੰਜਾਬੀ ਆਰਸੀ ਦੀ ਫੇਸਬੁੱਕ ਵਾਲ 'ਤੇ ਕਲਦੀਪ ਮਾਣਕ ਦੀ ਮੌਤ ਦਾ ਇਜ਼ਹਾਰ   ਕਰਦਿਆਂ ਤਨਦੀਪ ਤਮੰਨਾ ਜੀ ਨੇ ਇਹ ਉਪਰੋਕਤ ਵਿਚਾਰ ਲਿਖਿਆ ਹੈ।ਸਵਾਲ ਵਾਕਈ ਗੌਰ ਦੀ ਮੰਗ ਕਰਦਾ ਹੈ।ਪਹਿਲਾਂ ਸੁਰਜੀਤ ਬਿੰਦਰਖੀਆ, ਫਿਰ ਕਾਕਾ ਭੈਣੀਵਾਲਾ ਤੇ ਹੁਣ ਮਾਣਕ।
ਸ਼ਿਵ ਕੁਮਾਰ ਬਟਾਲਵੀ ਤੋਂ ਇਲਾਵਾ ਇਕ ਦਰਜਨ ਤੋਂ ਵਧ ਪੰਜਾਬੀ ਦੇ ਸਾਹਿਤਕਾਰ ਹਨ, ਜੋ ਚੰਦਰੀ ਸ਼ਰਾਬ ਦੀ ਭੇਂਟ ਚੜ੍ਹੇ।ਗੱਲ ਇਹ ਨਹੀਂ ਹੈ ਕਿ ਕੇਵਲ ਗਾਇਕ, ਐਕਟਰ, ਸਾਹਿਤਕਾਰ ਹੀ ਸ਼ਰਾਬ ਪੀ ਕੇ ਮਰਦੇ ਹਨ। ਬਹੁਤ ਸਾਰੇ ਆਮ ਲੋਕ ਵੀ ਸ਼ਰਾਬ ਦੀ ਭੇਂਟ ਚੜ੍ਹਦੇ ਰਹਿੰਦੇ ਹਨ। ਪਰ ਉਹਨਾਂ ਨੂੰ ਮੀਡੀਆ ਕਵਰੇਜ਼ ਨਹੀਂ ਮਿਲਦੀ।ਪ੍ਰਸਿੱਧ ਲੋਕਾਂ ਬਾਰੇ ਉਹ ਇਕ ਖਬਰ ਬਣ ਜਾਂਦੀ ਹੈ ਤੇ ਜੰਗਲ ਦੀ ਅੱਗ ਵਾਂਗ ਫੈਲ ਜਾਂਦੀ ਹੈ।ਜਦੋਂ ਕੋਈ ਆਮ ਵਿਅਕਤੀ ਸ਼ਰਾਬ ਦਾ ਸੇਵਨ ਕਰਕੇ ਮਰਦਾ ਹੈ ਤਾਂ ਉਸ ਦੇ ਕਾਰਨ ਅਨੇਕਾਂ ਹੁੰਦੇ ਹਨ, ਜਿਵੇਂ ਆਰਥਿਕ ਤੰਗੀ, ਅਸਫਲਤਾ, ਕਰਜ਼ਾ, ਬੇਰੋਜ਼ਗਾਰੀ, ਘਰੇਲੂ ਰਿਸ਼ਤਿਆਂ ਵਿਚ ਉਪਜਿਆ ਤਨਾਅ, ਮਜ਼ਬੂਰੀ ਜਾਂ ਅਯਾਸ਼ੀ। ਲੇਕਿਨ ਪ੍ਰਸਿੱਧ ਵਿਅਕਤੀਆਂ ਦੀ ਮੌਤ ਦਾ ਕੇਵਲ ਇਕ ਕਾਰਨ ਹੁੰਦਾ ਹੈ, ਉਹਨਾਂ ਦੀ ਪ੍ਰਸਿੱਧੀ।

ਸ਼ੁਹਰਤ ਕਮਾਉਣੀ ਔਖੀ ਹੈ ਪਰ ਪਚਾਉਣੀ, ਉਸ ਤੋਂ ਵੀ ਕਠਿਨ ਜਾਂ ਕਹਿ ਲਵੋ ਨਾਮੁਮਕਿਨ ਹੈ। ਜਦੋਂ ਕੋਈ ਕਲਾਕਾਰ, ਕਲਮਕਾਰ ਜਾਂ ਅਦਾਕਾਰ ਆਪਣਾ ਸਫਰ ਸ਼ੁਰੂ ਕਰਦਾ ਹੈ ਤਾਂ ਉਸਨੂੰ ਮਿਹਨਤ ਅਤੇ ਸੰਘਰਸ਼ ਕਰਨਾ ਪੈਂਦਾ ਹੈ।ਔਖੀ ਘਾਲਣਾ ਉਪਰੰਤ ਉਸ ਨੂੰ,  ਉਸਦੀ ਕਾਬਲੀਅਤ ਅਤੇ ਕਿਸਮਤ ਅਨੁਸਾਰ ਪ੍ਰਸਿੱਧੀ, ਪਿਆਰ ਅਤੇ ਪ੍ਰਾਪਤੀਆਂ ਮਿਲਣ ਲੱਗ ਜਾਂਦੀਆਂ ਹਨ।ਇਕ ਮੁਕਾਮ ਅਜਿਹਾ ਵੀ ਆਉਂਦਾ ਹੈ ਜਦੋਂ ਉਹ ਜਿਹੜਾ ਵੀ ਤੀਰ ਛੱਡਦਾ ਹੈ, ਆਪੇ ਟਿਕਾਣੇ 'ਤੇ ਜਾ ਕੇ ਲੱਗਦਾ ਹੈ। ਜਿਉਂ ਜਿਉਂ ਮਕਬੂਲੀਅਤ ਵਧਦੀ ਜਾਂਦੀ ਹੈ, ਫੈਨ ਸੂਚੀ ਵੀ ਵੱਧਣੀ ਸ਼ੁਰੂ ਹੋ ਜਾਂਦੀ ਹੈ।ਇਸ ਨਾਲ ਭਾਵੇਂ ਕੋਈ ਵੀ ਸ਼ਖਸੀਅਤ ਹੋਵੇ, ਉਸਦੇ ਦਿਮਾਗ ਵਿਚ ਫਤੂਰ ਆ ਜਾਂਦਾ ਹੈ। ਉਸਦੀ ਮਿਹਨਤ ਵੱਲ ਰੁਚੀ ਘਟਣ ਲਗਦੀ ਹੈ ਤੇ ਸਫਲਤਾਵਾਂ ਦੇ ਬੂਹੇ ਅਸਾਨੀ ਨਾਲ ਖੁੱਲ੍ਹਣ ਲਗਦੇ ਹਨ।ਲੋਕ ਉਸਨੂੰ ਪਲਕਾਂ 'ਤੇ ਬਿਠਾਉਣ ਲੱਗਦੇ ਹਨ।ਇਹ ਸਮਾਂ ਸ਼ੁਹਰਤ ਨੂੰ ਸਾਂਭਣ ਦਾ ਹੁੰਦਾ ਹੈ। ਪਰ ਕੁਝ ਇਸ ਵਕਤ ਨੂੰ ਸਾਂਭ ਨਹੀਂ ਸਕਦੇ ਤੇ ਸ਼ਰਾਬ ਜਾਂ ਹੋਰ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ।
ਫਿਲਮ ਐਕਟਰ ਸੰਜੇ ਦੱਤ ਇਸਦੀ ਸਭ ਤੋਂ ਵਧੀਆ ਮਿਸਾਲ ਹੈ। ਜਦੋਂ ਉਹਦੀ ਗੁੱਡੀ ਸਿਖਰ 'ਤੇ ਚੜ੍ਹੀ ਹੋਈ ਸੀ ਤਾਂ ਉਹ ਨਸ਼ਿਆਂ ਦੀ ਦਲਦਲ ਵਿਚ ਪੂਰੀ ਤਰ੍ਹਾਂ ਧਸਿਆ ਹੋਇਆ ਸੀ।ਸਨਾਵਰ ਬੋਰਡਿੰਗ ਸਕੂਲ ਵਿਚ ਪੜ੍ਹਦਿਆਂ ਭੰਗ ਦੇ ਪੱਤਿਆਂ ਦੀ ਬੀੜੀ ਪੀਣ ਤੋਂ ਸ਼ੁਰੂ ਹੋ ਕੇ ਉਸਨੇ ਕੋਕੇਨ ਅਤੇ ਹੀਰੋਇਨ ਤੱਕ ਦਾ ਸਫਰ ਕੀਤਾ। ਨਿਊਯਾਰਕ ਕੈਂਸਰ ਨਾਲ ਜੂਝ ਰਹੀ ਆਪਣੀ ਮਾਂ ਨਰਗਿਸ ਨੂੰ ਮਿਲਣ ਜਦੋਂ ਉਹ ਹਸਪਤਾਲ ਗਿਆ ਤਾਂ ਉਸ ਉਸਦੇ ਬੂਟਾਂ ਵਿਚ 60 ਗ੍ਰਾਮ ਹੀਰੋਇਨ ਲਕੋਈ ਹੋਈ ਸੀ।
ਰੇਮੰਡ ਚੈਂਡਲਰ ਕਹਿੰਦਾ ਹੈ, "Alcohol is like love. The first kiss is magic, the second is intimate, the third is routine. After that you take the clothes off."
ਪਹਿਲਾਂ ਸ਼ਰਾਬ ਸ਼ੌਂਕ ਜਾਂ ਸ਼ੁਗਲ ਬਣਦੀ ਹੈ ਤੇ ਪਿੱਛੋਂ ਆਦਤ, ਫਿਰ ਸ਼ਰੀਰਕ ਲੋੜ੍ਹ।ਇਥੇ ਆ ਕੇ ਹਰੇਕ ਪ੍ਰਸਿੱਧ ਹਸਤੀ ਨਾਲ ਬਾਕੀ ਕਾਰਨ ਵੀ ਆ ਜੁੜਦੇ ਹਨ, ਜਿਵੇਂ ਘਰੇਲੂ ਕਲੇਸ਼ ਕਿਉਂਕਿ ਕਦਰਦਾਨਾਂ ਅਤੇ ਕਲਾ ਨੂੰ ਸਮਾਂ ਦਿੰਦਿਆਂ ਨਿੱਜੀ ਰਿਸ਼ਤਿਆਂ ਲਈ ਸਮਾਂ ਸੀਮਿਤ ਜਾਂ ਨਾਮਾਤਰ ਹੋ ਜਾਂਦਾ ਹੈ।
ਗੀਤਾ ਦੱਤ ਨੇ ਭਰ ਜਵਾਨੀ ਵਿਚ ਸ਼ਰਾਬ ਪੀ ਕੇ ਆਪਣੇ ਆਪ ਨੂੰ ਤਬਾਹ ਕਰ ਲਿਆ ਤੇ ਗੁਰਦੇ ਖਰਾਬ ਕਰਕੇ ਮਰ ਗਈ। ਗੁਰੂ ਦੱਤ ਸ਼ਰਾਬ ਪੀ ਕੇ ਮਰਿਆ। ਪਾਕੀਜ਼ਾ ਵਰਗੀ ਉਮਦਾ ਫਿਲਮ ਦੇਣ ਵਾਲੀ ਮੀਨਾ ਕੁਮਾਰੀ ਆਪਣੇ ਸਮੇਂ ਦੀ ਮਕਬੂਲ ਅਦਾਕਾਰਾ ਸੀ। ਸਭ ਜਾਣਦੇ ਹਨ ਕਿ ਧਰਮਿੰਦਰ ਦੇ ਕੈਰੀਅਰ ਨੂੰ ਧੱਕਾ ਸਟਾਰਟ ਕਰਨ ਵਾਲੀ ਉਹ ਸੀ। ਲੋਕਾਂ ਨੇ ਉਸਦੀ ਪ੍ਰਸਿੱਧੀ ਦਾ ਲਾਹਾ ਖੱਟਿਆ ਤੇ ਕੁਝ ਕੁ ਨਾਕਾਮ ਮੁਹੱਬਤਾਂ ਦਾ ਸੰਤਾਪ ਨਾ ਝਲਦਿਆਂ ਉਸਨੇ ਖੁਦ ਨੂੰ ਸ਼ਰਾਬ ਦੇ ਨਸ਼ੇ ਵਿਚ ਡਬੋ ਲਿਆ ਤੇ ਮੌਤ ਦੇ ਮੂੰਹ ਵਿਚ ਚਲੀ ਗਈ।
ਸ਼ਿਵ ਕੁਮਾਰ ਬਟਾਲਵੀ ਆਪਣੇ ਵੇਲੇ ਦਾ ਐਸਾ ਅਜ਼ੀਮ ਸ਼ਾਇਰ ਸੀ ਕਿ ਛੋਟੀ ਉਮਰ ਵਿਚ ਕਾਮਯਾਬੀਆਂ ਉਸਦੇ ਕਦਮ ਚੁੰਮਣ ਲੱਗੀਆਂ। ਸਾਰੇ ਪੰਜਾਬੀ ਲੇਖਕਾਂ ਵਿਚੋਂ ਸਭ ਤੋਂ ਵੱਧ Female fans ਸ਼ਿਵ ਦੀਆਂ ਸਨ। ਉਹ ਸ਼ਰਾਬ ਦਾ ਇਸ ਕਦਰ ਆਦੀ ਹੋ ਗਿਆ ਕਿ ਉਸਨੂੰ ਸਵੇਰੇ ਉੱਠਦਿਆਂ ਪੈਗ ਲਾਉਣਾ ਪੈਂਦਾ ਸੀ। ਇਸ ਦਾ ਸਬੂਤ ਉਸਦੇ ਸਾਹਿਤ ਵਿਚੋਂ ਵੀ ਮਿਲਦਾ ਹੈ, "ਮੈਨੂੰ ਜਦ ਵੀ ਤੁਸੀਂ ਹੋ ਯਾਦ ਆਏ, ਦਿਨ ਦਿਹਾੜੇ ਸ਼ਰਾਬ ਲੈ ਬੈਠਾ।" ਜਦ ਉਹ ਇੰਗਲੈਂਡ ਆਇਆ ਤਾਂ ਇੰਗਲੈਂਡ ਦੇ ਲੇਖਕਾਂ ਨੇ ਉਸ ਦਾ ਸੰਗ ਮਾਨਣ ਲਈ ਸਕਾਟਲੈਂਡ ਦੀਆਂ ਡਿਸਟੀਲਰੀਆਂ ਖਾਲੀ ਕਰ ਦਿੱਤੀ ਤੇ ਉਹ ਵਾਪਸ ਭਾਰਤ ਜਾਂਦਿਆਂ ਇਸ ਦੁਨੀਆਂ ਚੋਂ 'ਜੋਬਨ ਰੁੱਤੇ, ਭਰੇ ਭਰਾਏ' ਕਿਨਾਰਾ ਕਰ ਗਿਆ।
ਮਾਣਕ ਦੀ ਸਫਲਤਾਂ ਨੇ ਉਸਦੇ ਦੁਨੀਆਂ ਭਰ ਵਿਚ ਪ੍ਰਸੰਸਕ ਤੇ ਸ਼ਗਿਰਦ ਐਨੇ ਬਣਾ ਦਿੱਤੇ ਕਿ ਮਾਣ ਨਾਲ ਉਹ ਮਾਣਕ ਨੂੰ ਸ਼ਰਾਬ ਦੇ ਨਸ਼ੇ ਵਿਚ ਡਬੋਂਦੇ ਰਹੇ। ਨਤੀਜਾ ਅੱਜ ਸਾਹਮਣੇ ਹੈ।
ਕਿਸੇ ਵੇਲੇ ਹਰਚਰਨ ਗਰੇਵਾਲ ਤੇ ਸੀਮਾ ਦੀ ਜੋੜ੍ਹੀ ਦੀ ਦੋਗਾਣਾ ਗਾਇਕੀ ਵਿਚ ਝੰਡੀ ਸੀ। ਮਾਣਕ ਨੇ ਆਪਣੇ ਕੈਰੀਅਰ ਦਾ ਆਗਾਜ਼ ਗਰੇਵਾਲ ਨਾਲ ਸਾਜ਼ ਵਜਾਉਂਣ ਤੋਂ ਕੀਤਾ ਸੀ। ਗਰੇਵਾਲ ਦਾ ਇਕ ਗੀਤ ਸੀ, ਸੀਮਾ ਕਹਿੰਦੀ ਹੈ,"ਮਿੱਤਰਾ ਮੈਂ ਬੋਤਲ ਨਾਭੇ ਦੀ" ਗਰੇਵਾਲ ਦਾ ਜੁਆਬ ਹੁੰਦਾ ਹੈ, "ਤੈਨੂੰ ਗਟ-ਗਟ ਕਰਕੇ ਪੀ'ਜਾਂਗੇ।" ਫਿਰ ਉਹਨੇ ਕਹਿ ਕੇ ਗੀਤ ਲਿਖਵਾਇਆ ਸੀ, 'ਨਾਭੇ ਵਾਲੇ ਠੇਕੇ ਦੀਏ ਬੰਦ ਬੋਤਲੇ ਨੀ ਤੈਨੂੰ ਲਾਹਾਂ ਨਾਲ ਬੁੱਲ੍ਹਾਂ ਦੇ ਨਾਲ ਲਾ ਕੇ।'
ਡੀ ਐਮ ਥੌਮਸ (Dylan Marlais Thomas) ਕਹਿੰਦਾ ਹੈ, "An alcohol is something, which drinks you as much as you do." ਗਰੇਵਾਲ ਸ਼ਰਾਬ ਗਟਾਗਟ ਪੀਂਦਾ ਗਿਆ ਤੇ ਬਸ ਇਕ ਦਿਨ ਉਹਨੂੰ ਵੀ ਨਾਭੇ ਵਾਲੀ ਬੋਤਲ ਪੀ ਗਈ।ਚਾਰ ਦਿਨ ਲੋਕਾਂ ਨੇ ਯਾਦ ਕੀਤਾ, ਫੇਰ ਬਸ ਉਹਦੇ ਹੀ ਗੀਤ ਵਾਂਗ ਬਾਪੂਆਂ ਨੇ ਨਲਕਿਆਂ ਨੂੰ ਮੋਟਰਾਂ ਲਾ ਲਈਆਂ ਤੇ ਮਿੱਤਰਾਂ ਦੇ ਟਿਊਵਲ ਸੁੰਨੇ ਹੋ ਗਏ।ਅੱਜ ਬਹੁਤੇ ਗਾਇਕਾਂ ਨੂੰ ਵੀ ਨਹੀਂ ਪਤਾ ਕਿ ਹਰਚਰਨ ਗਰੇਵਾਲ ਵੀ ਕੋਈ ਗਾਇਕ ਹੁੰਦਾ ਸੀ।
ਫੇਰ ਦੀਦਾਰ ਸੰਧੂ ਦੀ ਵਾਰੀ ਆਈ।ਗਰੇਵਾਲ ਤਾਂ ਇਕੱਲਾ  ਅੰਗਰੇਜ਼ੀ ਦਾ ਅੱਖਰ ਯੂ ਸੀ। ਪਰ ਦੀਦਾਰ ਡਬਲ ਯੂ ਸੀ ਭਾਵ ਗਾਇਕ ਹੋਣ ਨਾਲ ਗੀਤਕਾਰ ਵੀ ਸੀ ਤੇ ਉਹ ਵੀ ਚੋਟੀ ਦਾ।'ਹੁਣ ਢਾਕੇ ਦੀ ਮਲਮਲ ਵਰਗੀ ਦੇ ਨਾਲ ਯਾਰੀ ਆ', 'ਤੇਰੇ ਮੁੱਖ ਤੋਂ ਇਉਂ ਰੁਸ਼ਨਾਈ ਹੁੰਦੀ ਐ, ਜਿਵੇਂ ਕਿਸੇ ਨੇ ਆਲ੍ਹੇ ਦੇ ਵਿਚ ਜੋਤ ਜਗਾਈ ਹੁੰਦੀ ਹੈ' ਤੇ 'ਗੱਲ ਸੁਣ ਮਖਮਲ ਵਰਗਿਆ ਯਾਰਾ, ਤੈਨੂੰ ਚੰਦ ਕਹਾਂ ਕੇ ਤਾਰਾ' ਉਹਦੇ ਗੀਤਾਂ ਦੀਆਂ ਸਤਰਾਂ ਹਨ। ਨਵਾਰੀ ਪਲੰਘ ਵਰਗੇ ਗੀਤ ਬੁਣਦਾ ਸੀ ਦੀਦਾਰ। ਉਹਦੇ ਗੀਤਾਂ ਵਿਚੋਂ ਹੀ ਉਹਦਾ ਜੀਵਨ ਝਲਕਦਾ ਸੀ। ਨਮੂਨੇ ਵਜੋਂ ਸੁਣ ਕੇ ਦੇਖੋ ਉਹਨੇ ਗਾਇਐ 'ਜਿਸਨੇ ਇਸ ਭਰੀ ਸੁਰਹੀ ਚੋਂ ਪਹਿਲਾ ਪੈਗ ਭਰ ਕੇ ਲਾਇਆ ਹੋਊ' ਜਾਂ ਇਕ ਹੋਰ ਗੀਤ:-
ਕੁੜੀ: ਤੂੰ ਠੇਕੇ 'ਤੇ ਜਾਇਆ ਨਾ ਕਰ। 
ਮੁੰਡਾ: ਜੇ ਹੁਣ ਜਾਵਾਂ ਤਾਂ ਜਾਣੀ। 
ਕੁੜੀ: ਫੇਰ ਕਹਤੋਂ ਪੀ ਕੇ ਆਇਆਂ? 
ਮੁੰਡਾ: ਐਦਾਂ ਤੂੰ ਆਪ ਸਿਆਣੀ। 
ਬਾਜ਼ੀਗਰਾਂ ਦੇ ਮੁੰਡੇ ਤੇ ਕੱਬਡੀ ਦੇ ਖਿਡਰੀ ਕੁੰਦਨ ਨਾਲ ਦੀਦਾਰ ਦੀ ਗੂੜ੍ਹੀ ਯਾਰੀ ਸੀ। ਦੀਦਾਰ ਨੂੰ ਕੁੰਦਨ ਹੋਰੀਂ ਨਿੱਤ ਮੁੱਲਾਪੁਰ ਘੇਰ ਕੇ ਪਿਲਾਉਂਦੇ ਤੇ ਕਹਿੰਦੇ, "ਸੰਧੂ ਯਾਰ ਆਪਣੇ ਰਕਾਟ (ਗੀਤ) 'ਚ ਮੇਰਾ ਨਾਂ ਏਕਣ ਫਿੱਟ ਕਰ ਦੇਹ ਬਈ ਕੁੰਦਨ ਕੁੰਦਨ ਹੋ'ਜੇ। ਕੇਰਾਂ ਪਤਾ ਲੱਗ'ਜੇ ਬਈ ਕੁੰਦਨ ਵੀ ਕੋਈ ਹੈਗਾ। ਤੈਨੂੰ ਦਾਰੂ 'ਚ ਨਹਾ ਦਿਆਂਗੇ।ਕੁੰਦਨ ਵੀ ਯਾਰਾਂ ਦਾ ਯਾਰ ਐ।"
ਦੱਸੋ ਜ਼ਹਿਰ ਪਲਾਉਣਾ ਕਿਹੋ ਜਿਹੀ ਯਾਰੀ ਹੋਈ? ਦੀਦਾਰ ਨੇ ਕਈ ਗੀਤਾਂ ਵਿਚ ਕੁੰਦਨ ਦਾ ਨਾਮ ਪਾਇਆ, ਜਿਵੇਂ 'ਕੁੰਦਨ ਕਪੂਰੇ ਕਾ, ਕੰਧ ਤੋਂ ਦੀ ਮਾਰੇ ਝਾਤੀਆਂ' ਤੇ 'ਕੁੰਦਨ ਵਰਗੇ ਆਖਣਗੇ ਦੇਖੋਂ ਇਹ ਸੰਧੂ ਕੀ ਕਰਦਾ' ਕੁੰਦਨ ਹੋਰੀਂ ਉਸਨੂੰ ਦਾਰੂ ਵਿਚ ਇਸ਼ਨਾਨ ਕਰਵਾਉਂਦੇ ਰਹੇ।ਫੇਰ ਦੀਦਾਰ ਨੇ ਇਕ ਗੀਤ ਗਾਇਆ, 'ਸਾਨੂੰ ਲੰਡੂ ਪੈਗ ਲੱਗੇ ਜਿਹਾ ਸਰੂਰ ਹੋ ਗਿਆ।' ਇਸ ਸਰੂਰ ਦੇ ਚੱਕਰ ਵਿਚ ਹੀ ਦੀਦਾਰ ਸਾਥੋਂ ਸਦਾ ਲਈ ਦੂਰ ਹੋ ਗਿਆ। ਹੋਰ ਵੀ ਪੰਜਾਬੀ ਦੇ ਅਨੇਕਾਂ ਗਾਇਕ ਹਨ, ਜੋ ਇਹਨਾਂ ਪਾਏ ਪੂਰਨਿਆਂ 'ਤੇ ਚਲ ਕੇ ਮਹਿਜ਼ ਫੁੱਲਾਂ ਵਾਲਾ ਹਾਰ ਪਾਈ ਤਸਵੀਰ ਬਣ ਕੇ ਰਹਿ ਗਏ।
ਅਦਾਕਾਰ ਸਲਮਾਨ ਖਨ ਨੂੰ ਹੀ ਲੈ ਲਉ। ਦੂਜੇ ਕੁ ਦਿਨ ਹੀ ਪੀ ਕੇ ਕੋਈ ਨਾ ਕੋਈ ਘੱਲਵੱਲੀ ਜਿਹੀ ਕਰ ਬੈਠਦਾ ਹੈ। ਪਹਿਲਾ  ਟੱਲੀ ਹੋਏ ਨੇ ਸੋਮੀ ਅਲੀ ਦੇ ਲਫੇੜਾ ਮਾਰ ਦਿੱਤਾ ਉਹ ਉਹਨੂੰ ਛੱਡਕੇ ਭੱਜ ਗਈ। ਫੇਰ ਸੰਗੀਤਾ ਬਿਜ਼ਲਾਨੀ ਦੇ ਪਾਰਟੀ ਘਸੁੰਨ ਮਾਰਿਆ, ਉਹਨੇ ਕਿਹਾ ਘਸੁੰਨ ਕਿਉਂ ਖਾਵਾਂ? ਮੈਂ ਤਾਂ ਬੈਟ ਖਾਉਂਗੀ ਤੇ ਕ੍ਰਿਕਟਰ ਮੁਹੰਮਦ ਅਜ਼ਰੁਦੀਨ ਨਾਲ ਵਿਆਹ ਕਰਵਾ ਲਿਆ।ਫੇਰ ਅਸ਼ਵਰੀਆ ਰਾਏ ਦੇ ਸਿਰ 'ਤੇ ਖਾਲੀ ਕਰਕੇ ਬੋਤਲ ਮਾਰੀ ਤੇ ਸਾਰੀ ਰਾਤ ਫੋਨ 'ਤੇ ਉਹਨੂੰ ਗੰਦੀਆਂ ਗੰਦੀਆਂ ਗਾਲ੍ਹਾਂ ਕੱਢੀਆਂ ਜੋ ਅਖਬਾਰਾਂ ਤੇ ਯੂ ਟਿਉਬ ਰਾਹੀਂ, ਉਹਦੇ ਪ੍ਰਸੰਸਕਾਂ ਨੇ ਵੀ ਸਰਵਣ ਕੀਤੀਆਂ।ਅਗਲੀ ਕਹਿੰਦੀ ਗਾਲ੍ਹਾਂ ਖਾਣੀਆਂ ਤਾਂ ਬਚਨ ਪਰਿਵਾਰ ਤੋਂ ਖਾਊਂ।ਕੈਟਰਿਨਾ ਕੈਫ ਕਹਿਣ ਨੂੰ ਉਹਦੀ ਸੀ, ਫਿਲਮਾਂ ਤਾਂ ਅਕਸ਼ੇ ਨਾਲ ਸਭ ਤੋਂ ਵੱਧ ਕਰਦੀ ਹੈ।ਫੇਰ ਬਾਈ ਜੀ ਨੇ ਵਾਹੇਗੁਰੂ ਬੋਲ ਕੇ ਟੌਰ ਨਾਲ ਪੁੱਟਪਾਥ ਗੱਡੀ ਚਾੜ੍ਹ ਕੇ ਸੁੱਤੇ ਵਿਅਕਤੀ ਨੂੰ ਸਦਾ ਲਈ ਕੁੰਭਕਰਨੀ ਨੀਂਦ ਸੁਆਉਣ ਦੀ ਕਰਾਮਾਤ ਕਰ ਦਿੱਤੀ।
ਵਿਸ਼ਵਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਸਿਰੇ ਦਾ ਨਸ਼ਈ ਸੀ।ਮੈਰਲਿਨ ਮੁਨਰੋ ਨੇ ਆਪਣੇ ਵੇਲੇ ਵਿਚ ਹਾਲੀਵੁੱਡ ਦੀਆਂ ਸਾਰੀਆਂ ਅਭਿਨੇਤਰੀਆਂ ਖੁੰਝੇ ਲਾ ਦਿੱਤੀਆਂ ਸਨ, ਪਰ ਸਟਾਰਡਮ ਉਸਨੂੰ ਵੀ ਹਜ਼ਮ ਨਾ ਹੋਇਆ।  ਇਹ ਪ੍ਰਸਿੱਧ ਅਭੀਨੇਤਰੀ ਮੈਰਲਿਨ ਮੁਨਰੋ ਸ਼ਰਾਬ ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਸਦਕਾ ਨੀਂਦ ਦੀਆਂ ਗੋਲੀਆਂ ਖਾਹ ਕੇ ਮਰੀ।ਅੰਗਰੇਜ਼ੀ ਗਾਇਕੀ ਵਿਚ ਨਵੇਕਲੀ ਪ੍ਰਿਤ ਪਾਉਣ ਕਾਰਨ ਐਲਵਿਸ ਪ੍ਰੈਸਲੀ ਐਨਾ ਮਸ਼ਹੂਰ ਹੋਇਆ ਕਿ ਕਹਿੰਦੇ ਹਨ ਜਦੋਂ ਉਹ ਘਰੋਂ ਨਿਕਲਦਾ ਸੀ ਤਾਂ ਉਸਦੀਆਂ ਪ੍ਰਸੰਸਕ ਕੁੜੀਆਂ ਉਸਦੇ ਰਾਹਾਂ ਵਿਚ ਵਿਛ ਜਾਂਦੀਆਂ ਹੁੰਦੀਆਂ ਸਨ। ਇਸ ਗੱਲ ਨੇ ਉਸਨੂੰ ਨਸ਼ੇੜੀ ਬਣਾ ਦਿੱਤਾ ਤੇ ਲੋੜ੍ਹ ਤੋਂ ਵੱਧ ਨਸ਼ੇ ਦਾ ਸੇਵਨ ਕਰਨ ਬਾਅਦ ਰੌਕਸਟਾਰ ਐਲਵਿਸ ਪ੍ਰੈਸਲੀ ਦੀ ਲਾਸ਼ ਵੀ ਉਸਦੇ ਗੁਸਲਖਾਨੇ ਵਿਚੋਂ ਬਰਾਮਦ ਹੋਈ ਸੀ। ਪੌਪ ਗਾਇਕ ਮਾਇਕਲ ਜੈਕਸਨ ਸ਼ਰਾਬ ਤੋਂ ਬਿਨਾ ਹੋਰ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਮਰਿਆ। ਸ਼ਹਿਜ਼ਾਦੀ ਡਾਇਨਾ ਤੋਂ ਸ਼ਰਾਬ ਪੀਣ 'ਤੇ ਕਾਬੂ ਨਹੀਂ ਸੀ ਰੱਖ ਹੁੰਦਾ। ਸ਼ਹਿਜ਼ਾਦਾ ਐਂਡਰੂ, ਸ਼ਹਿਜ਼ਾਦਾ ਵਿਲੀਅਮ ਅਤੇ ਬ੍ਰਿਟਨੀ  ਸਪੀਅਰ ਕਈ ਵਾਰ 'ਡਰਿੰਕ ਐਂਡ ਡਰਾਇਵ' ਕਰਦੇ ਫੜ੍ਹ ਹੋਏ ਹਨ। ਸ਼ਾਹਜਹਾਨ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਕਈ ਹੁਕਮਰਾਨ ਸ਼ਰਾਬ ਪੀ ਕੇ ਚੜ੍ਹਾਈ ਕਰ ਗਏ। ਸ਼ਾਹਜਹਾਨ ਦੀ ਬੇਟੀ ਤੇ ਔਰੰਗਜ਼ੇਬ ਦੀ ਭੈਣ ਜ਼ਹਾਆਰਾ ਤਮਾਮ ਜ਼ਿੰਦਗੀ ਸ਼ਰਾਬ ਦੇ ਨਸ਼ੇ ਵਿਚ ਡੁੱਬੀ ਰਹੀ।
ਵਿਸ਼ਵਪੱਧਰ 'ਤੇ ਪ੍ਰਸਿੱਧੀ ਖੱਟਣ ਵਾਲਾ ਜੇਮਜ਼ ਬੋਲਡਵਿਨ ਪਹਿਲਾ ਲੇਖਕ ਹੋਇਆ ਹੈ ਜਿਸ ਨੇ ਸਾਰੇ ਨਵਯੁੱਗੀ ਲੇਖਕਾਂ ਵਿਚੋਂ ਸਭ ਤੋਂ ਪਹਿਲਾਂ ਸੈਕਸ ਬਾਰੇ ਖੁੱਲ੍ਹ ਕੇ ਲਿਖਿਆ ਤੇ ਪ੍ਰਸਿੱਧੀ ਖੱਟੀ। ਉਹ ਖੁਦ ਸਮਲਿੰਗੀ ਸੀ। Go Tell It On the Mountain  ਸਵੈਜੀਵਨੀ ਨਾਲ ਉਸਨੇ ਸਾਹਿਤ ਵਿਚ ਪ੍ਰਵੇਸ਼ ਕੀਤਾ ਤੇ ਂੋNo Name in the Street  ਵਰਗੀ ਰਚਨਾ ਰਚਣ ਤੱਕ ਉਹ ਬਹੁਤ ਪੜ੍ਹਿਆ ਜਾਣ ਲੱਗ ਪਿਆ ਸੀ।ਸ਼ਰਾਬ ਕਾਰਨ ਪੈਦਾ ਹੋਈਆਂ ਬਿਮਾਰੀਆਂ ਨਾਲ ਉਹ ਮਰਿਆ।ਅਰਨੈਸਟ ਮੀਲਰ ਹਮਿੰਗਵੇਅ, ਜਿਸ ਦਾ ਘਰੇਲੂ ਨਾਮ 'ਪਾਪਾ' ਸੀ। ਉਹ ਇਕ ਐਸਾ ਨਾਵਲਕਾਰ, ਪੱਤਰਕਾਰ ਤੇ ਕਹਾਣਕਾਰ ਸੀ ਕਿ ਉਸਨੇ ਆਪਣੇ ਦੌਰ ਦੇ ਵੱਡੇ ਵੱਡੇ ਮਹਾਂਰਥੀਆਂ ਦੀਆਂ ਗੋਡਣੀਆਂ ਲਵਾ ਦਿੱਤੀਆਂ ਸਨ।The Old Man and Sea ਵਰਗਾ ਸਦਬਹਾਰ ਤੇ ਸ਼ਾਹਕਾਰ ਨਾਵਲ ਦਾ ਜਗਤਪ੍ਰਸਿੱਧ ਰਚੇਤਾ ਤਮਾਮ ਉਮਰ ਸ਼ਰਾਬ ਦਾ ਆਦੀ ਰਿਹਾ।ਉਸਦੀਆਂ ਮਾਨਸਿਕ ਪ੍ਰੇਸ਼ਾਨੀਆਂ ਐਨੀਆਂ ਵੱਧ ਗਈਆਂ ਕਿ ਉਹ ਪਾਗਲ ਹੋ ਗਿਆ। 1961 ਵਿਚ ਉਹ ਇਲਾਜ ਕਰਵਾ ਕੇ ਪਾਗਲਖਾਨੇ ਵਿਚੋਂ ਨਿਕਲਿਆ ਤੇ ਇਕ ਦਿਨ ਕੈਚਮ (Idaho) ਆਪਣੇ ਹੀ ਘਰ ਵਿਚ ਆਪਣੀ ਬੰਦੂਕ ਦੀ ਆਪੇ ਗੋਲੀ ਮਾਰ ਕੇ ਉਸਨੇ ਜੀਵਨ ਲੀਲਾ ਸਮਾਪਤ ਕਰ ਲਈ।ਐਡਗਰ ਐਲਨ ਪੋਅ ਅਮਰੀਕਨ ਕਵੀ ਤੇ ਕਹਾਣੀਕਾਰ ਸੀ, ਜੋ ਅਮਰੀਕਨ ਰੋਮੈਂਟਿਕ ਮੂਵਮੈਂਟ ਦਾ ਸਰਗਰਮ ਕਾਰਕੁਨ ਰਿਹਾ, ਦੀ ਵੀ ਅਜਿਹੀ ਦੁਰਗਤੀ ਹੋਈ। ਅਮਰੀਕਨ ਕਵਿਤਰੀ ਡੌਰਥੀ ਪਾਰਕਰ ਦੇ ਤਿੰਨ ਅਸਫਲ ਵਿਆਹ ਰਹੇ ਤੇ ਉਹ ਮਾਨਸਿਕ ਤਨਾਅ ਨਾ ਝਲਦਿਆਂ ਸ਼ਰਾਬ 'ਤੇ ਨਿਰਭਰ ਰਹਿਣ ਲੱਗੀ।ਅਣਗਿਣਤ ਆਤਮਦਾਹ ਦੇ ਅਸਫਲ ਯਤਨਾਂ ਉਪਰੰਤ ਉਹ ਸ਼ਰਾਬ ਪੀ ਪੀ ਕੇ ਮਰੀ।ਸਾਡੇ ਇੰਗਲੈਂਡ ਦੀ ਪ੍ਰਸਿੱਧ ਲੇਖਿਕਾ ਵਿਰਜੀਆ ਵੌਲਫ ਸ਼ਰਾਬ ਦੇ ਨਸ਼ੇ ਵਿਚ ਨਹਿਰ ਵਿਚ ਛਾਲ ਮਾਰ ਕੇ ਮਰੀ। ਨਾਵਲ Fear and Loating in Las Vegas ਨਾਲ ਚਰਚਾ ਵਿਚ ਆਉਣ ਵਾਲਾ ਨਾਵਲਕਾਰ ਹੰਟਰ ਥੌਮਸਨ ਤੇ ਰੇਅਮੰਡ ਚੈਂਡਲਰ ਦਾ ਵੀ ਇਹੋ ਹਾਲ ਸੀ।1979 Pulitzer Prize ਵਿਜੇਤਾ ਨਾਵਲਕਾਰ ਤੇ ਕਹਾਣੀਕਾਰ ਜੌਹਨ ਸ਼ੀਵਰ ਜਿਸ ਨੂੰ "The Chekhov of the suburbs" ਕਿਹਾ ਜਾਂਦਾ ਸੀ ਤੇ 400 ਕਹਾਣੀਆਂ ਲਿਖਣ ਵਾਲਾ ਵਿਲੀਅਮ ਸਿਡਨੀ ਪੌਟਰ, ਜਿਸਦਾ ਉਪ ਨਾਮ ਹੈਨਰੀ ਸੀ, ਦਾ ਵੀ ਸ਼ਰਾਬ ਨਾਲ ਬੁਰਾ ਹਸ਼ਰ ਹੋਇਆ।ਮੇਰੀ ਪਸੰਦੀਦਾ ਫਿਲਮ Dirty Dancing ਫਿਲਮ ਦਾ ਅਭਿਨੇਤਾ ਨਿਕ ਕੈਨਟਰ ਖਾਲਸ ਹੀਰੋਇਨ ਦਾ ਟੀਕਾ ਖੁਦ ਆਪਣੇ ਲਾ ਕੇ 1991 ਵਿਚ ਮਰਿਆ।ਡਾਨਾ ਪਲੈਟੋ ਦੀ ਮੌਤ 1999 ਵਿਚ ਨਸ਼ੀਲੇ ਪਦਾਰਥਾਂ ਨਾਲ ਹੋਈ।ਐਡੀ ਸੈਡਵਿਕ 1971 ਵਿਚ ਮਿਲਾਵਟੀ ਸ਼ਰਾਬ ਪੀ ਕੇ ਮਰਿਆ।ਡਾਨਾ  ਬ੍ਰੈਡ ਰੈਨਫਰੋ ਹੀਰੋਇਨ ਦੀ ਅਧਿਕਮਾਤਰਾ ਨਾਲ 2008 ਵਿਚ ਮਰਿਆ। Cat On A Hot Tin Roof  ਲਿਖਣ ਵਾਲਾ ਤੇ ਰੰਗਮੰਚ ਦੇ ਕਈ ਵੱਡੇ ਵੱਡੇ ਪੁਰਸਕਾਰ ਪ੍ਰਾਪਤ ਕਰਨ ਵਾਲਾ ਥੌਮਸ ਵਿਲਿਅਮ 3, Under Milk Wood ਦਾ ਲਿਖਾਰੀ ਵੈਲਿਸ਼ ਕਵੀ ਡਾਲਿਨ ਥੌਮਸ, 1931 ਦੇ ਸ੍ਰਵੋਤਮ ਵਿਕਰੀ ਦੇ ਰਿਕਾਰਡ ਤੋੜ੍ਹਨ ਵਾਲੇ ਨਾਵਲ Good Earth ਦੀ ਰਚੇਤਾ ਪੀਰਲ ਬੱਕ,1949 ਦਾ ਸਾਹਿਤ ਨੌਬਲ ਪੁਰਸਕਾਰ ਵਿਜੇਤਾ ਵਿਲੀਅਮ ਫਾਲਕਨਰ ਆਦਿ ਨਾਮਾਂ ਦੀ ਐਡੀ ਲੰਮੀ ਲਿਸਟ ਹੈ ਕਿ ਗਿਣਨ ਲੱਗੀਏ ਤਾਂ ਕਈ ਸੈਚੀਂਆਂ ਦੇ ਗ੍ਰੰਥ ਤਿਆਰ ਹੋ ਸਕਦੇ ਹਨ।
ਮੇਰਾ ਇਹ ਕਹਿਣ ਦਾ ਤਾਤਪਰਜ਼ ਹੈ ਕਿ ਮਸ਼ਹੂਰ ਹਸਤੀਆਂ ਅਜਿਹੀਆਂ ਹਰਕਤਾਂ ਕਿਉਂ ਕਰਦੀਆਂ ਹਨ ਤੇ ਬੇਹਿਸਾਬੀ ਦਾਰੂ ਪੀ ਕੇ ਕਿਉਂ ਮਰਦੀਆਂ ਹਨ?   ਮੇਰੇ ਹਿਸਾਬ ਨਾਲ ਇਸ ਲਈ ਦੋ ਵਿਅਕਤੀ ਜ਼ੁੰਮੇਵਾਰ ਹੁੰਦੇ ਹਨ, ਇਕ ਤਾਂ ਕਲਾਕਾਰ ਖੁਦ ਦੂਜਾ ਉਸ ਦੇ ਕਦਰਦਾਨ। ਆਪਣੇ ਦੀ ਵਿਚਾਰ ਦੀ ਪੁਸ਼ਟੀ ਲਈ ਮੈਂ ਖੁਦ ਨੂੰ ਹੀ ਬਲੀ ਦਾ ਬਕਰਾ ਬਣਾ ਲੈਂਦਾ ਹਾਂ।
17 -18 ਸਾਲ ਦੀ ਉਮਰ ਵਿਚ ਮੇਰੀਆਂ ਕਹਾਣੀਆਂ ਛਪਣ ਲੱਗ ਪਈਆਂ ਤੇ ਮੇਰੀ ਚਰਚਾ ਹੋਣ ਲੱਗ ਪਈ । ਜਿਵੇਂ ਕਹਿੰਦੇ ਨੇ ਮੀਆਂ ਵੀ ਗਰਮ ਤੇ ਗੋਲੀਆਂ ਵੀ ਗਰਮ। ਇੰਗਲੈਂਡ ਠੰਡੇ ਵਾਤਾਵਰਨ ਵਿਚ ਬੈਠ ਕੇ ਲਿੱਖੀਆਂ ਮੇਰੀਆਂ ਕਹਾਣੀਆਂ ਵੀ ਭਾਫਾਂ ਛੱਡਦੀਆਂ ਤੇ ਪ੍ਰਤੀਕ੍ਰਮ ਵੀ ਜ਼ਾਹਰ ਹੈ ਸੇਕਮਈ ਹੋਣਗੇ।ਮੈਨੂੰ ਮੇਰੇ ਆਲੋਚਕਾਂ ਨੇ ਮਸ਼ਹੂਰ ਕਰ ਦਿੱਤਾ। ਮੈਂ ਜਾਣਬੁੱਝ ਕੇ ਆਪਣੀਆਂ ਰਚਨਾਵਾਂ ਵਿਚ ਕੁਝ ਨਾ ਕੁਝ ਅਜਿਹਾ ਲਿਖਦਾ, ਜਿਸ ਨਾਲ ਮੇਰਾ ਵਿਰੋਧ ਹੋਵੇ। ਮੈਂ ਵਿਵਾਦਾਂ ਵਿਚ ਘਿਰ ਕੇ ਬੜੀ ਤੀਬਰਗਤੀ ਨਾਲ ਲਾਇਮਲਾਇਟ ਵਿਚ ਆ ਗਿਆ। ਮੈਂ ਲਿਖਦਾ ਗਿਆ ਤੇ ਅਖਬਾਰਾਂ ਰਸਾਲੇ ਛਾਪਕੇ ਪਾਠਕਾਂ ਤੱਕ ਪਹੁੰਚਾਉਂਦੇ ਗਏ। ਪੰਜਾਬ ਟਾਇਮਜ਼ ਦੇ ਸੰਪਾਦਕ ਹਰਜਿੰਦਰ ਸਿੰਘ ਮੰਡੇਰ ਨੇ ਮੈਨੂੰ ਬਹੁਤ ਚੁੱਕਿਆ। ਮੈਂ ਆਪਣੇ ਲਈ ਆਪ ਉਹ ਪਾਠਕ ਵਰਗ ਪੈਦਾ ਕੀਤਾ, ਜੋ ਸਾਹਿਤ ਪੜ੍ਹਣ ਦੇ ਆਦੀ ਨਹੀਂ ਸਨ। ਇੰਡੀਆ ਤੋਂ ਨਵੇਂ ਵਿਆਹ ਕਰਵਾ ਕੇ ਆਏ ਮੁੰਡੇ ਕੁੜੀਆਂ ਨੂੰ ਮੈਂ ਟਾਰਗਟ ਕੀਤਾ। ਉਨ੍ਹਾਂ ਬਾਰੇ ਉਨ੍ਹਾਂ ਦੀਆਂ ਸਮਸਿਆਵਾਂ ਬਾਰੇ ਲਿਖ ਕੇ ਉਨ੍ਹਾਂ ਨੂੰ ਨਾਲ ਜੋੜਿਆ।
ਇੰਗਲੈਂਡ ਦੇ ਕਈ ਪੁਰਾਣੇ ਲੇਖਕਾਂ ਨੂੰ ਮੇਰਾ ਚਰਚਾ ਵਿਚ ਰਹਿਣਾ ਤੇ ਛਪਣਾ ਚੰਗਾ ਨਾ ਲੱਗਦਾ। ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਬਹੁਤਾ ਵਿਰੋਧ ਜ਼ਿਆਦਾਤਰ ਲੇਖਕਾਂ ਵੱਲੋਂ ਕੀਤਾ ਜਾਂਦਾ ਹੈ ਤਾਂ ਲੇਖਕਾਂ ਨੂੰ ਝੰਡੇ ਥੱਲੇ ਕਰਨ ਲਈ ਮੈਂ ਲੇਖਕਾਂ ਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ 'ਲਫਜ਼ਾਂ ਦੇ ਦਰਵੇਸ਼' ਕਾਲਮ ਲਿਖਣ ਲੱਗ ਪਿਆ। ਪੰਜਾਬੀ ਲੇਖਕਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਮੇਰੇ ਹੱਥ ਵਿਚ ਸੀ। ਪੰਜਾਬੀ ਦਾ ਹਰ ਲੇਖਕ ਚਾਹੁੰਦਾ ਹੈ ਕਿ ਉਸਦੀ ਤੇ ਉਸ ਦੁਆਰਾ ਰਚੇ ਸਾਹਿਤ ਦੀ ਕੋਈ ਹੋਰ ਚਰਚਾ ਕਰੇ। ਇਉਂ ਆਪਣੇ ਬਾਰੇ ਲਿਖਵਾਉਣ ਦੇ ਚਾਹਵਾਨ ਲੇਖਕਾਂ ਨੇ ਮੇਰੇ ਵਿਰੁੱਧ ਆਪਣੀ ਅਵਾਜ਼ ਬੰਦ ਕਰ ਲਿੱਤੀ। ਮੈਨੂੰ ਸੱਦੇ ਪੱਤਰ ਦੇ ਕੇ ਆਮਤ੍ਰਿਤ ਕੀਤਾ ਜਾਂਦਾ ਤੇ ਗਲਾਸੀਆਂ ਖੜ੍ਹਕਦੀਆਂ। ਫੇਰ ਮੇਰੀ ਪ੍ਰਮੋਸ਼ਨ ਹੋ ਗਈ ਤੇ ਅਖਬਾਰ ਦੇ ਸੰਪਾਦਕੀ ਮੰਡਲਾਂ ਵਿਚ ਸੇਵਾ ਨਿਭਾਉਣ ਦਾ ਬਾਦਲ ਤੇ ਕੈਪਟਨ ਸਰਕਾਰ ਵਾਂਗੂ ਮੈਨੂੰ ਸੁਭਾਗ ਪ੍ਰਾਪਤ ਹੋਣ ਲੱਗਾ। ਮੈਂ ਜਿਥੇ ਜਾਣਾ ਬੱਲੇ ਬੱਲੇ ਹੋਣ ਲੱਗੀ। ਰਚਨਾ ਛਪੀ 'ਤੇ ਫੋਨ ਆਉਣ ਲੱਗੇ। ਜਿਥੇ ਜਾਣਾ ਅਗਲੇ ਨੇ ਕਹਿਣਾ, "ਬਾਈ ਤੇਰੇ ਨਾਲ ਇਕ ਗਲਾਸੀ ਜ਼ਰੂਰ ਲਾਉਣੀ ਹੈ। ਪੈਗ ਲਾਏ ਬਿਨਾ ਤੈਨੂੰ ਜਾਣ ਨਹੀਂ ਦੇਣਾ।"
"A meal without wine is like a day without sunshine."  ਦੀ ਧਾਰਨਾ 'ਤੇ ਅਮਲ ਕਰਦਿਆਂ ਪਹਿਲਾਂ ਇਹ ਕੇਵਲ ਵੀਕ ਐਂਡ ਦਾ ਸ਼ੁਗਲ ਅਰਥਾਤ ਸੋਸ਼ਲ ਡਰਿੰਕਿਗ ਸੀ। ਫੇਰ ਹੌਲੀ ਹੌਲੀ ਚਲਦੀ ਵੀਕ ਵਿਚ ਚਲਣ ਲੱਗ ਪਿਆ। ਥੋੜ੍ਹੀ ਹੋਰ ਤਰੱਕੀ ਕੀਤੀ ਪਹਿਲਾਂ ਰੇਡੀਉ ਤੇ ਫੇਰ ਟੀ ਵੀ ਮੀਡੀਏ ਵਿਚ ਹੱਥ ਅੜ੍ਹ ਗਿਆ।ਮੈਨੂੰ ਐਸਾ ਫਤੂਰ ਹੋਇਆ ਕਿ ਰੱਬ ਨੂੰ ਜੱਬ ਦੱਸਣ ਲੱਗ ਪਿਆ।ਐਕਟਰਾਂ, ਸਿੰਗਰਾਂ, ਸਿਆਸਤਦਾਨਾਂ ਤੇ ਬਿਜ਼ਨਸਮੈਨਾਂ ਨਾਲ ਸੰਪਰਕ ਪੈਦਾ ਹੋ ਗਏ। ਸ਼ੋਆਂ ਦੇ ਵੀ ਆਈ ਪੀ ਤੇ ਬੈਕ ਸਟੇਜ ਪਾਸ ਡਾਕ ਰਾਹੀਂ ਘਰੇ ਆ ਜਾਂਦੇ।
ਇੰਡੀਅਨ ਓਵਰਸੀਜ਼ ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ ਜੀ ਵਰਗੇ ਬਲਬੀਰ ਸਿੰਘ ਐਮ ਪੀ ਜਾਂ ਹਰਿਆਣਾ ਦੇ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲੇ ਵਰਗਿਆਂ ਨਾਲ ਮੇਰਾ ਤੁਆਰਫ ਕਰਵਾਉਂਦੇ ਹੋਏ ਕਹਿ ਦਿੰਦੇ, "ਮੁੰਡਾ ਨੀਰੀ ਅੱਗ ਆ ਜੀ ਅੱਗ।"
ਮੈਂ ਹੋਰ ਚਾਮ੍ਹਲ ਜਾਂਦਾ।  ਕਹਾਣੀਆਂ ਲਿਖਦਿਆਂ ਖਿਆਲ ਆਇਆ ਕਿ ਕਹਾਣੀ ਤਾਂ ਸਿਰਫ ਉਹੀ ਪੜ੍ਹ ਸਕਦਾ ਹੈ, ਜਿਸਨੂੰ ਗੁਰਮੁੱਖੀ ਪੜ੍ਹਨੀ ਆਉਂਦੀ ਹੈ। ਗੀਤ ਲਿਖਣ ਨਾਲ ਜ਼ਿਆਦਾ ਸ਼ੁਹਰਤ ਮਿਲ ਸਕਦੀ ਹੈ ਤੇ ਗੁਜਰਾਤੀ, ਪਾਕਸਤਾਨੀ ਤੇ ਬ੍ਰਿਟਿਸ਼ ਬੋਰਨ ਨਾਲ ਜੋੜੇ ਜਾ ਸਕਦੇ ਹਨ। ਜਿਵੇਂ ਕਹਿੰਦੇ ਹਨ 'ਲੱਲੂ ਕਰੇ ਕਵੱਲੀਆਂ, ਰੱਬ ਸਿੱਧੀਆਂ ਪਾਉਂਦਾ' ਬਸ ਕੁਝ ਗੀਤ ਲਿਖੇ ਰਿਕਾਰਡ ਹੋ ਕੇ ਸੋਹਣੇ ਚਲ ਗਏ।ਦਿਮਾਗ ਕੁਤਬਮਿਨਾਰ ਤੋਂ ਉੱਚਾ ਚੱਕਿਆ ਗਿਆ।ਵਾਕਫੀਅਤ ਦਾ ਘੇਰਾ ਹੋਰ ਵਿਸ਼ਾਲ ਹੋ ਗਿਆ। ਸੋਸ਼ਲ ਤੋਂ ਸੈਂਸੀਬਲ ਡਰੀਕਿੰਗ ਦਾ ਇਉਂ ਆਗਾਜ਼ ਹੋ ਗਿਆ। ਇਸ ਦਰਮਿਆਨ ਜ਼ਿੰਦਗੀ ਵਿਚ ਦੋ ਐਸੇ ਸੰਗੀਨ ਹਾਦਸੇ ਵਾਪਰੇ ਕਿ ਮੈਂ ਉਦੋਂ ਦਾ ਟੁੱਟਿਆ ਹੁਣ ਤਾਈਂ ਨਹੀਂ ਜੁੜਿਆ। ਨਿਤਨੇਮ ਹੀ ਸ਼ਰਾਬ ਬਣ ਗਈ। ਮੈਂ ਲਿਖਣ ਨੂੰ ਤਿਲਾਜ਼ਲੀ ਦੇ ਕੇ ਅੱਠੇ ਪਹਿਰ ਸ਼ਾਹਜ਼ਹਾਨ ਵਾਂਗੂ ਨਸ਼ੇ 'ਚ ਗੁੱਟ ਰਹਿ ਕੇ ਇਹ ਭਰਮ ਪਾਲ ਬੈਠਾ ਬਈ ਜਿਹੜਾ ਤਾਜ ਮਹੱਲ ਮੈਂ ਬਣਾ ਦਿੱਤਾ ਹੈ, ਕੋਈ ਹੋਰ ਬਣਾ ਹੀ ਨਹੀਂ ਸਕੂ। ਕਾਸ਼ ਸ਼ਾਹਜਹਾਨ ਆਪਣੇ ਆਪਨੂੰ ਸ਼ਰਾਬ ਵਿਚ ਨਾ ਡਬੋਂਦਾ ਤਾਂ ਨਾ ਹੀ ਉਸਨੂੰ ਆਪਣੇ ਪੁੱਤ ਦੀ ਕੈਦ ਵਿਚ ਰਹਿਣਾ ਪੈਂਦਾ ਤੇ ਨਾ ਹੀ ਕਾਲੇ ਤਾਜ ਮਹੱਲ ਨੂੰ ਬਣਾਉਣ ਦਾ ਉਹਦਾ ਸੁਪਨਾ ਅਧੂਰਾ ਰਹਿੰਦਾ।
ਖੈਰ 4-5 ਸਾਲ ਮੈਂ ਰੱਜ ਕੇ ਬੇਪਰਵਾਹ ਪੀਤੀ।ਸ਼ਰਾਬ ਮੇਰੀ ਅਡੀਕਸ਼ਨ ਬਣ ਗਈ। ਮੈਂ ਸ਼ਰਾਬ 'ਤੇ ਨਿਰਭਰ ਰਹਿਣ ਲੱਗਾ। ਕੁਰਸੀਆਂ, ਰੁਤਬੇ, ਪ੍ਰਸੰਸਕ ਸਭ ਕੁਝ ਖੁਸ ਗਏ ਤਾਂ ਲੋਕਾਂ ਦਾ ਇਕ ਪਾਸੇ, ਮੇਰੇ ਆਪਣੇ ਖੂਨ ਦੇ ਰਿਸ਼ਤਿਆਂ ਦਾ ਮੇਰੇ ਪ੍ਰਤੀ ਰਵਈਆਂ ਬਦਲ ਗਿਆ।ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਉਹ ਛੱਡ ਕੇ ਮੈਦਾਨ ਭੱਜ ਗਏ।
ਕਾਲਜ਼ ਦੇ ਜ਼ਮਾਨੇ ਵਿਚ ਇਕ ਕਹਾਣੀ ਅਧੂਰੀ ਰਹਿ ਗਈ ਸੀ ਤੇ ਉਦੋਂ ਉਸਦਾ ਕਲਾਈਮੈਕਸ ਨਹੀਂ ਸੀ ਸੁਝਦਾ। ਜਿਵੇਂ ਇਕ ਸ਼ਾਇਰ ਨੇ ਕਿਹਾ ਹੈ, 'ਜਿਸ ਅਫਸਾਨੇ ਕੋ ਆਰੂਜ਼ ਪੇ ਲਾਨਾ ਹੋ ਮੁਸ਼ਕਿਲ, ਉਸੇ ਖੂਬਸੂਰਤ ਮੋੜ੍ਹ ਦੇ ਕਰ ਛੋੜ੍ਹ ਦੇਣਾ ਅੱਛਾ ਹੈ।' ਬਸ ਕੁਝ ਇਸੇ ਤਰ੍ਹਾਂ ਖੂਬਸੂਰਤ ਮੋੜ੍ਹ ਦੇ ਕੇ ਛੱਡੀ ਉਸ ਕਹਾਣੀ ਦਾ ਅੰਤ ਲਿਖਣ ਲਈ ਇਕੱਲਪੁਣੇ ਦੇ ਜੰਗਲ ਵਿਚ ਭਟਕਦਿਆਂ ਉਸ ਜ਼ਖਮ ਨੂੰ ਉਚੇੜ ਬੈਠਾ ਤੇ ਪੁਰਾਣੇ ਦਰਦ ਨੂੰ ਜਗਾਉਣ ਬਾਰੇ ਸੋਚਕੇ ਫੋਨ ਕੀਤਾ। ਜੀਹਨੇ ਕਦੇ ਕਿਹਾ ਕਰਨਾ, 'ਹਾਕ ਮਾਰੀ ਮਿੱਤਰਾਂ ਨੇ ਮੈਂ ਪੈਰ ਜੁੱਤੀ ਨਾ ਪਾਵਾਂ।' ਤਾਂ ਅੱਗੋਂ ਉਹਦੇ ਫੋਨ ਚੁੱਕਣ 'ਤੇ ਉਹਦੀ ਪਿੱਠਵਰਤੀ ਅਵਾਜ਼ ਆਈ, "ਕਹਿ ਦਿਉ ਮੈਂ ਹੈਨੀ।" ਇਹ ਸੁਣਦਿਆਂ ਮੇਰਾ ਸੀਤਾ ਵਾਂਗੂ ਧਰਤੀ ਵਿਚ ਵੜਣ ਨੂੰ ਚਿੱਤ ਕਰੇ। ਅੱਗੋਂ ਮੈਂ ਪਤਾ ਨਹੀਂ ਕਿਹੜਾ ਹੱਕ ਜਤਾਉਂਦਿਆਂ ਕਿਹਾ, "I jus wanna talk to her."
"ਕਿਹੈ ਨਾ ਭਾਈ ਉਹਨੇ ਤੇਰੇ ਨਾਲ ਗੱਲ ਨਹੀਂ ਕਰਨੀ।ਉਹਨੂੰ ਤੇਰੀ ਲੋੜ੍ਹ ਉਦੋਂ ਸੀ ਜਦੋਂ ਤੂੰ ਹੀਰੋ ਸੀ, ਹੁਣ ਤੂੰ ਜ਼ੀਰੋ ਹੈਂ। ਹੁਣ ਉਸ Her ਨੂੰ ਭੁੱਲ ਜਾ।"
ਨਿੰਮੋਝੂਣਾ ਜਿਹਾ ਹੋ ਕੇ ਮੈਂ ਸੋਚਿਆ ਹਾਂ ਯਾਰ ਗੱਲ ਤਾਂ ਸਹੀ ਹੈ। Hero ਦੀ H_E_R ਨੂੰ ਹਟਾ ਦੇਈਏ ਤਾਂ ਵਾਕਈ ਪਿੱਛੇ O (ਜ਼ੀਰੋ) ਰਹਿ ਜਾਂਦੀ ਹੈ। ਇਕੱਲੀਆਂ ਸਿਫਰਾਂ ਜਿੰਨੀਆਂ ਮਰਜ਼ੀ ਇਕੱਠੀਆਂ ਹੋ ਜਾਣ ਉਨਾ ਚਿਰ ਉਹਨਾਂ ਦਾ ਕੋਈ ਅਸਤਿਤਵ ਨਹੀਂ ਹੁੰਦਾ, ਜਿੰਨੀ ਦੇਰ ਉਹਦੇ ਨਾਲ ਮਹੱਤਵਪੂਰਨ ਏਕਾ ਨਾ ਲੱਗਿਆ ਹੋਵੇ। ਕਲਾ ਦਾ ਉਹ ਏਕਾ ਮੈਂ ਆਪਣੇ ਨਾਲੋਂ ਲਾਹੀ ਬੈਠਾ ਸੀ।ਇਸ ਸਮੇਂ ਮੈਂ ਆਪਣੀ ਕੈਫੀਅਤ ਉੱਤੇ ਇਕ ਗੀਤ ਲਿਖਿਆ ਸੀ, 'ਭੀੜ ਪਈ ਤੇ ਯਾਦ ਕਰੇ ਤਾਂ ਭੁੱਲਗੇ ਉਹ ਪਿਆਰਾਂ ਨੂੰ। ਚਲੋ ਹੋਰ ਨਹੀਂ ਤਾਂ ਏਸ ਬਹਾਨੇ ਪਰਖ ਲਿਆ ਏ ਯਾਰਾਂ ਨੂੰ।' ਗੀਤ ਦਾ ਇਕ ਇਕ ਸ਼ਬਦ ਮੈਂ ਜਾਤੀ ਤਜਰਬੇ ਵਿਚ ਗੁੰਨ੍ਹ ਕੇ ਆਪਣੇ ਲਹੂ ਨਾਲ ਲਿਖਿਆ। ਅੰਗਰੇਜ਼ ਅਲੀ ਨੇ ਜਦੋਂ ਇਹ ਰਿਕਾਰਡ ਕਰਵਾਇਆ ਤਾਂ ਰਿਕਾਰਡਿੰਗ ਰੋਕ ਕੇ ਮੈਂ ਸਟੂਡੀਉ ਤੋਂ ਬਾਹਰ ਜਾ ਕੇ ਦੋ ਤਿੰਨ ਵਾਰ ਰੱਜ ਕੇ ਰੋ ਕੇ ਆਇਆ।
ਇਕ ਦੋਸਤ ਨਾਲ ਉਸਦੇ ਕਿਸੇ ਕੰਮ ਸਕਾਟਲੈਂਡ ਨੂੰ ਜਾਣਾ ਸੀ। ਮੈਂ ਉਸਨੂੰ ਤੀਹ ਪੌਂਡ ਦੇ ਕੇ ਸ਼ਰਾਬ ਲੈਣ ਭੇਜ ਦਿੱਤਾ। ਉਹ ਬੋਤਲ ਲੈ ਆਇਆ ਤਾਂ ਮੈਂ ਲਿਫਾਫਾ ਟੋਹਦਿਆਂ ਉਸਨੂੰ ਕਿਹਾ, "ਆਪਣਾ ਲੰਮਾ ਸਫਰ ਹੈ ਇਹ ਕੀ ਇਕ ਬੋਤਲ?"
"ਬਾਈ ਕੱਢ ਕੇ ਦੇਖ ਲੀਟਰ ਦੀ ਬੋਤਲ ਹੈ।"
"ਫੇਰ ਕੀ ਹੋਇਐ ਲੀਟਰ ਦੀ ਹੈ, ਪੀਣ ਵਾਲਾ ਵੀ ਇਧਰ ਬਲਰਾਜ ਸਿੱਧੂ ਹੈ। ਪੰਜਾਬੀ ਦੇ ਲੇਖਕ ਡਰੰਮ ਹੁੰਦੇ ਆ।"
ਗੱਡੀ ਜਦੋਂ ਮੋਟਰਵੇਅ 'ਤੇ ਪੈ ਗਈ ਤਾਂ ਉਸਨੂੰ ਯਾਦ ਆਇਆ ਕਿ ਉਹ ਸ਼ਰਾਬ ਵਿਚ ਪਾਉਣ ਲਈ ਕੋਕ ਜਾਂ ਪਾਣੀ ਤਾਂ ਲੈ ਕੇ ਹੀ ਨਹੀਂ ਆਇਆ। ਮੈਂ ਉਸਨੂੰ ਦੱਸਿਆ ਕਿ ਪਾਣੀ ਤਾਂ ਬੇਵਫਾ ਮਾਸ਼ੂਕ ਵਰਗਾ ਹੁੰਦੈ, ਜਿਸ ਰੰਗ ਵਿਚ ਪਾ ਲਉ ਉਹੋ ਜਿਹਾ ਹੋ ਜਾਂਦਾ ਹੈ।ਮੈਂ ਡੱਟ ਮਰੋੜਿਆ ਤੇ ਬੋਤਲ ਮੂੰਹ ਨੂੰ ਲਾ ਲਿੱਤੀ। ਕਾਰ ਸਟੀਰੀਓ 'ਤੇ ਚਮਕੀਲੇ ਦਾ ਕੁਦਰਤੀ ਢੁਕਵਾਂ ਗਾਣਾ ਚੱਲ ਰਿਹਾ ਸੀ, "ਸੁੱਕੀ ਨੂੰ ਲਾਉਂਦੇ ਰਗੜਾ, ਪਾਉਂਦੇ ਨਾ ਪਾਣੀ ਨੀ। ਦਾਰੂ ਤਾਂ ਨਾਲ ਜੱਟ ਦੇ ਕਬਰਾਂ ਤੱਕ ਜਾਣੀ ਨੀ।"
ਗਲਾਸਗੋ ਤੋਂ ਅਸੀਂ ਅਜੇ 25 ਮੀਲ ਦੂਰ ਸੀ। ਮੈਂ ਖਾਲੀ ਬੋਤਲ ਆਪਣੇ ਦੋਸਤ ਨੂੰ ਦਿਖਾਉਂਦਿਆਂ ਪੁੱਛਿਆ, "ਦੇਖ ਤਾਂ ਕੋਈ ਇਕ ਅੱਧਾ ਤੁਪਕਾ ਬਚ ਤਾਂ ਨਹੀਂ ਗਿਆ?"
ਇਹ ਦੇਖ ਕੇ ਉਹ ਹੈਰਾਨ ਰਹਿ ਗਿਆ ਤੇ ਉਸਨੇ ਕਈਆਂ ਨੂੰ ਇਸ ਬਾਰੇ ਦੱਸਿਆ। ਹਰੇਕ ਹੀ ਮੈਨੂੰ ਪੁੱਛ ਲਿਆ ਕਰੇ, "ਸੁਣਿਐ ਯਾਰ ਤੂੰ ਬੋਤਲ ਪੀ ਜਾਂਨੈ? ਯਕੀਨ ਨਹੀਂ ਆਉਂਦਾ।"
"ਪਿਲਾ ਕੇ ਦੇਖ ਲਉ ਫੇਰ।" ਮੈਂ ਅੱਗੋਂ ਜੁਆਬ ਦਿੰਦਾ ਤਾਂ ਅਗਲਾ ਝੱਟ ਬੋਤਲ ਲੈ ਆਉਂਦਾ। ਮੈਂ ਫੁਕਰਪੁਣੇ ਵਿਚ ਪੀ ਕੇ ਦਿਖਾ ਦਿੰਦਾ। ਇਉਂ ਹੀ ਮੇਰੇ ਘਰ ਦੇ ਨਜ਼ਦੀਕ ਵਿਕਟੋਰੀਆ ਪੋਸਟ ਆਫਿਸ ਵਿਚ ਬਣੀ ਦੁਕਾਨ 'ਤੇ ਮੈਂ ਕੁਝ ਲੈਣ ਗਿਆ ਤਾਂ ਦੁਕਾਨ ਵਾਲੇ ਨੂੰ ਉਥੇ ਖੜ੍ਹੇ ਮੇਰੇ ਇਕ ਵਾਕਿਫ ਮੁੰਡੇ ਨੇ ਦੱਸਿਆ ਕਿ ਮੈਂ ਇਕ ਘੰਟੇ ਵਿਚ 9% ਵਾਲੇ ਸੁਪਰਟੈਨਟ ਦੇ ਚਾਰ ਡੱਬੇ ਪੀ ਜਾਂਦਾ ਹਾਂ। ਦੁਕਾਨ ਵਾਲੇ ਨੂੰ ਅਚੰਭਾ ਜਿਹਾ ਲੱਗਾ। ਉਹ ਮੈਨੂੰ ਕਹਿੰਦਾ ਪੀ ਕੇ ਦਿਖਾ। ਪਰ ਸ਼ਰਤ ਇਹ ਹੈ ਕਿ ਡੱਬਾ ਇਕ ਵਾਰ ਮੂੰਹ ਨੂੰ ਲਾ ਕੇ ਖਾਲੀ ਹੋਏ ਬਿਨਾ ਨਹੀਂ ਮੂੰਹ ਨਾਲੋਂ ਲਾਉਣਾ। ਮੈਂ ਸ਼ਰਤ ਮੰਨਦਿਆਂ ਕਿਹਾ ਕਿ ਉਹ ਮੈਨੂੰ ਰੋਕੇਗਾ ਨਹੀਂ ਮੈਂ ਜਿੰਨੇ ਮਰਜ਼ੀ ਡੱਬੇ ਪੀਵਾਂ ਤੇ ਜੇ ਰੋਕਿਆ ਫੇਰ ਮੈਂ ਆਪਣੀ ਮਰਜ਼ੀ ਦੀ ਬੋਤਲ ਮੁਫਤ ਲਵਾਂਗਾ। ਮੈਂ ਸ਼ਰਤ ਮੁਤਾਬਕ ਡੱਬਾ ਖਾਲੀ ਕਰਕੇ ਉਹਦੇ ਵੱਲ ਚਲਾ ਕੇ ਮਾਰਦਾ ਗਿਆ। ਜਦੋਂ ਪੰਜਵਾਂ ਡੱਬਾ ਖਾਲੀ ਕਰਕੇ ਮੈਂ ਛੇਵੇਂ ਨੂੰ ਹੱਥ ਪਾਇਆ ਤਾਂ ਕੋਲ ਖੜ੍ਹੀ ਉਹਦੀ ਘਰਵਾਲੀ ਪਿੱਟਣ ਲੱਗ ਪਈ, "ਤੁਸੀਂ ਤਾਂ ਦੁਕਾਨ ਲੁਟਾਅ ਕੇ ਛੱਡੋਂਗੇ।"
ਵਿਚਾਰਾ ਉਹ ਮੈਨੂੰ ਰੋਕਣ ਲਈ ਮਜ਼ਬੂਰ ਹੋ ਗਿਆ ਤੇ ਮੈਂ ਉਸ ਤੋਂ ਮਾਰਟਲ ਬਰਾਂਡੀ ਦੀ ਬੋਤਲ ਲੈ ਆਇਆ।
ਪਹਿਲਾਂ ਮੇਰਾ ਵੱਡਾ ਮਾਮਾ ਤੇ ਫਿਰ ਛੋਟਾ ਭਰ ਜਵਾਨੀ ਵਿਚ ਜ਼ਿਆਦਾ ਸ਼ਰਾਬ ਪੀਣ ਨਾਲ ਮਰ ਚੁੱਕੇ ਸਨ।ਛੋਟੇ ਮਾਮੇ ਦੇ ਸੰਸਕਾਰ ਵਾਲੇ ਦਿਨ ਤੜਕੇ ਤੋਂ ਹੀ ਮੈਂ ਬੋਤਲ ਨੂੰ ਮੂੰਹ ਲਾ ਲਿਆ। ਸ਼ਮਸ਼ਾਨਘਾਟ ਜਾਣ ਤੱਕ ਮੈਂ ਪੌਣੀ ਬੋਤਲ ਪੀ ਚੁੱਕਾ ਸੀ। ਮਾਮੇ ਦੀ ਅਰਥੀ ਨੂੰ ਮੋਢਾ ਦਿੱਤਿਆਂ ਮਸਾਂ ਦਸ ਮਿੰਟ ਵੀ ਨਹੀਂ ਸੀ ਹੋਏ ਤੇ ਮੈਂ ਗੱਡੀ ਵਿਚ ਪਈ ਬਚਦੀ ਬੋਤਲ ਮੂੰਹ ਨੂੰ ਲਾ ਕੇ ਖਾਲੀ ਕੀਤੀ ਤੇ ਵਗਾਹ ਕੇ ਦੂਰ ਝਾੜੀਆਂ ਵਿਚ ਮਾਰੀ।
ਅਖਬਾਰਾਂ ਵਿਚ ਕੰਮ ਕਰਦਿਆਂ ਤੁਸੀਂ ਐਨੀਆਂ ਖਬਰਾਂ ਲਾਉਂਦੇ ਹੋ ਕਿ ਖੁਦ ਤੁਹਾਨੂੰ ਵੀ ਪਤਾ ਨਹੀਂ ਹੁੰਦਾ ਹੈ ਕਿ ਕਦੋਂ ਤੁਸੀਂ ਕਿਹੜੀ ਖਬਰ ਲਾਈ ਹੈ। ਜਿਵੇਂ ਦੋ ਘੁਲਦੇ ਪਹਿਲਵਾਨਾਂ ਵਿਚੋਂ ਇਕ ਨੇ ਢਹਿਣਾ ਹੁੰਦਾ ਹੈ, ਇਵੇਂ ਤੁਹਾਡੇ ਦੁਆਰਾ ਲਾਈ ਗਈ ਖਬਰ ਕਿਸੇ ਦੇ ਹੱਕ ਤੇ ਕਿਸੇ ਦੇ ਖਿਲਾਫ ਹੁੰਦੀ ਹੈ।ਪੰਜਾਬੀ ਦੀ ਗੰਦਲੀ ਪੱਤਰਕਾਰੀ ਵਿਚ ਪੰਜਾਬ ਕੇਸਰੀ ਦੇ ਲਾਲਾ ਜਗਤ ਨਰਾਇਣ, ਇੰਡੋ ਕਨੇਡੀਅਨ ਦੇ ਤਾਰਾ ਸਿੰਘ ਹੇਅਰ ਤੇ ਦੇਸ ਪ੍ਰਦੇਸ ਦੇ ਤਰਸੇਮ ਪੁਰੇਵਾਲ ਨੂੰ ਆਪਣੀਆਂ ਜਾਨਾਂ ਤੋਂ ਵੀ ਹੱਥ ਧੋਹਣੇ ਪਏ ਹਨ। ਇਉਂ ਹੀ ਅਸੀਂ ਇਕ ਖਬਰ ਛਾਪੀ ਜੋ ਸਾਡੇ ਭਰੋਸੇਯੋਗ ਸੂਤਰਾਂ ਮੁਤਾਬਕ ਸਹੀ ਸੀ। ਉਸ ਦਾ ਸੰਬਧਤ ਵਿਅਕਤੀਆਂ ਨੂੰ ਸੇਕ ਲੱਗਾ ਤੇ ਉਹਨਾਂ ਨੇ ਮੈਨੂੰ ਧੋਖੇ ਨਾਲ ਸਥਾਨਕ ਟੈਸਕੋ ਦੀ ਕਾਰਪਾਰਕ ਵਿਚ ਬੁਲਾ ਲਿਆ। ਮੌਕੇ 'ਤੇ ਪਹੁੰਚ ਕੇ ਮੈਨੂੰ ਸਾਰਾ ਮਾਮਲਾ ਪਤਾ ਲੱਗਾ ਕਿ ਉਹ ਮੈਨੂੰ ਕੁੱਟਣ ਲਈ ਤਿਆਰੀ ਕਰ ਕੇ ਆਏ ਹਨ।ਉੁਹ ਪੰਜ ਜਣੇ ਤੇ ਮੈਂ ਇਕੱਲਾ ਸੀ। ਇਸ ਸਮੇਂ 'ਤੇ ਚਾਣਕੀਯ ਨੀਤੀ ਤਾਂ ਇਹੀ ਕਹਿੰਦੀ ਸੀ ਕਿ ਭੱਜਣ ਵਿਚ ਫਾਇਦਾ ਹੈ, ਪਰ ਦੋ ਤਿੰਨ ਪੱਬ ਵਿਚ ਬੀਅਰ ਦੇ ਪਾਇੰਟ ਲੱਗੇ ਹੋਣ ਕਰਕੇ ਮੇਰੇ ਵਿਚ ਜੱਟਵਾਦ ਆ ਗਿਆ।ਮੈਂ ਉਹਨਾਂ ਨੂੰ ਗੱਲਾਂ ਵਿਚ ਉਲਝਾ ਕੇ ਸਮਝਾਉਣਾ ਚਾਹੀਆ ਕਿ ਖਬਰ ਸਹੀ ਹੈ ਬਾਕੀ ਦੀਆਂ ਪੰਜਾਬੀ ਅਖਬਾਰਾਂ ਤੋਂ ਇਲਾਵਾ ਸਾਰੇ ਅੰਗਰੇਜ਼ੀ ਦੇ ਅਖਬਾਰਾਂ ਨੇ ਵੀ ਛਾਪੀ ਹੈ। ਫੇਰ ਮੈਨੂੰ ਹੀ ਕਿਉਂ  'ਸੋਧਾ ਅਭਿਯਾਨ' ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਉਹਨਾਂ ਦਾ ਸਪਸ਼ਟੀਕਰਨ ਸੀ ਕਿ ਹੋਰ ਅਖਬਾਰਾਂ ਵਿਚ ਖਬਰ ਕਿਸੇ ਨੇ ਪੜ੍ਹੀ, ਕਿਸੇ ਨੇ ਨਹੀਂ ਪੜ੍ਹੀ। ਪਰ ਤੇਰੀ ਲਿਖੀ ਹੋਈ ਪੜ੍ਹ ਕੇ ਲੋਕਾਂ ਨੇ ਫੋਨ ਕਰਕੇ ਸਾਨੂੰ ਦੱਸਿਆ ਕਿ ਬਲਰਾਜ ਸਿੱਧੂ ਨੇ ਦੇਖੋ ਤੁਹਾਡੇ ਖਿਲਾਫ ਕੀ ਲਿਖਿਆ ਹੈ। ਤੇਰੇ ਨਾਲ ਲੋਕ ਜੁੜੇ ਹੋਏ ਨੇ ਤੇ ਤੈਨੂੰ ਉਚੇਚਾ  ਪੜ੍ਹਦੇ ਹਨ। ਵੀਕਐਂਡ ਹੋਣ ਕਰਕੇ ਕਾਰ ਪਾਰਕ ਮਸਰੂਫ ਸੀ ਤੇ ਮੇਰਾ ਭੱਜਣਾ ਸੰਭਵ ਨਹੀਂ ਸੀ।ਮੈਂ ਤਾਂ ਭੱਜ ਜਾਂਦਾ, ਪਰ ਉਹਨਾਂ ਨੇ ਮੇਰੀ ਨਵੀਂ ਵੈਕਟਰਾ ਗੱਡੀ ਭੰਨ੍ਹ ਦੇਣੀ ਸੀ। ਮੈਂ ਪੰਜਾਬ ਪੁਲਿਸ ਦੇ ਸਾਬਕਾ ਡੀ. ਜੀ. ਪੀ. ਕੰਵਰਪਾਲ ਸਿੰਘ ਗਿੱਲ ਵਾਂਗੂ ਮੌਕੇ 'ਤੇ ਨਿਰਣਾ ਲਿਆ ਤੇ ਆਪਣਾ ਅਗਲਾ ਪੈਂਤਰਾ ਚੱਲਦਿਆਂ ਕਿਹਾ ਕਿ ਮੈਂ ਇਸ ਖਬਰ ਦੇ ਸਹੀ ਹੋਣ ਦੇ ਬਾਵਜੂਦ ਵੀ ਮਾਫੀ ਮੰਗ ਕੇ ਸਾਬਿਤ ਕਰ ਦੇਵਾਂਗਾ ਕਿ ਇਹ ਖਬਰ ਮੇਰੇ ਕੋਲੋਂ ਗਲਤ ਛਾਪ ਹੋ ਗਈ। ਇਹ ਸੁਣ ਕੇ ਦੋ ਕੁ ਤਾਂ ਢਹਿਲੇ ਪੈ ਗਏ। ਪਰ ਉਹਨਾਂ ਵਿਚੋਂ ਇਕ ਜ਼ਿਆਦਾ ਗਰਮ ਸੀ। ਉਹ ਆਪਣੀ ਕਾਰ ਵਿਚੋਂ ਲੋਹੇ ਦੀ ਰੌਡ ਚੁੱਕ ਲਿਆਇਆ ਤੇ ਮੈਨੂੰ ਕਹਿਣ ਲੱਗਾ, "ਮਾਫੀ ਮੂਫੀ ਨ੍ਹੀਂ ਅਸੀਂ ਤਾਂ ਤੈਨੂੰ ਕੁੱਟਣ ਆਏ ਹਾਂ ਤੇ ਫੈਂਟਾ ਚਾੜ੍ਹ ਕੇ ਵਾਪਿਸ ਜਾਣਾ ਹੈ।"
ਉਹਦੀ ਵਚਨਬੰਧਤਾ ਦੇਖ ਕੇ ਮੈਨੂੰ ਚੰਦੜਾਂ ਹੱਥੋਂ ਵੱਢਿਆ ਜਾਂਦਾ ਮਿਰਜ਼ਾ ਦਿਖਾਈ ਦੇਣ ਲੱਗ ਪਿਆ। ਨਾਲ ਹੀ ਮੈਨੂੰ ਅਗਲੇ ਪੰਜਾਬੀ ਸਮਕਾਲੀ ਅਖਬਾਰਾਂ ਦੇ ਫਰੰਟਪੇਜ਼ ਭੰਬੂ ਤਾਰਿਆਂ ਦੇ ਰੂਪ ਵਿਚ ਦਿਖਾਈ ਦੇਣ ਲੱਗੇ, ਜਿਨ੍ਹਾਂ ਵਿਚ ਮੇਰੀ ਹੋਈ ਸਰਵਿਸ ਦੀਆਂ ਖਬਰਾਂ ਚਾਰ ਕਾਲਮਾਂ ਵਿਚ ਛਪਣੀਆਂ ਸਨ।ਮੇਰੀਆਂ ਦਲੀਲਾਂ ਦੀ ਪਾਣੀ ਵਿਚ ਮਧਾਣੀ ਪਾਉਣ ਤੋਂ ਖਿਝ ਕੇ ਉਹ ਕਹਿਣ ਲੱਗੇ ਕਿ ਕੋਈ ਸਫਾਈ ਨਹੀਂ ਸੁਣਨੀ ਬਸ ਤੈਨੂੰ ਕੁੱਟਣਾ ਹੈ। ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਕੁੱਟ ਲਉ, ਪਰ ਪਹਿਲਾਂ ਮੈਨੂੰ ਕੁੱਟ ਖਾਣ ਜੋਗਾ ਹੋ ਲੈਣ ਦਿਉ। ਮੈਂ ਆਪਣੀ ਕਾਰ ਦਾ ਬੂਟ ਖੋਲ੍ਹਿਆ ਤੇ ਗਿਲਾਸ ਵਿਚ ਸਮੀਰਨ ਔਫ  ਵੌਡਕੇ ਦਾ ਪੈਗ ਭਰ ਕੇ ਉਹਨਾਂ ਨੂੰ ਔਫਰ ਕੀਤਾ। ਚਾਰ ਜਣਿਆਂ ਨੇ ਜੁਆਬ ਦੇ ਦਿੱਤਾ ਤੇ ਇਕ ਨੇ ਫੜ੍ਹ ਲਿਆ। ਮੈਨੂੰ ਹੌਂਸਲਾ ਹੋ ਗਿਆ ਕਿ ਮੈਂ ਅੱਧੀ ਲੜਾਈ ਜਿੱਤ ਗਿਆ ਹਾਂ। ਫੇਰ ਮੈਂ ਆਪਣੇ ਆਪ ਨੂੰ ਇਕ ਪੈਗ ਪਾਇਆ ਤੇ ਉਹਨਾਂ ਦੇ ਸਾਥੀ ਨਾਲ ਟਕਰਾ ਕੇ ਖਿੱਚ ਲਿਆ। ਪੈਂਦੀ ਸੱਟੇ ਮੈਂ ਦੁਬਾਰਾ ਫੇਰ ਗਿਲਾਸ ਭਰ ਲਏ ਤੇ ਆਪਣਾ ਗਿਲਾਸ ਉਹਨਾਂ ਵਿਚੋਂ ਇਕ ਹੋਰ ਵੱਲ ਕਰ ਦਿੱਤਾ। ਉਹਨੇ ਵੀ ਜਕਦੇ-ਜਕਦੇ ਨੇ ਫੜ੍ਹ ਲਿਆ। ਮੈਂ ਉਹਨਾਂ ਨੂੰ ਚੁਟਕਲਾ ਸੁਣਾਉਣ ਲੱਗ ਪਿਆ।
"ਇਕ ਵਾਰ ਇਕ ਸ਼ਰਾਬੀ ਪੱਬ ਵਿਚ ਜਾਂਦਾ ਹੈ ਤੇ ਬਾਰਟੈਂਡਰ ਨੂੰ ਕਹਿੰਦਾ ਹੈ। ਸਾਰੇ ਗਾਹਕਾਂ ਤੇ ਆਪਣੇ ਆਪ ਲਈ ਗਿਲਾਸ ਭਰ ਮੇਰੇ ਵੱਲੋਂ। ਬਾਰਟੈਂਡਰ ਭਰ ਦਿੰਦਾ ਹੈ ਤੇ ਸ਼ਰਾਬੀ ਕੋਲੋਂ ਪੈਸੇ ਮੰਗਦਾ ਹੈ ਤਾਂ ਸ਼ਰਾਬੀ ਕਹਿੰਦਾ ਹੈ ਪੈਸਾ ਤਾਂ ਮੇਰੇ ਕੋਲ ਕੋਈ ਹੈ ਨਹੀਂ। ਬਾਰਟੈਂਡਰ ਉਸਨੂੰ ਕੁੱਟ ਕੇ ਬਾਹਰ ਸਿੱਟ ਦਿੰਦਾ ਹੈ। ਅਗਲੇ ਦਿਨ ਫੇਰ ਉਹੀ ਸ਼ਰਾਬੀ ਆ ਕੇ ਉਸੇ ਬਾਰਟੈਂਡਰ ਨੂੰ ਹੁਕਮ ਦਿੰਦਾ ਹੈ ਕਿ ਸਾਰੇ ਹਾਜ਼ਰ ਗਾਹਕ, ਮੈਨੂੰ ਤੇ ਆਪਣੇ ਲਈ ਗਿਲਾਸ ਭਰ। ਬਾਰਟੈਂਡਰ ਸੋਚਦਾ ਹੈ ਕਿ ਕੱਲ੍ਹ ਤਾਂ ਇਹ ਜ਼ਿਆਦਾ ਸ਼ਰਾਬੀ ਸੀ ਤੇ ਇਸ ਕੋਲ ਪੈਸੇ ਨਹੀਂ ਸਨ। ਅੱਜ ਸੋਫੀ ਲਗਦਾ ਹੈ। ਉਹ ਫੇਰ ਸਭ ਨੂੰ ਸ਼ਰਾਬ ਦੇ ਕੇ ਸ਼ਰਾਬੀ ਤੋਂ ਪੈਸੇ ਮੰਗਦਾ ਹੈ ਤਾਂ ਸ਼ਰਾਬੀ ਕਹਿੰਦਾ ਹੈ ਪੈਸੇ ਤਾਂ ਮੇਰੇ ਕੋਲ ਹੈ ਨਹੀਂ। ਬਾਰਟੈਂਡਰ ਨੂੰ ਗੁੱਸਾ ਚੜ੍ਹਦਾ ਹੈ। ਉਹ ਕੁੱਟਮਾਰ ਕਰਕੇ ਸ਼ਰਾਬੀ ਨੂੰ ਪੱਬ ਵਿਚੋਂ ਬਾਹਰ ਸਿੱਟ ਦਿੰਦਾ ਹੈ। ਉਸ ਤੋਂ ਅਗਲੇ ਦਿਨ ਫੇਰ ਉਹ ਸ਼ਰਾਬੀ ਆ ਜਾਂਦਾ ਹੈ ਤੇ ਬਾਰਟੈਂਡਰ ਨੂੰ ਕਹਿੰਦਾ ਹੈ, ਮੇਰੇ ਤੇ ਸਭ ਲਈ ਗਿਲਾਸ ਭਰ ਦੇਹ। ਇਹ ਸੁਣ ਕੇ ਬਾਰਟੈਂਡਰ ਕਹਿੰਦਾ ਹੈ ਕਿ ਹੁਣ ਤੂੰ ਕਹੇਂਗਾ ਕਿ ਮੈਂ ਆਪਣੇ ਲਈ ਵੀ ਭਰ ਲਵਾਂ ਤੇ ਪੈਸੇ ਮੰਗਣ 'ਤੇ ਤੇਰੇ ਕੋਲ ਕੁਝ ਹੋਣਾ ਨਹੀਂ। ਉਸ ਨੂੰ ਟੋਕ ਕੇ ਸ਼ਰਾਬੀ ਬੋਲਦਾ ਹੈ। ਨਾ ਯਾਰ ਤੂੰ ਨਾ ਪੀਵੀਂ। ਸ਼ਰਾਬ ਪੀ ਕੇ ਤੂੰ ਵਾਇਲੈਂਟ ਹੋ ਜਾਂਦਾ ਹੈ।… ਹੁਣ ਤੁਹਾਡੇ ਚੋਂ ਜਿਹੜਾ ਵਾਇਲੈਂਟ ਹੈ ਉਹ ਨਾ ਪੀਵੇ, ਬਾਕੀ ਆਪਾਂ ਪੈਗ ਲਾਉਂਦੇ ਹਾਂ।"
ਇੰਝ ਮੈਂ ਸਭ ਨੂੰ ਪੀਣ ਲਾ ਲਿਆ। ਜਿਵੇਂ 16 ਦਸੰਬਰ 1971 ਨੂੰ ਸ਼ਾਮ ਦੇ ਚਾਰ ਵੱਜ ਕੇ ਇਕਵੱਜਾ ਮਿੰਟ 'ਤੇ ਪਾਕਿਸਤਾਨੀ ਜਰਨੈਲ ਕੇ ਨਿਆਜੀ ਨੇ ਆਪਣੀ 93,000 ਫੌਜ ਨਾਲ ਜਰਨਲ ਜਗਜੀਤ ਸਿੰਘ ਅਰੋੜਾ ਨੂੰ ਆਤਮ ਸਮਰਪਣ ਕੀਤਾ ਸੀ, ਉਵੇਂ ਮੇਰੇ ਦੁਸ਼ਮਣ ਮੇਰੇ ਮੂਹਰੇ ਹਥਿਆਰ ਸੁੱਟੀ ਖੜ੍ਹੇ ਸਨ। ਇਕ ਇਕ ਪੈਗ ਨਾਲ ਸਾਡੀ ਬੋਤਲ ਖਤਮ ਹੋ ਗਈ। ਮੈਂ ਉਹਨਾਂ ਨੂੰ ਸੁਝਾਅ ਦਿੱਤਾ ਕਿ ਆਪਾਂ ਰੈਸਟੋਰੈਂਟ ਚਲਦੇ ਹਾਂ। ਉਹਨਾਂ ਵਿਚੋਂ ਇਕ ਸ਼ੇਰ ਬਣਦਾ ਹੋਇਆ ਕਹਿੰਦਾ ਮੈਂ ਬੋਤਲ ਲੈ ਕੇ ਆਉਂਦਾ ਹਾਂ। ਬਾਈ ਕਿਹੜੀ ਪੀਣੀ ਹੈ? ਮੈਂ ਕਿਹਾ ਸ਼ਿਵਾਸ ਰੀਗਲ ਲੈ ਆ। ਉਹ ਆਪਣੇ ਇਕ ਸਾਥੀ ਨੂੰ ਲੈ ਕੇ ਤੁਰ ਪਿਆ। ਜਾਂਦੇ ਹੋਏ ਨੂੰ ਮੈਂ ਅਵਾਜ਼ ਮਾਰ ਕੇ ਕਿਹਾ ਇਕ ਨਾਲ ਕੀ ਬਣਨੈ ਦੋ ਲੈ ਆਈਂ। ਉਹ ਦੋ ਬੋਤਲਾਂ ਲੈ ਆਏ ਤੇ ਅਸੀਂ ਸੋਹੋ ਰੋਡ 'ਤੇ ਰੈਸਟੋਰੈਂਟ ਵਿਚ ਚਲੇ ਗਏ। ਰੈਸਟੋਰੇਂਟ ਵਿਚ £135.43 ਦਾ ਬਿੱਲ ਬਣ ਗਿਆ। ਬਹਿਰੇ ਨੇ ਮੈਨੂੰ ਲਿਆ ਕੇ ਬਿੱਲ ਦਿੱਤਾ। ਚੰਦੜਾਂ ਵਿਚੋਂ ਇਕ ਜਣਾ ਬੋਲਿਆ, "ਬਾਈ ਬਿੱਲ ਮੈਂ ਦਿੰਦਾ ਹਾਂ।"
ਮੈਂ ਉਹਨੂੰ ਕਿਹਾ, "ਠੀਕ ਹੈ, ਡੇਢ ਸੌ ਪੌਂਡ ਦੇ ਦੇਹ।"
ਉਹਨੇ ਆਪਣਾ ਕਰੈਡਿਟ ਕਾਰਡ ਦੇ ਦਿੱਤਾ। ਕਾਰਡ ਤੇ ਬਿੱਲ ਬਹਿਰੇ ਨੂੰ ਫੜ੍ਹਾਉਂਦਿਆਂ ਮੈਂ ਉਸਨੂੰ ਅੱਖਾਂ ਮਾਰਦਿਆਂ ਕਿਹਾ, "ਬਾਕੀ ਟਿੱਪ ਹੈ ਤੇਰੀ।"
ਰੈਸਟੋਰੈਂਟ ਵਿਚੋਂ ਬਾਹਰ ਨਿਕਲ ਕੇ ਸਭ ਦੇ ਮੂੰਹ 'ਤੇ ਇਕ ਹੀ ਡਾਇਲਾਗ ਸੀ, ਉਹ ਇਹ ਕਿ ਬਾਈ ਯਾਰ ਤੂੰ ਤਾਂ ਬਹੁਤ ਵਧੀਆ ਬੰਦਾ ਹੈਂ ਅਸੀਂ ਤੈਨੂੰ ਗਲਤ ਸਮਝਦੇ ਰਹੇ। ਤੂੰ ਤਾਂ ਕੌਮ ਦਾ ਹੀਰਾ ਹੈਂ ਹੀਰਾ। ਉਹ ਮੈਨੂੰੂ ਜੱਫੀਆਂ ਪਾਉਣ ਲੱਗੇ। ਉਹ ਦਿਨ ਗਿਆ ਤੇ ਅੱਜ ਦਾ ਆਇਆ।ਨਾ ਮੈਂ ਮਾਫੀਨਾਮਾ ਲਾਇਆ ਹੈ ਤੇ ਨਾ ਹੀ ਉਹਨਾਂ ਨੇ ਮੈਨੂੰ ਕੁੱਟਿਆ। ਅੱਜ ਵੀ ਉਹ ਮੇਰੇ ਫੈਨ ਹਨ।
ਇਕ ਵਾਰ ਇਕ ਖਾੜਕੂ ਜਥੇਬੰਦੀ ਦੇ ਲੀਡਰ ਨੇ ਮੈਨੂੰ ਗੁਰਦੁਆਰੇ ਵਿਚ ਪਾਸੇ ਲਿਜਾ ਕੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਮੈਂ ਉਹਨਾਂ ਦੀ ਵਿਰੋਧੀ ਪਾਰਟੀ ਖਿਲਾਫ ਇਕ ਅਖਬਾਰ ਵਿਚ ਛਾਪਣ ਲਈ ਚਿੱਠੀ ਲਿਖਾਂ। ਮੈਂ ਉਸਨੂੰ ਸਮਝਾਇਆ ਕਿ ਮੈਂ ਇਕ ਲੇਖਕ ਹਾਂ ਤੇ ਅਜਿਹੇ ਮਾਮਲਿਆਂ ਤੋਂ ਦੂਰ ਹੀ ਰਹਿਣਾ ਚਾਹੁੰਦਾ ਹਾਂ। ਉਹ ਖਹਿੜੇ ਪੈ ਗਿਆ ਤੇ ਆਖਣ ਲੱਗਾ ਤੇਰੀ ਕਲਮ ਵਿਚ ਦਮ ਹੈ। ਮੈਂ ਉਹਨੂੰ ਕਿਹਾ ਕਿ ਮੈਂ ਤਾਂ ਗਰਮ ਮਸਾਲਾ ਪਾਉਣ ਵਾਲਾ ਹਾਂ, ਧਾਰਮਿਕ ਮਸਲੇ ਮੇਰੇ ਵਸ ਦਾ ਰੋਗ ਨਹੀਂ। ਉਦੋਂ ਅਜੇ ਮੇਰੀ ਕਹਾਣੀ 'ਪ੍ਰਿਥਮ ਭਗੌਤੀ ਸਿਮਰ ਕੇ'(ਜੋ 17ਵੀਂ ਸਦੀ ਦੇ ਸਿੱਖ ਉੱਤੇ ਦਰਸਾਈ ਸੀ, ਪਰ ਅਸਲ ਵਿਚ 1980 ਵਿਚ ਪੰਜਾਬ ਅੰਦਰ ਚੱਲੀ ਖਾੜਕੂ ਲਹਿਰ ਬਾਰੇ ਸੀ) ਦਾ ਵਿਵਾਦ ਵੀ ਠੰਡਾ ਨਹੀਂ ਸੀ ਪਿਆ। ਉਸ ਕਹਾਣੀ ਦੇ ਵਿਰੋਧ ਵਿਚ ਕੁਝ ਨਾਸਮਝ ਲੋਕਾਂ ਨੇ ਚਿੱਠੀਆਂ ਅਤੇ ਲੇਖ ਛਾਪੇ ਸਨ। ਉਹਨਾਂ ਲੋਕਾਂ ਦਾ ਕਹਿਣਾ ਸੀ ਕਿ ਕਹਾਣੀ ਵਿਚ ਪੇਸ਼ ਕੀਤੀ Love making scene ਵਾਲੀ ਘਟਨਾ ਉਸ ਸਮੇਂ ਵਾਪਰ ਹੀ ਨਹੀਂ ਸਕਦੀ, ਕਿਉਂਕਿ ਉਸ ਸਮੇਂ ਸਿੱਖਾਂ ਦਾ ਆਚਰਣ ਬਹੁਤ ਉੱਚਾ ਹੁੰਦਾ ਸੀ ਤੇ ਕਾਮ ਵਰਗੀਆਂ ਅਲਾਮਤਾਂ ਲਈ ਉਹਨਾਂ ਕੋਲ ਸਮਾਂ ਹੀ ਨਹੀਂ ਸੀ। ਮੇਰੀ ਦਲੀਲ ਸੀ ਕਿ ਮੇਰੇ ਪਾਤਰ ਨਿਰਭੈਅ ਜਿਸਨੂੰ ਉਹ ਸਿੱਖ ਸਮਝਦੇ ਹਨ ਮੈਂ ਦਰਸਾਇਆ ਹੈ ਕਿ ਉਹਨ ਪੂਰਨ ਗੁਰਸਿੱਖ ਨਹੀਂ ਹੁੰਦਾ ਹੈ, ਸਿੱਖ ਤਾਂ ਉਸਦਾ ਪਿਤਾ ਭਾਗ ਸਿੰਘ ਹੁੰਦਾ ਹੈ ਜੋ ਸਜਾ ਦਿੰਦਾ ਹੈ ਤੇ ਰਿਸ਼ਤੇ ਤੋਂ ਪਹਿਲਾ ਜਿਸ ਲਈ ਧਰਮ ਹੁੰਦਾ ਹੈ।ਜਥੇਦਾਰ ਭਾਗ ਸਿੰਘ ਇਨੰਸਾਫ ਕਰਦਾ ਤੇ ਪ੍ਰਿਥਮ ਭਗੌਤ ਸਿਮਰਦਾ ਹੈ। ਦੂਜੀ ਮੇਰੀ ਦਲੀਲ ਸੀ ਕਿ ਜੇ ਵਿਆਾਹ ਵਿਚੇ ਛੱਡ ਕੇ ਆਉਣ ਵਾਲਾ ਭਾਈ ਜੋਗਾ ਡੋਲ ਸਕਦਾ ਹੈ ਤੇ ਉਸਦੇ ਆਚਰਣ ਦੀ ਰੱਖਿਆ ਲਈ ਗੁਰੂ ਗੋਬਿੰਦ ਸਿੰਘ ਨੂੰ ਪਹਿਰਾ ਦੇਣਾ ਪੈਂਦਾ ਹੈ ਤਾਂ ਕੋਈ ਸਿੱਖ ਵੀ ਡੋਲ ਸਕਦਾ ਹੈ।ਖੈਰ ਜੀ ਉਹ ਸਿੰਘ ਸਾਹਿਬ ਮੈਨੁੰ ਕਹਿਣ ਲੱਗੇ ਇਹੀ ਕਹਾਣੀ ਪੜ੍ਹ ਕੇ ਉਹ ਮੁਤਾਸਰ ਹੋਏ ਹਨ। ਉਹਨਾਂ ਨੂੰ ਮੇਰੀ ਕਮਜ਼ੋਰੀ ਪਤਾ ਸੀ ਤੇ ਮੈਨੂੰ ਆਪਣੇ ਇਕ ਮਿੱਤਰ ਦੇ ਘਰ ਲੈ ਗਏ। ਉਥੇ ਉਨ੍ਹਾਂ ਦੇ ਮਿੱਤਰ ਨੇ ਡਿੰਪਲ ਦੀ ਬੋਤਲ ਖੋਲ੍ਹ ਲਿੱਤੀ ਅਸੀਂ ਦੋਨਾਂ ਨੇ ਪੀਤੀ। ਸਿੰਘ ਸਾਹਿਬ ਜੂਸ ਦਾ ਸੇਵਨ ਕਰਦੇ ਰਹੇ। ਬੋਤਲ ਖਾਲੀ ਹੋਈ ਤੇ ਮੈਂ ਲਲਕਾਰ ਮਾਰ ਦਿੱਤਾ, "ਬੇਫਿਕਰ ਰਹੋ ਸਵੇਰ ਨੂੰ ਭੜਾਕੇ ਪਾ ਦੂੰ।" ਮੈਂ ਲੇਖ ਉਨ੍ਹਾਂ ਦੇ ਹੱਕ ਵਿਚ ਲਿਖ ਕੇ ਦੇ ਦਿੱਤਾ ਤੇ ਉਨ੍ਹਾਂ ਨੂੰ ਕਿਹਾ ਆਪਣੇ ਨਾਮ ਥੱਲੇ ਛਪਵਾ ਲੈਣ ਤੇ ਕਿਸੇ ਨੂੰ ਪਤਾ ਨਾ ਲੱਗੇ ਮੈਂ ਲਿਖਿਆ ਹੈ।ਉਨ੍ਹਾਂ ਨੇ ਇਸ਼ਤਿਆਰ ਬਣਵਾ ਕੇ ਆਪਣੇ ਵੱਲੋਂ ਸਾਰੇ ਅਖਬਾਰਾਂ ਵਿਚ ਛਪਵਾ ਲਿਆ। ਖਾਦੀ-ਪੀਤੀ ਵਿਚ ਸ਼ਬਦਾਵਲੀ ਕਾਫੀ ਤੱਤ ਖਿਆਲੀ ਲਿਖੀ ਗਈ ਸੀ। ਦੂਜੀ ਧਿਰ ਦੀ ਬਿਲਕੁਲ ਫੱਟੀ ਪੋਚੀ ਗਈ ਸੀ। ਘਰੇਲੂ ਜਿਹਾ ਸਮਾਗਮ ਕਰਕੇ ਉਨ੍ਹਾਂ ਵੱਲੋਂ ਗੁਪਤ ਰਾਸ਼ੀ ਨਾਲ ਮੈਨੂੰ ਸਨਮਾਨਿਤ ਵੀ ਕੀਤਾ ਗਿਆ।ਕੁਝ ਅਰਸਾ ਇਹ ਕੰਮ ਚਲਦਾ ਰਿਹਾ। ਫਿਰ ਇਕ ਦਿਨ ਦੂਜੀ  ਐਂਟੀ ਪਾਰਟੀ ਵਾਲੇ ਮੇਰੇ ਘਰੇ ਆ ਗਏ ਉਹ ਪਹਿਲੀ ਪਾਰਟੀ ਦੇ ਖਿਲਾਫ ਮੈਥੋਂ ਲਿਖਵਾਉਣਾ ਚਾਹੁੰਦੇ ਸਨ।ਮੇਰੇ ਮੂਹਰੇ ਮੇਰਾ ਹੀ ਲਿਖਿਆ ਲੇਖ ਪਿਆ ਸੀ ਜਿਸਦੇ ਵਿਰੋਧ ਵਿਚ ਮੈਂ ਲ਼ਿਖਣਾ ਸੀ।ਮੈਨੂੰ ਮਹਾਭਾਰਤ ਦਾ ਯੁੱਧ ਚੇਤੇ ਆ ਗਿਆ। ਮਹਾਭਾਰਤ ਤੋਂ ਪਹਿਲਾਂ ਕੌਰਵ ਪਾਂਡਵ ਦੋਨੋਂ ਕ੍ਰਿਸ਼ਨ ਕੋਲ ਮਦਦ ਲਈ ਜਾਂਦੇ ਹਨ। ਕ੍ਰਿਸ਼ਨ ਉਨ੍ਹਾਂ ਨੂੰ ਕਹਿੰਦਾ ਹੈ ਇਕ ਪਾਸੇ ਮੇਰੀ ਸਾਰੀ ਸੈਨਾ ਤੇ ਦੂਜੇ ਪਾਸੇ ਮੈਂ ਇਕੱਲਾ, ਤੁਸੀਂ ਜਿਸ ਨੂੰ ਚੁਣਨਾ ਹੈ ਚੁਣ ਲਵੋ। ਨਾ ਮੈਂ ਕ੍ਰਿਸ਼ਨ ਸੀ ਨਾ ਮੇਰੇ ਕੋਲ ਦੂਜੀ ਚੋਣ ਸੀ। ਉਸ ਸਮੇਂ ਬਹਾਨਾ ਮਾਰ ਕੇ ਉਨ੍ਹਾਂ ਨੂੰ ਮਗਰੋਂ ਲਾਹੁਣ ਸਿਵਾਏ ਕੋਈ ਹੋਰ ਚਾਰਾ ਨਹੀਂ ਸੀ। ਬਾਅਦ ਵਿਚ ਜਾ ਕੇ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਉਹ ਫੈਸਲਾ ਕਿੰਨਾ ਸਹੀ ਸੀ। ਇਸ ਪ੍ਰਕਾਰ ਕਈ ਉਦਯੋਗਪਤੀਆਂ ਅਤੇ ਅਮੀਰ ਵਿਅਕਤੀਆਂ ਬਾਰੇ ਮੈਂ ਬਿਨਾ ਆਪਣਾ ਨਾਮ ਦਿੱਤਿਆਂ ਲਿਖਿਆ ਤੇ ਆਰਥਿਕ ਅਤੇ ਹੋਰ ਲਾਭ ਪ੍ਰਾਪਤ ਕੀਤੇ।
ਸਾਬਕਾ ਡਿਪਟੀ ਕਮਿਸ਼ਨਰ ਕੁਲਬੀਰ ਸਿੱਧੂ ਇੰਗਲੈਂਡ ਆਏ ਤਾਂ ਉਹਨਾਂ ਕੋਲ ਸਮਾਂ ਸੀਮਿਤ ਸੀ। ਉਹ ਦੇਸ ਪ੍ਰਦੇਸ ਨੂੰ ਇੰਟਰਵਿਉ ਵੀ ਦੇਣਾ ਚਾਹੁੰਦੇ ਸਨ ਤੇ ਲੰਡਨ ਘੁੰਮ ਕੇ ਕੋਹੇਨੂਰ ਹੀਰਾ ਤੇ ਰਣਜੀਤ ਸਿੰਘ ਦਾ ਸਿੰਘਾਸਨ ਵੀ ਦੇਖਣਾ ਚਾਹੁੰਦੇ ਸਨ।ਦੋਨਾਂ ਵਿਚੋਂ ਇਕ ਗੱਲ ਸੰਭਵ ਸੀ। ਉਨ੍ਹਾਂ ਦੀ ਵਿਰਕ ਸਾਹਿਬ ਨਾਲ ਇਸ ਬਾਰੇ ਗੱਲ ਹੋਈ ਤਾਂ ਉਨ੍ਹਾਂ ਦੇ ਸਮੱਸਿਆ ਦੱਸਦਿਆ ਕਿਹਾ ਕਿ ਜੇ ਬਲਰਾਜ ਸਿੱਧੂ ਇੰਟਰਵਿਊ ਕਰਕੇ ਭੇਜ ਦੇਵੇ?  ਗੁਰਬਖਸ਼ ਸਿੰਘ ਵਿਰਕ ਨੇ ਕਿਹਾ ਕਿ ਹੋਰ ਕੀ ਹੋਰ ਕੀ ਚਾਹੀਦਾ ਹੈ, ਜੇ ਬਲਰਾਜ ਸਿੱਧੂ ਕਰ ਦੇਵੇ, ਉਹ ਮੇਰੇ ਨਾਲੋਂ  ਵਧੀਆ ਕਰੇਗਾ।ਪੁੱਛ ਕੇ ਦੇਖ ਲਵੋ। ਉਹ ਮੂੜੀ ਜਿਹਾ ਹੈ। ਕੁਲਬੀਰ ਸਿੱਧੂ ਨਾਲ ਉਨ੍ਹਾਂ ਦਾ ਸਾਢੂ ਕੁਲਬੀਰ ਬਰਾੜ ਸੀ। ਉਹ ਮੇਰਾ ਦੋਸਤ ਸੀ।ਉਸਨੇ ਮੈਨੂੰ ਫੋਨ ਕੀਤਾ ਮੈਂ ਕਿਹਾ ਜਿਵੇਂ ਕਹੇਂ ਕੋਕੇ ਜੜ੍ਹਦਿਆਂਗੇ।

ਮੇਰਾ ਸ਼ਰਾਬ ਪੀਣਾ ਦਿਨੋਂ-ਦਿਨ ਵਧਦਾ ਗਿਆ। ਮੈਨੂੰ ਮੇਰੇ ਡਾਕਟਰ ਨੇ ਨਸ਼ਾ ਛਡਾਊ ਸੰਸਥਾ ਐਕੁਏਰਿਅਸ ਕੋਲ ਭੇਜਿਆ। ਮੇਰੀ ਕੇਸ ਵਰਕਰ ਇਤਫਾਕਨ ਇੰਡਅਨ ਕੁੜੀ ਸੀ। ਮੇਰੇ ਸ਼ੌਂਕ ਬਾਰੇ ਪੁੱਛਣ 'ਤੇ ਮੈਂ ਆਪਣੇ ਲੇਖਕ ਹੋਣ ਬਾਰੇ ਦੱਸਦਿਆਂ ਜਦੋਂ ਆਪਣੇ 'ਨੱਚਦੀ ਦੇ', 'ਊਧਮ ਸਿੰਘ' ਅਤੇ 'ਯਾਰ ਪਾਉਣਗੇ ਭੰਗੜਾ' ਵਰਗੇ ਗੀਤ ਗਿਣਾਏ ਤਾਂ ਹਰੇਕ ਗੀਤ ਨੂੰ ਉਹ ਆਪਣਾ ਫੇਵਰਟ ਦੱਸਦੀ ਹੋਈ ਕਹਿਣ ਲੱਗੀ ਕਿ ਉਸਨੂੰ ਵੀ ਗੀਤ ਲਿਖਣ ਦਾ ਸ਼ੌਂਕ ਹੈ। ਮੈਂ ਉਸਨੂੰ ਪੁੱਛਿਆ ਕਿ ਪੰਜਾਬੀ ਆਉਂਦੀ ਹੈ ਤਾਂ ਉਹ ਬੋਲੀ ਨਹੀਂ ਮੈਂ ਰੋਮਨ ਲਿੱਪੀ ਵਿਚ ਹੀ ਪੰਜਾਬੀ ਲਿਖਦੀ ਹਾਂ। ਕੌਂਸਲਿੰਗ ਸੈਕਸ਼ਨ ਤੋਂ ਬਾਅਦ ਉਹ ਮੇਰੇ ਨਾਲ ਹੀ ਦਫਤਰ ਤੋਂ ਬਾਹਰ ਆ ਗਈ। ਵੈਸਟਬ੍ਰਾਮਿਚ ਹਾਈਸਟਰੀਟ 'ਤੇ ਸਾਹਮਣੇ ਪੱਬ ਸੀ, ਮੈਂ ਉਸਨੂੰ ਕਿਹਾ ਆ ਪੱਬ ਵਿਚ ਇਕ ਇਕ ਬੀਅਰ ਦਾ ਪਾਇੰਟ ਲਾਉਂਦੇ ਹਾਂ ਨਾਲੇ ਤੇਰੇ ਗਾਣੇ ਸੁਣਦੇ ਹਾਂ। ਅਸੀਂ ਪੱਬ ਵਿਚ ਜਾ ਕੇ ਘੰਟੇ ਬਾਅਦ ਦੋ ਰੋਜ਼ੇ ਵਾਇਨ ਦੀਆਂ ਬੋਤਲਾਂ ਵੇਹਲੀਆਂ ਕਰਕੇ ਆ ਗਏ।Alcohol doesn’t solve any problems … but if you think again neither does milk  ਵਾਕ ਮੈਂ ਕਈ ਵਾਰ ਉਸਨੂੰ ਦੁਹਰਾ ਕੇ ਸੁਣਾਉਂਦਾ ਰਿਹਾ। ਤੇ ਉਹ ਸੁਣ ਸੁਣ ਠਹਾਕੇ ਲਾ ਕੇ ਹੱਸ-ਹੱਸ ਦੂਹਰੀ ਤੀਹਰੀ ਹੁੰਦੀ ਰਹੀ।
ਕਿਥੇ ਉਹਨੇ ਮੇਰੀ ਸ਼ਰਾਬ ਛੁਡਾਉਣੀ ਸੀ, ਕਿਥੇ ਮੈਨੂੰ ਉਹਨੂੰ ਘਰੇ ਛੱਡ ਕੇ ਆਉਣਾ ਪਿਆ।Rehabilitation is for quitters ਆਖ ਕੇ ਮੈਂ ਗੱਲ ਹਾਸੇ ਪਾ ਦਿੱਤੀ। ਇਸ ਪ੍ਰਕਾਰ ਬਹੁਤ ਸਾਰੇ ਕਿੱਸੇ, ਯਾਦਾਂ ਅਤੇ ਘਟਨਾਵਾਂ ਹਨ।
ਸ਼ਰਾਬ ਤਾਂ ਵੱਡੇ ਵੱਡੇ ਹਾਥੀਆਂ ਨੂੰ ਸਿੱਟ ਲੈਂਦੀ ਹੈ। ਬੰਦਾ ਕਿਸ ਬਾਗ ਦੀ ਮੂਲੀ ਹੈ? ਮਹਾਰਾਜੇ ਰਣਜੀਤ ਸਿੰਘ ਵਾਂਗੂ ਇਕ ਦਿਨ ਸ਼ਰਾਬ ਨੇ ਮੈਨੂੰ ਵੀ ਸਿੱਟ ਲਿਆ। ਮੈਨੂੰ Alcohol Withdrawal Seizures  ਯਾਨੀ ਬੇਹੋਸ਼ੀ ਦੇ ਦੌਰੇ ਪੈਣ ਲੱਗ ਪਏ। ਖੜ੍ਹਾ ਖੜ੍ਹਾ ਮੈਂ ਬੇਹੋਸ਼ ਹੋ ਕੇ ਡਿੱਗਣ ਲੱਗ ਪਿਆ। ਕਈ ਕਈ ਦਿਨ ਮੈਂ ਹਸਪਤਾਲ ਦਾਖਲ ਰਹਿਣਾ।  ਵਿਟਾਮਿਨਾਂ ਦੇ Fluids ਚਾੜ੍ਹ ਕੇ ਡਾਕਟਰਾਂ ਨੇ ਮੈਨੂੰ ਕਾਇਮ ਕਰ ਕੇ ਘਰ ਤੋਰਨਾ। ਕੁਝ ਦਿਨ ਬਾਅਦ ਮੁੜ ਮੈਂ ਸ਼ਰਾਬ ਸ਼ੁਰੂ ਕਰ ਦੇਣੀ ਤੇ ਹਸਪਤਾਲ ਜਾ ਉਪੜਨਾ। ਮੁੜ-ਮੁੜ ਦੌਰੇ ਪੈਣ ਦਾ ਕਰਾਨ ਜਾਣਨ ਲਈ ਡਾਕਟਰਾਂ ਨੇ ਮੇਰੇ ਬਲੱਡ ਟੈਸਟ, ਈ. ਸੀ. ਜੀ. ਸਕਰੀਨਿੰਗ ਕਰਨ ਉਪਰੰਤ ਮੇਰੀ ਇੰਡੋਸਕੋਪੀ ਕਰਨ ਦੀ ਸੋਚੀ।
ਇੰਡੋਸਕੋਪੀ ਦਾ ਮਾਹਿਰ ਮੈਨੂੰ ਬੇਹੋਸ਼ੀ ਦਾ ਟੀਕਾ ਲਾ ਕੇ ਨਰਸਾਂ ਨੂੰ ਕਹਿਣ ਲੱਗਾ, "ਮੈਂ ਦਸ ਕੁ ਮਿੰਟ ਬਾਹਰ ਚੱਲਿਆ ਹਾਂ। ਜਦੋਂ ਇਹ ਬੇਹੋਸ਼ ਹੋ ਜਾਵੇ। ਮੈਨੂੰ ਬੁਲਾ ਲੈਣਾ।"
ਡਾਕਟਰ ਅੱਧੇ ਘੰਟੇ ਬਾਅਦ ਆਇਆ ਤਾਂ ਮੈਂ ਬੇਹੋਸ਼ ਹੋਣ ਦੀ ਬਜਾਏ ਨਰਸਾਂ ਨੂੰ ਚੁਟਕਲੇ ਸੁਣਾ ਰਿਹਾ ਸੀ।ਇਹ ਦੇਖ ਕੇ ਡਾਕਟਰ ਨੂੰ ਬੜੀ ਹੈਰਤ ਹੋਈ।ਮੇਰਾ ਸ਼ਰੀਰ ਸੁੰਨ ਹੋਇਆ ਹੈ ਜਾਂ ਨਹੀਂ, ਇਹ ਜਾਂਚਣ ਲਈ ਡਾਕਟਰ ਨੇ ਮੇਰੇ ਸੂਈ ਚਭੋ ਕੇ ਦੇਖੀ। ਸੂਈ ਵਜਦਿਆਂ ਹੀ ਆਪ-ਮੁਹਾਰੇ ਮੇਰਾ ਹੱਥ ਪਿਛਾਂਅ ਖਿੱਚਿਆ ਗਿਆ।
ਮੈਂ ਡਾਕਟਰ ਨੂੰ ਕਿਹਾ ਕਿ ਮੈਂ ਟੀਕਿਆਂ ਨਾਲ ਬੇਹੋਸ਼ ਨਹੀਂ ਹੋਣਾ। ਭੱਜ ਕੇ ਬੋਤਲ ਫੜ੍ਹ ਲਿਆ। ਫੇਰ ਜਿਵੇਂ ਮਰਜ਼ੀ ਕੈਮਰੇ ਮੇਰੇ ਅੰਦਰ ਪਾ ਕੇ ਦੇਖੀ ਚੱਲੀ।
ਡਾਕਟਰ ਮੈਨੂੰ ਸੰਜ਼ੀਦਾ ਹੁੰਦਿਆਂ ਕਹਿਣ ਲੱਗਾ, "ਮਿਸਟਰ ਸਿੱਧੂ, ਇਹ ਮਖੌਲ ਦੀ ਗੱਲ ਨਹੀਂ। ਮੈਨੂੰ ਇਹ ਚੰਗੀਆਂ ਨਿਸ਼ਾਨੀਆਂ ਨਹੀਂ ਲੱਗਦੀਆਂ।"
"ਹਾਂ, ਡਾਕਟਰ ਮੈਂ ਜਾਣਦਾ ਹਾਂ ਕਿ ਸ਼ਰਾਬ ਨੇ ਮੇਰੇ ਬਲੱਡ ਸੈਲ ਐਨੇ ਜ਼ਿਆਦਾ ਕਮਜ਼ੋਰ ਕਰ ਦਿੱਤੇ ਹਨ ਕਿ ਉਹ ਦਵਾਈ ਦਾ ਅਸਰ ਵੀ ਨਹੀਂ ਕਬੂਲਦੇ।"
ਡਾਕਟਰ ਨੇ ਤੇਜ਼ ਤੇ ਦੂਗਣੀ ਮਿਕਦਾਰ ਦਾ ਟੀਕਾ ਲਾ ਕੇ ਮੇਰੀ ਇੰਡੋਸਕੋਪੀ ਕੀਤੀ। ਤਿੰਨ ਚਾਰ ਘੰਟਿਆਂ ਬਾਅਦ ਹੋਸ਼ ਆਈ 'ਤੇ ਡਾਕਟਰ ਮੇਰੇ ਕੋਲ ਰਿਪੋਰਟ ਲੈ ਕੇ ਆਇਆ ਦੱਸਣ ਲੱਗਾ, "There is a good news and bad news. ਪਹਿਲਾਂ ਕਿਹੜੀ ਸੁਣਨਾ ਪਸੰਦ ਕਰੇਂਗਾ?"
ਮੈਂ ਡਾਕਟਰ ਨੂੰ ਕਿਹਾ, "ਪਹਿਲਾਂ ਬੁਰੀ ਆਉਣ ਦੇ।"
"ਬੁਰੀ ਖਬਰ ਇਹ ਹੈ ਕਿ ਤੇਰਾ ਲੀਵਰ ਡੈਮਿਜ਼ ਹੋਣਾ ਸ਼ੁਰੂ ਹੋ ਗਿਆ ਹੈ ਤੇ ਜੇ ਤੂੰ ਇਸੇ ਤਰ੍ਹਾਂ ਹੀ ਪੀਂਦਾ ਰਿਹਾ ਤਾਂ ਮੈਨੂੰ ਨਹੀਂ ਲਗਦਾ ਕਿ ਤੂੰ ਛੇ ਮਹਿਨੇ ਵੀ ਹੋਰ ਜੀਅ ਸਕੇਗਾ। -ਚੰਗੀ ਖਬਰ ਇਹ ਹੈ ਕਿ ਜੇ ਤੂੰ ਹੁਣ ਸ਼ਰਾਬ ਛੱਡ ਦੇਵੇਂ ਤਾਂ ਇਸ ਨੁਕਸਾਨ ਦੀ ਮੁਰੰਮਤ ਹੋ ਸਕਦੀ ਹੈ। ਪਰ ਵਕਤ ਲੱਗੇਗਾ। ਸੋਚ ਲੈ ਸ਼ਰਾਬ ਛੱਡਦੇ ਨਹੀਂ ਸਰੀਰ ਛੱਡਣਾ ਪਉ। ਤੇਰੀ ਅਜੇ ਉਮਰ ਹੀ ਕੀ ਹੈ। ਸਿਆਣਾ ਬਣ ਸ਼ਰਾਬ ਸਿਹਤ ਲਈ ਬਹੁਤ ਹਾਨੀਕਾਰਕ ਹੈ। ਖਾਸਕਰ ਜਿਸ ਮਿਕਦਾਰ ਵਿਚ ਤੂੰ ਪੀਂਦਾ ਹੈਂ।"
ਡਾਕਟਰ ਮੈਨੂੰ ਵਾਰਡ ਵਿਚ ਭੇਜਣ ਦਾ ਹੁਕਮ ਦੇ ਕੇ ਚਲਾ ਗਿਆ। ਵਾਰਡ ਵਿਚ ਪਿਆ ਮੈਂ ਗੰਭੀਰ ਸੋਚਾਂ ਦੇ ਵਹਿਣਾਂ ਵਿਚ ਵਹਿੰਦਾ ਹੋਇਆ ਸੋਚਣ ਲੱਗ ਪਿਆ ਕਿ ਸ਼ਰਾਬ ਦੀ ਬੋਤਲ ਉੱਤੇ ਵੀ ਲਿਖਿਆ ਹੁੰਦਾ ਹੈ ਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਫੇਰ ਵੀ ਅਸੀਂ ਪੀਣ ਲੱਗੇ ਢਿੱਲ ਨਹੀਂ ਕਰਦੇ।ਨਰਸ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰਨ ਆਈ ਤੇ ਮੈਨੂੰ ਉਦਾਸ ਦੇਖ ਕੇ ਹੱਲਾਸ਼ੇਰੀ ਦੇਣ ਲੱਗੀ ਕਹਿੰਦੀ, "ਕੋਈ ਗੱਲ ਨਹੀਂ ਫਿਕਰ ਨਾ ਕਰ। ਸਭ ਠੀਕ ਹੋ ਜਾਵੇਗਾ। ਹੁਣ ਸ਼ਰਾਬ ਨਾ ਪੀਵੀਂ। ਸ਼ਰਾਬ ਬਹੁਤ ਮਾੜੀ ਚੀਜ਼ ਹੈ।"
ਨਰਸ ਦੇ ਐਨਾ ਕਹਿਣ 'ਤੇ ਮੈਂ ਬਦੋਬਦੀ ਚਿਹਰੇ 'ਤੇ ਮੁਸਕੁਰਾਹਟ ਲਿਆਂਦੀ ਤੇ ਉਸਨੂੰ ਚੁਟਕਲਾ ਸੁਣਉਣ ਲੱਗ ਪਿਆ, "ਨਰਸ ਇਵੇਂ ਹੀ ਇਕ ਸ਼ਰਾਬੀ ਨੂੰ ਡਾਕਟਰ ਕਹਿਣ ਲੱਗਾ ਕਿ ਤੂੰ ਸ਼ਰਾਬ ਛੱਡਦੇ ਨਹੀਂ ਮਰ ਜਾਵੇਂਗਾ। ਤੈਨੂੰ ਮੈਂ ਕਿੰਨੀ ਵਾਰ ਸਮਝਾ ਚੁੱਕਾ ਹਾਂ ਕਿ ਸ਼ਰਾਬ ਮਾੜੀ ਹੈ। ਅੱਗੋਂ ਸ਼ਰਾਬੀ ਜੁਆਬ ਦਿੰਦਾ ਹੈ ਕਿ ਡਾਕਟਰ ਸਾਹਿਬ ਸ਼ਰਾਬ ਤਾਂ ਵਧੀਆ ਹੀ ਪੀਂਦਾ ਹਾਂ। ਸ਼ਰਾਬ ਤਾਂ ਨ੍ਹੀਂ ਮਾੜੀ। ਕੀ ਕਰਾਂ ਸਾਲਾ ਲੀਵਰ ਈ ਕਮਜ਼ੋਰ ਨਿਕਲ ਗਿਐ।"
ਫਰੈਂਕ ਸਿਨਾਟਰਾ ਨੇ ਲਿਖਿਆ ਹੈ, "Alcohol may be man's worst enemy, but the bible says love your enemy." ਮੈਂ ਵੀ ਡਾਕਟਰ ਦੀ ਚਿਤਾਵਨੀ ਦੀ ਵੀ ਪਰਵਾਹ ਨਹੀਂ ਕੀਤੀ ਤੇ ਪਹਿਲਾਂ ਵਾਂਗ ਬਾਦਸਤੂਰ ਪੀਂਦਾ ਗਿਆ। ਮੇਰੀ ਸਿਹਤ ਬਦ ਤੋਂ ਬਦਤਰ ਹੁੰਦੀ ਗਈ।ਮੇਰੇ ਦੋਸਤ ਸਾਬੀ ਦੀ ਮਾਤਾ ਦਾ ਦਿਹਾਂਤ ਹੋ ਗਿਆ ਤੇ ਉਸਦੇ ਸੰਸਕਾਰ 'ਤੇ ਪਹੁੰਚਣ ਲਈ ਮੈਂ ਇਕ ਦਿਨ ਪਹਿਲਾਂ ਹੀ ਲੰਡਨ ਨੂੰ ਤੁਰ ਪਿਆ ਕਿਉਂਕਿ ਅਗਲੇ ਦਿਨ ਮੌਸਮ ਖਰਾਬ ਹੋ ਜਾਣਾ ਸੀ। ਮੈਂ ਰਾਤ ਅੱਛਰ ਸਿੰਘ ਆਰਟਿਸਟ ਕੋਲ ਠਹਿਰਨਾ ਸੀ। ਮੇਰੀਆਂ ਸਾਰੀਆਂ ਕਿਤਾਬਾਂ ਦੇ ਕਵਰ ਅੱਛਰ ਸਿੰਘ ਦੇ ਬਣਾਏ ਹੋਏ ਹਨ।ਇਸ ਲਈ ਅੱਛਰ ਸਿੰਘ ਨਾਲ ਮਿੱਤਰਤਾ ਵਾਲੇ ਸੰਬੰਧ ਬਣੇ ਹੋਏ ਹਨ। ਜਦੋਂ ਉਹ ਬ੍ਰਮਿੰਘਮ ਆਵੇ ਤਾਂ ਮੇਰੇ ਕੋਲ ਆ ਜਾਂਦਾ ਹੈ ਤੇ ਜਦੋਂ ਮੈਂ ਲੰਡਨ ਜਾਵਾਂ ਤਾਂ ਉਸਨੂੰ ਜ਼ਰੂਰ ਮਿਲੀਦਾ ਹੈ।
ਮੈਂ ਸਲੋਹ ਜਾ ਕੇ ਕੋਚ ਸਟੇਸ਼ਨ 'ਤੇ ਉਤਰਿਆ ਤਾਂ ਮੈਨੂੰ ਇਕਦਮ ਘੁੰਮੇਰ ਜਿਹੀ ਆਈ ਤੇ ਦਿਮਾਗ ਬਿਲਕੁਲ ਬਲੈਂਕ ਹੋ ਗਿਆ। ਮੈਂ ਕੌਣ ਹਾਂ ਤੇ ਕਿੱਥੇ ਆ ਗਿਆ ਹਾਂ, ਮੈਨੂੰ ਸਭ ਕੁਝ ਭੁੱਲ ਗਿਆ, ਹਾਂਲਾਕਿ ਮੈਂ ਇਕ ਵਾਰ ਨਹੀਂ ਅਨੇਕਾਂ ਵਾਰ ਉੱਥੇ ਜਾ ਚੁੱਕਾ ਸੀ ਤੇ ਉਸ ਇਲਾਕੇ ਦਾ ਪੂਰਾ ਭੇਤੀ ਸੀ। ਪਰ ਸਭ ਕੁਝ ਮੈਨੂੰ ਨਵਾਂ ਨਵਾਂ ਤੇ ਉਪਰਾ  ਜਿਹਾ ਲੱਗ ਰਿਹਾ ਸੀ। ਮੇਰੀ ਹਾਲਤ ਇੰਨ-ਬਿੰਨ ਗਜ਼ਨੀ ਫਿਲਮ ਦੇ ਆਮੀਰ ਖਾਨ ਵਰਗੀ ਸੀ। ਮੈਂ ਐਵੇਂ ਹੀ ਸੜਕ 'ਤੇ ਇਧਰ ਉਧਰ ਭਟਕ ਰਿਹਾ ਸੀ ਕਿ ਅੱਛਰ ਸਿੰਘ ਆ ਗਿਆ। ਮੈਂ ਉਸਨੂੰ ਵੀ ਨਹੀਂ ਪਹਿਚਾਣਿਆ ਤੇ ਚੁੱਪਚਾਪ ਉਸ ਨਾਲ ਤੁਰ ਪਿਆ। ਅੱਛਰ ਸਿੰਘ ਦੇ ਘਰ ਪਹੁੰਚਣ ਤੱਕ ਮੈਨੂੰ ਥੋੜ੍ਹਾ-ਥੋੜ੍ਹਾ ਯਾਦ ਆਉਣ ਲੱਗ ਪਿਆ। ਅੱਛਰ ਸਿੰਘ ਖਾਣਾ ਬਣਾਉਣ ਲੱਗ ਪਿਆ ਤੇ ਮੈਂ ਜੇਬ ਵਿਚ ਹੱਥ ਮਾਰਿਆ। ਮੇਰੀ ਜੇਬ ਵਿਚ ਸੁਖਮਨੀ ਸਾਹਿਬ ਦਾ ਗੁਟਕਾ ਸੀ। ਮੈਂ ਗੁਟਕੇ ਤੋਂ ਪਾਠ ਕਰਨ ਲੱਗ ਪਿਆ। (ਉਦੋਂ ਮੈਂ ਨਾਸਤਿਕ ਨਹੀਂ ਸੀ ਬਣਿਆ!)
ਅੱਛਰ ਸਿੰਘ ਨੇ ਖਾਣਾ ਬਣਾ ਲਿਆ ਤੇ ਪਾਠ ਕਰਕੇ ਮੈਂ ਗੁਟਕਾ ਰੱਖ ਦਿੱਤਾ। ਮੈਂ ਪਹਿਲਾਂ ਨਾਲੋਂ ਕਾਫੀ ਬਿਹਤਰ ਮਹਿਸੂਸ ਕਰ ਰਿਹਾ ਸੀ। ਗੱਲਾਂ ਕਰਦਿਆਂ ਅਸੀਂ ਦੋ ਦੋ ਪੈੱਗ ਮਾਰੇ ਤਾਂ ਮੇਰੇ ਮਸਤਕ ਦੇ ਸਾਰੇ ਕਿਪਾਟ ਖੁੱਲ ਗਏ। ਇਉਂ ਜਾਪੇ ਜਿਵੇਂ ਦਸਵਾਂ ਦੁਆਰ ਵੀ ਖੁੱਲ੍ਹ ਗਿਆ ਹੁੰਦਾ ਹੈ। ਇਸ ਤੋਂ ਪਹਿਲਾਂ ਕਦੇ ਅਜਿਹਾ ਨਹੀਂ ਸੀ ਹੋਇਆ, ਹਾਂ ਗੱਲਾਂ ਕਰਦੇ ਕਰਦੇ ਕਦੇ-ਕਦਾਈ ਮੈਂ ਵਿਸ਼ਾ ਜ਼ਰੂਰ ਭੁੱਲ ਜਾਇਆ ਕਰਦਾ ਸੀ। ਮੈਂ ਬ੍ਰਮਿੰਘਮ ਆ ਕੇ ਇਸ ਬਾਰੇ ਆਪਣੇ ਡਾਕਟਰ ਨੂੰ ਦੱਸਿਆ। ਉਸਨੇ ਮੇਰਾ ਸੀ ਟੀ ਹੈੱਡ ਸਕੈਨ ਕਰਵਾਇਆ। ਮੈਂ Short term memory loss ਨਾਲ ਪੀੜਤ ਸੀ। ਫਿਰ ਅਕਸਰ ਮੇਰੀ ਇਕਦਮ ਆਰਜ਼ੀ ਤੌਰ 'ਤੇ ਯਾਦਦਾਸ਼ਤ ਜਾਣ ਦੇ ਕਈ ਹੱਲੇ ਹੋਏ। ਮੈਂ ਸ਼ਰਾਬ ਪੀਂਦਾ ਗਿਆ ਤੇ ਮੇਰੀ ਹਾਲਤ ਵਿਗੜਦੀ ਗਈ। ਮੈਂ ਨੀਮ-ਪਾਗਲ ਹੋਣ ਦੀ ਹੱਦ ਤੱਕ ਚਲਾ ਗਿਆ। ਜਿਸਨੂੰ ਮੈਡੀਕਲ ਭਾਸ਼ਾ ਵਿਚ Paranoid Personality Disorder ਹੋਣਾ ਆਖਦੇ ਹਨ। ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਅਵਾਜ਼ਾਂ ਸੁਣਾਈ ਦੇਣ ਲੱਗਦੀਆਂ ਜਾਂ ਮੈਨੂੰ ਆਪਣੇ ਕੋਲ ਬੈਠਾ ਕੋਈ ਦਿਸਣ ਲੱਗ ਪੈਣਾ। ਮੈਂ ਉਹਦੇ ਨਾਲ ਗੱਲਾਂ ਕਰਦੇ ਰਹਿਣਾ। ਪਰ ਅਸਲ ਵਿਚ ਮੇਰੇ ਕੋਲ ਕੋਈ ਵੀ ਨਹੀਂ ਸੀ ਹੁੰਦਾ। ਕੁਝ ਦੇਰ ਬਾਅਦ ਜਦੋਂ ਘਰਦਿਆਂ ਨੇ ਦੱਸਣਾ ਤਾਂ ਮੈਨੂੰ ਹੈਰਾਨੀ ਹੋਣੀ।ਖੈਰ ਇਲਾਜ ਚਲਦਾ ਰਿਹਾ।ਅੰਗਰੇਜ਼ੀ ਵਿਚ ਕਹਿੰਦੇ ਹਨ, "A man who exposes himself when he is intoxicated, has not the art of getting drunk."
ਆਮ ਤੌਰ 'ਤੇ ਜਦੋਂ ਕੋਈ ਵਿਅਕਤੀ ਸ਼ਰਾਬ ਪੀ ਲੈਂਦਾ ਹੈ ਤਾਂ ਉਹ ਸੱਚ ਬੋਲਣ ਲੱਗ ਜਾਂਦਾ ਹੈ। ਪਰ ਮੇਰਾ ਮਾਮਲਾ ਬਿਲਕੁਲ ਉਲਟ ਹੈ। ਮੈਂ ਸ਼ਰਾਬ ਪੀ ਕੇ ਕੁਲ ਦੁਨੀਆਂ ਦਾ  ਝੂਠ ਬੋਲਣ ਲੱਗ ਜਾਂਦਾ ਹਾਂ।ਮੇਰੀ ਇਸ ਆਦਤ ਨੇ ਮੇਰਾ ਨਾਜ਼ੁਕ ਸਥਿਤੀਆਂ ਵਿਚ ਬਹੁਤ ਫਾਇਦਾ ਕੀਤਾ ਹੈ। ਵੁਲਵਰਹੈਪਟਨ ਦੀ ਇਕ ਲੇਖਿਕਾਂ ਤੇ ਉਸਦੇ ਅਪਾਹਜ ਪਤੀ ਨੇ ਮੈਨੂੰ ਇਕ ਕੇਸ ਵਿਚ ਫਸਾਉਣ ਲਈ ਮੇਰੀਆਂ ਗੱਲਾਂ ਦੀ ਰਿਕਾਰਡਿੰਗ ਕੀਤੀ ਤੇ ਵਾਰ ਵਾਰ ਉਸ ਕੇਸ ਨਾਲ ਸੰਬੰਧਤ ਮੇਰੇ ਤੋਂ ਸਵਾਲ ਪੁੱਛੇ ਹਰ ਵਾਰ ਮੈਂ ਮਨਘੜਤ ਜੁਆਬ ਦਿੰਦਾ ਗਿਆ। ਉਹ ਐਨੇ ਮੂਰਖ ਨਿਕਲੇ ਕਿ ਜਦੋਂ ਮੈਂ ਚੁੱਪ ਕਰਦਾ ਤਾਂ ਰਿਕਾਰਡਰ ਪੋਜ਼ ਕਰ ਲੈਂਦੇ। ਇਸ ਤਰ੍ਹਾਂ ਮੈਂ ਜਾਣਬੁੱਝ ਕੇ ਉਨ੍ਹਾਂ ਤੋਂ ਰਿਕਾਰਡਰ ਪੋਜ਼ ਕਰਵਾ ਕੇ ਉਹ ਰਿਕਾਡਿੰਗ ਵੋਏਡ ਕਰਵਾਈ। ਗੱਲਾਂਬਾਤਾਂ ਦੌਰਾਨ ਮੇਰੀ ਪੀਤੀ ਲਹਿ ਗਈ ਤੇ ਉਸ ਲੇਖਿਕਾ ਦੇ ਸਾਹਮਣੇ ਮੈਂ ਉਸਦਾ ਉਹ ਇਤਿਹਾਸ ਉਸਦੇ ਪਤੀ ਨੂੰ ਦੱਸਿਆ ਜੋ ਉਸ ਲੇਖਿਕਾ ਦੇ ਫਰੀਸ਼ਤੇ ਵੀ ਨਹੀਂ ਜਾਣਦੇ ਸਨ। ਫੇਰ ਮੈਂ ਉਸ ਲੇਖਿਕਾ ਉੱਤੇ ਇਕ ਕਹਾਣੀ ਵੀ ਲਿਖੀ, ਜਿਦਣ ਛਪੀ ਉਨ੍ਹਾਂ ਨੂੰ ਮੂੰਹ ਲਕੋਣ ਲਈ ਜਗ੍ਹਾ ਨਹੀਂ ਮਿਲਣੀ। ਉਹਨਾਂ ਨੂੰ ਮੇਰੇ ਉੱਤੇ ਉਸ ਗੱਲ ਦਾ ਗੁੱਸਾ ਹੈ, ਜਿਸ ਗੱਲ ਨਾਲ ਮੇਰਾ ਕੋਈ ਸਰੋਕਾਰ ਹੀ ਨਹੀਂ ਹੈ।ਇਹ ਪੁੱਝ ਕੇ ਸ਼ਰੀਫ ਚਮਤਕਾਰੀ ਲੇਖਿਕਾ ਅੱਜ ਵੀ ਆਪਣੇ ਪੁਰਾਣੇ ਆਸ਼ਕ ਅਤੇ ਪੰਜਾਬੀ ਦੇ ਲੰਡਨ ਰਹਿੰਦੇ ਲੇਖਕ ਕੋਲ ਰਾਤਾਂ ਰਹਿ ਕੇ ਆਉਂਦੀ ਹੈ ਤੇ ਆਪਣੇ ਪਤੀ ਨੂੰ ਬੁੱਧੂ ਬਣਾਈ ਜਾ ਰਹੀ ਹੈ।ਵੈਸੇ ਅਸਲ ਪਤੀ ਤੇ ਉਸਦੇ ਇਕਲੌਤੇ ਮੁੰਡੇ ਦਾ ਪਿਉ ਤਾਂ ਕੋਈ ਹੋਰ ਸੀ ਜਿਸ ਨੂੰ ਇਹ ਕਈ ਸਾਲ ਪਹਿਲਾਂ ਨਵੇਂ ਦੇ ਚਾਅ ਵਿਚ ਛੱਡ ਕੇ ਚੋਰੀ ਭੱਜ ਆਈ ਸੀ।
ਇਕ ਸੋਫੀ ਬੰਦਾ ਦੂਜੇ ਦੀ ਸ਼ਰਾਬ ਛੁਡਵਾ ਸਕਦਾ ਹੈ ਨਾ ਕਿ ਸ਼ਰਾਬੀ ਸ਼ਰਾਬੀ ਦੀ। ਇਸ ਦੀ ਮੈਂ ਇਕ ਬੈਲਜ਼ਿਮ ਇਕੱਠੇ ਸੀ ਤੇ ਹੋਣਾ ਵੀ ਸੁੱਖੀ ਦੀ ਸ਼ਰਾਬ ਵਾਲੀ ਦੁਕਾਨ 'ਤੇ। ਮੈਂ ਤੇ ਸੁੱਖੀ ਸਮੁੰਦਰੀ ਲਗਭਗ ਹਾਣੀ ਹਾਂ ਤੇ ਤਕਰੀਬਨ ਇਕੋ ਸਮੇਂ ਹੀ ਅਸੀਂ ਲਿਖਣਾ ਸ਼ੁਰੂ ਕੀਤਾ।ਨਿੱਤ ਸਵੇਰੇ ਹੈਂਗਓਰ ਨਾਲ ਜੁਝਦੇ ਪ੍ਰਣ ਕਰਨਾ ਕਿ ਅੱਜ ਨਹੀਂ ਪੀਣੀ। ਪਰ ਤਿੰਨ ਮਸਾਂ ਵਜਦੇ ਅਸੀਂ ਇਕ ਦੂਜੇ ਨੂੰ ਪੁੱਛਣ ਲੱਗ ਪੈਂਦੇ, "ਅੱਜ ਕਿਹੜੀ ਪੀਏ?"
ਸਾਡੀ ਇਸ ਹਾਲਤ 'ਤੇ ਇਕ ਚੁਟਕਲਾ ਬੜਾ ਵਧੀਆ ਫਿੱਟ ਹੁੰਦਾ ਹੈ।ਜੋ ਇਸ ਪ੍ਰਕਾਰ ਹੈ:-ਦੋ ਤਿੰਨ ਸ਼ਰਾਬੀ ਰਾਤ ਦੀ ਸ਼ਰਾਬ ਦੇ ਭੰਨ੍ਹੇ ਹੋਏ ਲੱਸੀ ਪੀਂਦੇ ਕਹਿੰਦੇ ਹਨ ਯਾਰ ਸ਼ਰਾਬ ਬਹੁਤ ਮਾੜੀ ਹੈ। ਚਲੋ ਸਾਰੇ ਜਣੇ ਸਹੁੰ ਪਾਈਏ ਬਈ ਹੁਣ ਨਹੀਂ ਪੀਣੀ। ਸਾਰੇ ਸਹੁੰ ਪਾ ਲੈਂਦੇ ਹਨ।ਅਗਲੇ ਦਿਨ ਤੜ੍ਹਕੇ ਸਾਰੇ ਉੱਠ ਖੜ੍ਹਦੇ ਹਨ ਤੇ ਇਕ ਦੂਜੇ ਨੂੰ ਪੁੱਛਦੇ ਹਨ, "ਕਿਉਂ ਰਾਤ ਕਿਸੇ ਨੇ ਪੀਤੀ?" ਸਾਰੇ ਨਾਂਹ ਵਿਚ ਸਿਰ ਮਾਰਦੇ ਹਨ। ਉਹਨਾਂ ਚੋਂ ਇਕ ਹੁੱਭ ਕੇ ਆਖਦਾ ਹੈ ਆਪਾਂ ਕਿਸੇ ਨੇ ਸਹੁੰ ਨਹੀਂ ਤੋੜੀ।ਚਲੋ ਏਸ ਖੁਸ਼ੀ ਵਿਚ ਇਕ ਇਕ ਪੈਗ ਲਾਈਏ।
ਗਾਉਣ ਵਾਲਿਆਂ ਨੂੰ ਤਾਂ ਅਸੀਂ ਇਹ ਕਹਿ ਕੇ ਬਰੀ ਕਰ ਸਕਦੇ ਹਾਂ ਕਿ ਉਹ ਅਨਪੜ੍ਹ ਹਨ। ਪਰ ਮੈਂ ਤੇ ਸੁੱਖੀ ਤਾਂ ਪੜ੍ਹੇ ਲਿਖੇ ਪਰਿਵਾਰਾਂ ਦੇ ਕਾਕੇ ਸਾਂ। ਮੈਂ ਚੰਡੀਗੜ੍ਹ ਦੇ ਕੌਨਵੈਂਟ ਸਕੂਲਾਂ ਤੇ ਇੰਗਲੈਂਡ ਦਾ ਪੜ੍ਹਾਕੂ। ਮੇਰੇ ਡੈਡੀ ਲੰਮਾ ਸਮਾਂ ਸਿੱਖਿਆ ਵਿਭਾਗ ਵਿਚ ਉੱਚੇ ਆਹੁਦੇ 'ਤੇ ਰਹੇ ਤੇ ਉੱਚੇਰੀ ਤਾਲੀਮਯਾਫਤਾ। ਉਧਰੋਂ ਸੁੱਖੀ ਦੇ ਮੰਮੀ ਵੀ ਅਧਿਆਪਨ ਕਿੱਤੇ ਵਿਚੋਂ ਸਨ। ਅਸੀਂ ਨਾ ਸਿਰਫ ਲੇਖਕ ਹੀ ਸੀ, ਬਲਕਿ ਸੁੱਖੀ ਨੇ ਆਪਣਾ ਜਵਾਨ ਛੋਟਾ ਭਰਾ ਸ਼ਰਾਬ ਪੀ ਕੇ ਮਰਦਾ ਦੇਖਿਆ ਸੀ ਤੇ ਮੈਂ ਆਪਣੇ ਦੋ ਜਵਾਨ ਗੰਡਾਸਿਆਂ ਵਰਗੇ ਮਾਮਿਆਂ ਨੂੰ ਸ਼ਰਾਬ ਪੀ ਕੇ ਮਰਦੇ ਦੇਖ ਚੁੱਕਾ ਸੀ। ਇਹਨਾਂ ਝਟਕਿਆਂ ਦੇ ਬਾਵਜੂਦ ਵੀ ਅਸੀਂ ਨਿੱਤ ਰੱਜ ਕੇ ਪੀਣੀ। ਸੁੱਖੀ ਨੇ ਪਹਿਲਾਂ ਆਊਟ ਹੋ ਜਾਇਆ ਕਰਨਾ ਤਾਂ ਮੈਂ ਉਸਨੂੰ ਕਹਿਣਾ, "ਸੁੱਖੀ ਹੁਣ ਤੂੰ ਹੋਰ ਨਾ ਪੀਵੀਂ।ਤੂੰ ਮੈਨੂੰ ਝਾਉਲਾ-ਝਾਉਲਾ ਜਿਹਾ ਦਿਸਣ ਲੱਗ ਪਿਆ ਹੈਂ।"
ਸੁੱਖੀ ਨੇ ਆਪ ਟੱਲੀ ਹੋਏ ਨੇ ਮੈਨੂੰ ਕਹਿਣ ਲੱਗ ਜਾਇਆ ਕਰਨਾ, "ਤੂੰ ਬਸ ਕਰ। ਤੇਰੀ ਜ਼ੁਆਨ ਥਥਲਾਉਣ ਲੱਗ ਪਈ ਹੈ। ਬਾਕੀ ਬਚਦੀ ਮੈਂ ਪੀ ਲੈਂਦਾ ਹਾਂ।" ਇਉਂ ਅਸੀਂ ਬਿਨ ਨਾਗਾ ਰੋਜ਼ ਰੱਜ ਕੇ ਪੀਣੀ। ਸੁੱਖੀ ਤਾਂ ਆਪਣਾ ਕੋਟਾ ਪੂਰਾ ਕਰਕੇ ਨੌ ਦਸ ਵਜੇ ਤੱਕ ਬੇਸੁਰਤ ਹੋ ਕੇ ਸੌਂ ਜਾਂਦਾ। ਮੈਂ ਹੌਲੀ-ਹੌਲੀ ਘੁੱਟ-ਘੁੱਟ ਕਰਕੇ ਪੀਂਦਾ ਰਹਿੰਦਾ ਤੇ ਰਾਤ ਦੇ ਬਾਰਾਂ ਇਕ ਵਜੇ ਤੱਕ ਦੁਕਾਨ ਸਾਂਭਣੀ ਹੋਣ ਕਰਕੇ ਕਿਵੇਂ ਨਾ ਕਿਵੇਂ ਆਪ ਨੂੰ ਹੋਸ਼ ਵਿਚ ਰੱਖਦਾ। ਦੁਕਾਨ ਬੰਦ ਕਰਦਿਆਂ ਹੀ ਮੈਂ ਤੇ ਇਕ ਦੋਸਤ ਬਬਲੂ ਨਾਇਟਕਲੱਬ ਚਲੇ ਜਾਂਦੇ ਤੇ ਸਵੇਰੇ ਦੇ ਛੇ ਵਜੇ ਤੱਕ ਪੀਂਦੇ ਰਹਿੰਦੇ।
ਫਿਲਮਾਂ, ਗੀਤਾਂ ਅਤੇ ਸਾਹਿਤ ਰਾਹੀ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਪ੍ਰਚਾਰ ਵੀ ਫਨਕਾਰਾਂ ਨੂੰ ਨਸ਼ਿਆਂ ਦਾ ਸੇਵਨ ਕਰਨ ਲਈ ਉਕਸਾਉਂਦਾ ਹੈ।ਮਹੁੰਮਦ ਨਜ਼ੀਰ ਤੇ ਸੁਰਿੰਦਰ ਸੋਨੀਆ ਦਾ ਇਕ ਗੀਤ ਹੈ, "ਤੇਰੇ ਵੀਰਾਂ ਮੈਨੂੰ ਦਾਰੂ ਨਾ ਪਿਲਾਈ ਜਿਨ੍ਹਾਂ ਨੂੰ ਵੱਡੇ ਸੇਠ ਦੱਸਦੀ। -ਅੱਗੋਂ ਜੁਆਬ ਹੈ, ਪਾਣੀ ਵਾਂਗੂ ਪੀਣ ਬੋਤਲਾਂ ਸਾਡੇ ਘਰ ਦੇ ਸਤਾਰਾਂ ਠੇਕੇ।" ਵੱਡੇ ਵੱਡੇ ਸਾਹਿਤਕਾਰ ਖਾਸਕਰ ਗਜ਼ਲਗੋ ਆਪਣੀਆਂ ਰਚਨਾਵਾਂ ਨੂੰ ਸ਼ਰਾਬ ਦੇ ਵਰਣਨ ਤੋਂ ਬਿਨਾ ਅਧੂਰਾ ਖਿਆਲਦੇ ਆਏ ਹਨ। ਮਿਰਜ਼ਾ ਗਾਲਿਬ, ਖੁਸਰੋ, ਉਮਰ ਖਯਾਮ ਤੇ ਹਰਿਵੰਸ਼ ਬਚਨ ਦੀ ਮਧੂਸ਼ਾਲਾ ਸ਼ਾਇਰੀ ਦਾ ਧੂਰਾ ਹੀ ਸ਼ਰਾਬ ਰਹੀ ਹੈ।ਫਨਕਾਰਾਂ ਵਿਚ ਇਹ ਗਲਤਫਹਿਮੀ ਪੈਦਾ ਹੋ ਜਾਂਦੀ ਹੈ ਕਿ ਸ਼ਰਾਬ ਜਾਂ ਹੋਰ ਨਸ਼ੇ ਉਨ੍ਹਾਂ ਦੀ ਕਲਾ ਨੂੰ ਨਿਖਾਰਦੇ ਜਾਂ ਸਿਰਜਣਾਤਮਕ ਸ਼ਕਤੀ ਵਿਚ ਇਜ਼ਾਫਾ ਕਰਦੇ ਹਨ। ਕੁੰਦਨ ਲਾਲ ਸਹਿਗਲ ਮਾੜੇ ਮੋਟੇ ਗਵੀਏ ਦੇ ਪੈਰ ਨਹੀਂ ਸੀ ਲੱਗਣ ਦਿੰਦਾ ਹੁੰਦਾ। ਉਹ ਅਕਸਰ ਸ਼ਰਾਬ ਨਾਲ ਟੱਲੀ ਹੋ ਕੇ ਰਿਕਾਰਡਿੰਗ ਕਰਵਾਇਆ ਕਰਦਾ ਸੀ। ਕਈ ਵਾਰ ਤਾਂ ਉਹ ਐਨਾ ਸ਼ਰਾਬੀ ਹੋ ਜਾਂਦਾ ਸੀ ਕਿ ਸੰਗੀਤਕਾਰ ਨੌਸ਼ਾਦ ਨੂੰ ਰਿਕਾਰਡਿੰਗ ਕੈਂਸਲ ਕਰਨੀ ਪੈਂਦੀ ਸੀ।
ਸ਼ਰਾਬ ਦੇ ਨਸ਼ੇ ਵਿਚ ਬੁਰੀ ਤਰ੍ਹਾਂ ਜਕੜਿਆਂ ਹੋਣ ਕਰਕੇ ਸ਼ਰਾਬ ਦਾ ਵਰਣਨ ਮੇਰੇ ਰਚੇ ਸਾਹਿਤ ਵਿਚ ਆਉਣਾ ਵੀ ਲਾਜ਼ਮੀ ਸੀ। ਮੇਰੀਆਂ ਦੋ ਚਾਰ ਕਹਾਣੀਆਂ ਨੂੰ ਛੱਡ ਕੇ ਹਰ ਕਹਾਣੀ ਵਿਚ ਮੈਂ ਪਾਤਰਾਂ ਨੂੰ ਸ਼ਰਾਬ ਪਿਲਾਈ। ਮੇਰੀ ਕਹਾਣੀ 'ਮੋਰਾਂ ਦਾ ਮਹਾਰਾਜਾ' ਜਿੰਨੀ ਮਹਾਰਾਜਾ ਰਣਜੀਤ ਸਿੰਘ ਦੀ ਕਹਾਣੀ ਹੈ, ਉਨੀ ਹੀ ਮੇਰੀ ਹੈ। ਉਸ ਵਿਚ ਜੋ ਰਣਜੀਤ ਸਿੰਘ ਨਾਲ ਵਾਪਰਿਆ ਠੀਕ ਉਹੀ ਉਸੇ ਤਰ੍ਹਾਂ ਮੇਰੇ ਨਾਲ ਵੀ ਵਾਪਰਿਆ। ਅਚੇਤ ਹੀ ਮੇਰੇ ਕੋਲੋਂ ਇਕ ਵਾਰ ਲਿਖ ਹੋ ਗਿਆ ਸੀ ਕਿ ਕਹਾਣੀਆਂ ਉਹੀ ਰਹਿੰਦੀਆਂ ਹਨ, ਮਹਿਜ਼ ਪਾਤਰ ਬਦਲ ਜਾਂਦੇ ਹਨ। ਸ਼ਰਾਬ ਦਾ ਇਤਿਹਾਸ ਸਭ ਨਸ਼ਿਆਂ ਤੋਂ ਪੁਰਾਣਾ ਹੈ।ਪ੍ਰਚੀਨ ਆਰੀਆ ਲੋਕ ਵੀ ਸੋਮ ਰਸ ਦਾ ਸੇਵਨ ਕਰਦੇ ਸਨ ਤੇ ਦੇਵੀ ਦੇਵਤਿਆਂ ਨੂੰ ਰਿਝਾਉਂਣ ਲਈ ਸ਼ਰਾਬ ਦੇ ਭੋਗ ਲੱਗਦੇ ਸਨ।ਅੱਜ ਵੀ ਅਨੇਕਾਂ ਮੰਦਰਾਂ ਅਤੇ ਪੀਰਾਂ ਦੀਆਂ ਦਰਗਾਹਾਂ 'ਤੇ ਸ਼ਰਾਬ ਦੇ ਚੜ੍ਹਾਵੇ ਚੜ੍ਹਦੇ ਹਨ।ਸ਼ਰਾਬ ਦੇ ਇਤਿਹਾਸ ਦਾ ਜ਼ਿਕਰ ਮੈਂ ਆਪਣੀ ਕਹਾਣੀ 'ਨੰਗੀਆਂ ਅੱਖੀਆਂ' ਦੀ ਇਕ ਪਾਤਰ ਪੈਮ ਦੇ ਮੂਹੋਂ ਇੰਝ ਕਰਵਾਇਆ ਹੈ:-
ਇਸ ਵਾਰ ਉਸ ਨੂੰ ਸ਼ਰਾਬ ਪਹਿਲਾਂ ਜਿੰਨੀ ਕੌੜੀ ਨਹੀਂ ਜਾਪੀ ਅਤੇ ਹੌਲੀ-ਹੌਲੀ ਚੜ੍ਹਣ ਵੀ ਲੱਗੀ। ਹੱਥ ਉਤਾਂਹ ਚੁੱਕ ਕੇ ਗਿਲਾਸ ਨੂੰ ਅੱਖਾਂ ਦੇ ਬਰਾਬਰ ਕਰਦਿਆਂ ਪਰਮਜੀਤ ਨੀਝ ਨਾਲ ਕੱਚ ਥਾਣੀ ਦੀ ਸ਼ਰਾਬ ਨੂੰ ਨਿਹਾਰਨ ਲੱਗੀ, "ਵਾਹ! ਕੀਆ ਲਾਜਵਾਬ ਚੀਜ਼ ਆ। ਪੀਂਦਿਆਂ ਹੀ ਗ਼ਮ ਭੁੱਲ ਜਾਂਦੇ ਨੇ ਤੇ ਸ਼ਰੀਰ 'ਚ ਮਸਤੀ ਆ ਜਾਂਦੀ ਐ। ਮੈਂ ਤਾਂ ਸ਼ਰਾਬ ਦੀ ਖੋਜ਼ ਕਰਨ ਵਾਲੇ ਤੇ ਵਾਰੀ-ਵਾਰੀ ਜਾਂਦੀ ਆਂ। ਕਈ ਵਾਰੀ ਸੋਚਦੀ ਹੁੰਦੀ ਆਂ ਸ਼ਰਾਬ ਬਣਾਉਣ ਦੀ ਤਰਕੀਬ ਬੰਦੇ ਦੇ ਦਿਮਾਗ ਵਿੱਚ ਆਈ ਕਿਵੇਂ ਹੋਊ?"
ਸ਼ੈਲੀ ਨੇ ਆਪਣੀਆਂ ਬਚਦੀਆਂ ਦੋ ਘੁੱਟਾਂ ਅੰਦਰ ਸਿੱਟੀਆਂ ਤੇ ਆਪਣਾ ਗਿਲਾਸ ਖਾਲੀ ਕਰਕੇ ਹੇਠਾਂ ਰੱਖ ਦਿੱਤਾ, "ਇਹ ਸਭ ਐਕਸੀਡੇਂਟਲੀ  ਹੋਇਆ ਸੀ।" 
"ਐਕਸੀਡੈਂਟਲੀ?- ਉਹ ਕਿਵੇਂ?" ਪਰਮਜੀਤ ਨੇ ਸ਼ੈਲੀ ਵੱਲ ਜਗਿਆਸਾ ਨਾਲ ਦੇਖਿਆ।   
"ਹਾਂ। ਪੁਰਾਤਨ ਕਾਲ ਵਿੱਚ ਜਦੋਂ ਅਜੇ ਮਨੁੱਖੀ ਸਭਿਅਤਾ ਵਿਕਾਸ ਦੀਆਂ ਰਾਹਾਂ ਉਤੇ ਪਈ ਹੀ ਸੀ, ਉਸ ਵੇਲੇ ਦਾ ਵਾਕਿਆ ਹੈ। ਉਹਨਾਂ ਦਿਨਾਂ ਵਿੱਚ ਆਦਿ ਮਾਨਵ ਗੁਫਾਵਾਂ ਵਿੱਚ ਰਹਿੰਦਾ ਹੁੰਦਾ ਸੀ। ਰਾਤ ਨੂੰ ਹਨੇਰੇ ਤੋਂ ਡਰਦਾ ਉਹ ਗੁਫਾ ਤੋਂ ਬਾਹਰ ਨਹੀਂ ਨਿਕਲਦਾ ਹੁੰਦਾ ਸੀ। ਇਸ ਲਈ ਦਿਨੇ ਹੀ ਜੰਗਲੀ ਜਾਨਵਰਾਂ ਦਾ ਮਾਸ ਤੇ ਫੱਲ ਤੋੜ ਕੇ ਰੱਖ ਲੈਂਦਾ ਹੁੰਦਾ ਸੀ, ਜੋ ਉਹ ਰਾਤ ਦੇ ਵਕਤ ਭੁੱਖ ਲੱਗਣ 'ਤੇ ਖਾਹ ਲੈਂਦਾ ਹੁੰਦਾ ਸੀ। ਇੰਝ ਹੀ ਉਦੋਂ ਕਿਤੇ ਗੁਫਾ ਵਿੱਚ ਕੁੱਝ ਅੰਗੂਰ ਬਚੇ ਰਹਿ ਗਏ। ਸਮਾਂ ਪਾ ਕੇ ਅੰਗੂਰ ਗਰਮੀ ਨਾਲ ਗਲਣ ਲੱਗ ਪਏ। ਅੰਗੂਰ ਵਿੱਚਲੀ ਖੰਡ ਦੀ ਪਰਸਪਰ ਛੋਹ ਨਾਲ ਛਿੱਲਕੇ ਉੱਤੇ ਆਈ ਉੱਲੀ ਚੋਂ ਖਮੀਰ ਉਠਿਆ, ਯਾਨੀFermentation Process   ਹੋਇਆ। ਇੰਝ ਲਾਹਣ ਵਿੱਚ ਹੋਈ ਜੀਵ ਰਸਾਇਣਕ ਕਿਰਿਆ ਨੇ ਫਲ ਦੀ ਮਿਠਾਸ ਨੂੰ ਨਸ਼ੀਲੇ ਤਰਲ ਵਿੱਚ ਤਬਦੀਲ ਕਰ ਦਿੱਤਾ। ਕੁੱਝ ਦਿਨਾਂ ਬਾਅਦ ਆਦਿ ਮਾਨਵ ਨੇ ਰਾਤ ਨੂੰ ਆਹਾਰ ਦੀ ਤਲਾਸ਼ ਵਿੱਚ ਹੱਥ ਮਾਰਿਆ। ਭੋਜਨ ਮੁੱਕਿਆ ਹੋਇਆ ਹੋਣ ਕਰਕੇ ਉਸ ਨੇ ਅੰਗੂਰਾਂ ਦੀ ਗਾਵ ਨੂੰ ਚੱਖਿਆ, ਤਾਂ ਉਸ ਨੂੰ ਨਸ਼ਾਂ ਅਨੁਭਵ ਹੋਇਆ। ਬਸ ਫੇਰ ਕੀ ਸੀ? ਹਮੇਸ਼ਾਂ ਹੀ ਆਦਿ ਮਾਨਵ ਅੰਗੂਰਾਂ ਨੂੰ ਗਾਲ ਕੇ ਪੀਣ ਲੱਗ ਪਿਆ। ਇਉਂ ਮੂਲ ਰਸਾਇਣਕ ਕਿਰਿਆ ਦੇ ਸਿਧਾਂਤ ਨਾਲ ਮਨੁੱਖ ਨੇ ਸ਼ਰਾਬ ਬਣਾਉਣੀ ਸ਼ੁਰੂ ਕਰ ਦਿੱਤੀ। ਉਦਣ ਤੋਂ ਲੈ ਕੇ ਅੱਜ ਤੱਕ ਸ਼ਰਾਬ ਨੇ ਘੜਿਆਂ, ਢੋਲਾਂ ਤੋਂ ਹੁੰਦੇ ਹੋਏ ਬੋਤਲਾਂ ਤਾਈਂ ਲੰਮਾ ਸਫਰ ਤੈਅ ਕੀਤਾ ਹੈ।"
"ਅੱਛਾਅ।" ਪਰਮਜੀਤ ਨੇ ਸ਼ੈਲੀ ਦੀ ਜਾਣਕਾਰੀ ਤੋਂ ਪ੍ਰਭਾਵਿਤ ਹੁੰਦਿਆਂ ਸਿਰ ਮਾਰਿਆ।
"ਇਹ ਤਾਂ ਸੀ ਇਤਿਹਾਸ। ਪਰ ਮਿਥਿਹਾਸ ਵਿੱਚ ਹਜ਼ਾਰਾਂ ਸਾਲ ਪਹਿਲਾਂ ਹੀ ਸ਼ਰਾਬ ਦੀ ਉਤਪਤੀ ਹੋ ਜਾਣ ਦਾ ਜ਼ਿਕਰ ਆਉਂਦਾ ਹੈ। ਪੁਰਾਣ ਵਿੱਚ ਇੱਕ ਕਥਾ ਇਉਂ ਆਉਂਦੀ ਹੈ ਕਿ ਦੇਵਤਿਆਂ ਨੇ ਖੀਰ ਸਮੁੰਦਰ ਵਿੱਚ ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ ਸਿੱਟ ਲਿਆ ਤੇ ਸ਼ੇਸ਼ਨਾਗ ਦਾ ਪਾ ਲਿਆ ਉਸ ਨੂੰ ਨੇਤਰਾ। ਇੱਕ ਪਾਸਿਉਂ ਦੇਵਤਿਆਂ ਨੇ ਖਿੱਚਿਆ ਤੇ ਦੂਜੀ ਤਰਫ ਰਾਖਸ਼ਿਸ਼ ਲੱਗ ਗਏ। ਉਹਨਾਂ ਨੇ ਦੱਬ ਕੇ ਸਮੁੰਦਰ ਨੂੰ ਰਿੜਕਿਆ ਤੇ ਉਸ ਵਿੱਚੋਂ ਚੌਦਾਂ ਅਦਭੁੱਤ ਪਦਾਰਥ ਨਿਕਲੇ। ਜਿਵੇਂ ਕਿ ਸ਼੍ਰਵਾ ਘੋੜਾ, ਕਾਮਧੇਨੁ ਗਾਂ, ਕਲਪ ਬ੍ਰਿਖ, ਰੰਭਾ ਅਪਸਰਾ, ਲਖਮੀ, ਚੰਦ੍ਰਮਾ, ਧਨੰਵਤਰਿ, ਪਾਂਚਜਨਯ ਸ਼ੰਖ, ਕੌਸਭਮਣਿ, ਸਾਰੰਗ ਧਨੁੱਖ, ਐਰਾਵਤੀ ਹਾਥੀ, ਅੰਮ੍ਰਿਤ, ਮਦਿਰਾ ਅਤੇ ਜ਼ਹਿਰ। ਇਹਨਾਂ ਵਿੱਚੋਂ ਪਹਿਲੀਆਂ ਤੇਰਾਂ ਚੀਜ਼ਾਂ ਤਾਂ ਧੋਖੇ ਨਾਲ ਦੇਵਤੇ ਲੈ ਗਏ ਤੇ ਉਹਨਾਂ ਨੂੰ ਰਤਨ ਕਿਹਾ ਜਾਣ ਲੱਗਿਆ। ਚੌਦਵੀਂ ਜ਼ਹਿਰ ਬਿਚਾਰੇ ਰਾਖਸ਼ਿਸ਼ਾਂ ਦੇ ਹਿੱਸੇ ਰਹਿ ਗਈ। ਇਸੇ ਕਰਕੇ ਵਿਸ਼ ਨੂੰ ਰਤਨਾਂ ਵਿੱਚ ਨਹੀਂ ਗਿਣਿਆ ਜਾਂਦਾ। ਇਉਂ ਹੁਣ ਵੀ ਮਦਿਰਾ ਯਾਨੀ ਸ਼ਰਾਬ ਨੂੰ ਤੇਰਵੇਂ ਰਤਨ ਵਜੋਂ ਜਾਣਿਆ ਜਾਂਦੈ।"
ਸ਼ਰਾਬ ਦੀ ਅਲਾਮਤ ਤੋਂ ਨਿਜਾਤ ਪਾਉਣ ਲਈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਹੰਭ ਗਈਆਂ ਤੇ ਅਸਫਲ ਰਹੀਆਂ। ਐਸ ਐਸ ਸਵਾਹਨੇ ਦੇ ਲੇਖ‘Prohibition bid in medieval India’ (The Tribune, 24 Feb 1980) ਅਨੁਸਾਰ ਭਾਰਤ ਵਿਚ ਸਭ ਤੋਂ ਪਹਿਲਾਂ ਸ਼ਰਾਬ-ਬੰਦੀ ਅਲਾਉਦ-ਦੀਨ ਖਿਲਜੀ ਨੇ ਲਾਗੂ ਕੀਤੀ ਸੀ। ਫਿਰ ਔਰੰਗਜ਼ੇਬ ਵੀ ਮਹਿਪ੍ਰਸਤੀ ਰੋਕਣ ਦੀ ਨਾਕਾਮ ਕੋਸ਼ਿਸ਼ ਕੀਤੀ।
ਮੇਰੇ ਕੋਲ ਕਦੋਂ ਦੀ ਅਣਲਗ ਬੋਤਲ ਪਈ ਸੀ। ਜਦੋਂ ਮੈਂ ਤਨਦੀਪ ਜੀ ਦੇ ਇਹ ਸ਼ਬਦ ਪੜ੍ਹੇ, "ਕੀ ਸ਼ਰਾਬ....ਜ਼ਿੰਦਗੀ ਅਤੇ ਸਿਹਤ ਤੋਂ ...ਜ਼ਿਆਦਾ ਚੰਗੀ ਹੈ? ਮਾਣਕ ਨੂੰ ਵੀ ਇਹ ਗੱਲ ਪਤਾ ਸੀ ਕਿ ਜੇ ਉਹ ਇੰਝ ਹੀ ਦਾਰੂ ਪੀਂਦਾ ਰਿਹਾ ਤਾਂ... ਪਰ ਫੇਰ ਵੀ ਉਸਨੂੰ ਆਪਣੇ ਪਰਿਵਾਰ... ਆਪਣੇ ਚਾਹੁਣ ਵਾਲਿਆਂ ਦਾ ਖ਼ਿਆਲ ਨਾ ਆਇਆ? ਕਿਉਂ ਮੱਤ ਮਾਰ ਦਿੰਦੇ ਨੇ ਇਹ ਨਸ਼ੇ? ਆਖ਼ਿਰ ਕੀ ਰੱਖਿਐ ਇਸ ਚੰਦਰੀ ਸ਼ਰਾਬ 'ਚ .." ਤਾਂ ਮੇਰਾ ਮਨ ਝੰਜੋੜਿਆ ਗਿਆ। ਮਨ ਵਿਚ ਸੋਚਿਆ, "ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟਿਅਹਿ ਬਿਕਾਰ।" ਪੰਨਾ 553 ਸੱਚਮੁੱਚ ਹੀ ਸ਼ਰਾਬ ਮਤ ਮਾਰ ਦਿੰਦੀ ਹੈ।  ਸ਼ਰਾਬ ਦਾ ਸੇਵਨ ਕਰਨ ਬਾਅਦ ਮਨੁੱਖ ਨੂੰ ਆਪਣੇ ਆਪ ਦੀ ਵੀ ਸੋਝੀ ਨਹੀਂ ਰਹਿੰਦੀ। ਹੋਰ ਕਿਸੇ ਬਾਰੇ ਉਸਨੇ ਕੀ ਸੋਚਣਾ ਹੈ। ਗੁਰਬਾਣੀ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ:-
"ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥" ਪੰਨਾ 554
ਖੁਦ ਰੱਜ ਕੇ ਸ਼ਰਾਬ ਪੀਣ ਵਾਲਾ ਸ਼ੈਕਸਪੀਅਰ ਆਪਣੇ ਨਾਟਕ ਓਥੈਲੋ ਦੇ ਐਕਟ 2, ਸੀਨ 3, 1.291ਸਫਾ 'ਤੇ ਆਪਣੇ ਪਾਤਰ ਦੇ ਮੂੰਹੋਂ ਕਹਾਉਂਦਾ ਹੈ, "O God, that men should put an enemy in their mouths to steal away their brains! That we should, with joy, pleasance, revel and applause, transform ourselves into beasts!" (ਹੇ ਪ੍ਰਮਾਤਮਾ! ਖੁਸ਼ੀ ਖੁਸ਼ੀ ਵੈਰੀ (ਸ਼ਰਾਬ) ਨੂੰ ਮੂੰਹ ਵਿਚ ਪਾਉਂਦੇ ਹਨ ਕਿ ਉਹ ਉਨ੍ਹਾਂ ਦੀ ਅਕਲ ਚੋਰੀ ਕਰ ਲਵੇ ਤੇ ਫਿਰ ਮੌਜ ਮਸਤੀ ਵਿਚ ਝੱਲੇ ਹੋ, ਉਹ ਆਪਣਾ ਆਪ ਇਕ ਪਸ਼ੂ ਵਿਚ ਬਦਲ ਸਕਣ।)
ਮੇਰੇ ਜ਼ਿਹਨ ਵਿਚ ਖਿਆਲ ਆਇਆ ਕਿ ਬੋਤਲ ਘਰੇ ਪਈ ਦੇਖ ਕੇ ਕਿਤੇ ਪੀਣ ਨੂੰ ਨਾ ਦਿਲ ਕਰ ਆਵੇ। ਮੈਂ ਫੌਰਨ ਗਾਰਡਨ ਵਿਚ ਜਾ ਕੇ ਬੋਤਲ ਤੋੜ੍ਹ ਕੇ ਆਇਆ।ਇਹ ਜ਼ਿੰਦਗੀ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਮੈਂ ਸ਼ਰਾਬ ਦੀ ਬੋਤਲ ਤੋੜ੍ਹੀ ਹੋਵੇ।ਹਾਅ…ਹਾ… ਬਾਕੀ ਪੱਕਾ ਪਤਾ ਨਹੀਂ ਇਹ ਜਤ-ਸਤ ਕਦ ਤੱਕ ਨਿਭਾਅ ਸਕਾਂ! ਮੇਰੇ ਵਾਂਗ ਹੀ ਇਕ ਸ਼ਰਾਬੀ ਨੇ ਸ਼ਰਾਬ ਤੋਂ ਤੋਬਾ ਕਰਨ ਦੀ ਸੋਚ ਕੇ ਬੋਤਲ ਚੁੱਕੀ ਤੇ ਉਸਨੂੰ ਮੁਖਾਤਿਬ ਹੋ ਕੇ ਕਹਿਣ ਲੱਗਾ, "ਤੈਨੂੰ ਪੀ ਕੇ ਮੇਰੀ ਨੌਕਰੀ ਗਈ। ਚੱਲ ਬਾਹਰ।" ਗਲੀ ਵਿਚ ਸਿੱਟ ਕੇ ਬੋਤਲ ਭੰਨ੍ਹ ਦਿੰਦਾ ਹੈ। ਦੂਜੀ ਬੋਤਲ ਚੁੱਕਦਾ ਹੋਇਆ ਕਹਿੰਦਾ ਹੈ, "ਤੈਨੂੰ ਪੀ ਕੇ ਮੇਰਾ ਘਰ ਵਿਕ ਗਿਆ। ਚੱਲ ਬਾਹਰ।" ਦੂਜੀ ਬੋਤਲ ਵੀ ਤੋੜ੍ਹ ਦਿੰਦਾ ਹੈ। ਤੀਜੀ ਬੋਤਲ ਉਠਾਈ, "ਤੈਨੂੰ ਪੀ ਕੇ ਮੇਰੀ ਘਰਵਾਲੀ ਮੈਨੂੰ ਛੱਡ ਕੇ ਚਲੀ ਗਈ। ਚੱਲ ਬਾਹਰ।" ਤੀਜੀ ਬੋਤਲ ਵੀ ਕੀਚਰਾਂ-ਕੀਚਰਾਂ ਕਰ ਦਿੰਦਾ ਹੈ। ਫੇਰ ਚੌਥੀ ਬੋਤਲ ਨੂੰ ਹੱਥ ਪਾਉਂਦਾ ਹੈ ਤਾਂ ਉਹ ਸੀਲਬੰਦ ਭਰੀ ਹੋਈ ਨਿਕਲਦੀ ਹੈ। ਸ਼ਰਾਬੀ ਉਸ ਬੋਤਲ ਨੂੰ ਕਹਿੰਦਾ ਹੈ, "ਤੂੰ ਪਾਸੇ ਹੋ ਜਾਹ ਤੇਰਾ ਕੋਈ ਕਸੂਰ ਨ੍ਹੀਂ।"
ਪਰ ਮੈਂ ਵਾਕਈ ਭਰੀ ਹੋਈ ਬੋਤਲ ਭੰਨ੍ਹੀ ਸੀ।ਹੁਣ ਸੋਚਦਾ ਹਾਂ ਕਿ ਸ਼ੁਹਰਤ ਅਤੇ ਕਲਾ ਵਿਚ ਹੀ ਨਸ਼ਾ ਤਾਂ ਬਹੁਤ ਹੁੰਦਾ ਹੈ। ਫੇਰ ਹੋਰ ਨਸ਼ਿਆ ਦਾ ਸਹਾਰਾ ਲੈਣ ਦੀ ਕੀ ਲੋੜ੍ਹ ਹੈ। ਹੁਣ ਠੰਡੇ ਦਿਮਾਗ ਨਾਲ ਸੋਚਦਾ ਹਾਂ ਤਾਂ ਸ਼ਰਾਬ ਨਾਲ ਨਫਰਤ ਹੁੰਦੀ ਹੈ। ਕਿੰਨਾ ਨੁਕਸਾਨ ਕਰਵਾਇਆ ਹੈ ਮੈਂ ਇਸ ਸ਼ਰਾਬ ਦੀ ਵਜ੍ਹਾ ਨਾਲ। ਥੌਮਸ ਜੇ ਜੈਕਸਨ ਨੇ ਕਿੰਨਾ ਸਹੀ ਕਿਹਾ ਹੈ, "I am more afraid of alcohol than of all the bullets of the enemy."
ਮੈਨੂੰ ਜਦੋਂ ਕੋਈ ਕਹਿੰਦਾ ਕਿ ਤੇਰੇ ਵਿਚ ਐਨਾ ਟੈਲੰਟ ਹੈ, ਤੂੰ ਸ਼ਰਾਬ ਪੀ ਕੇ ਅਜਾਈਂ ਕਿਉਂ ਗਵਾ ਰਿਹਾ ਹੈਂ ਤਾਂ ਮੈਨੂੰ ਮਿਰਜ਼ਾ ਗਾਲਿਬ ਦਾ ਸ਼ਿਅਰ ਯਾਦ ਆ ਜਾਂਦਾ:-
"ਵੁਹ ਮਸਾਇਲ-ਇ-ਤਸੱਵਫ, ਵਹੁ ਤੇਰਾ ਬਿਆਨ ਗਾਲਿਬ,
ਤੁਝੇ ਹਮ ਵਲੀ ਸਮਝਤੇ ਜੋ ਨਾ ਬਾਦਾ-ਖਵਾਰ ਹੋਤਾ॥"
ਪੰਜਾਬੀ ਵਿਚ ਇਸਦੀ ਤਰਜ਼ਮਾਨੀ ਕੁਝ ਇਸ ਪ੍ਰਕਾਰ ਹੋਵੇਗੀ,  "ਤੇਰਾ ਰੱਬ ਦਾ ਵੇਰਵਾ ਵਾਹ ਸਾਈਂ, ਅਤੇ ਗਾਲਿਬਾ ਕੜਕ ਬਿਆਨ ਤੇਰਾ। ਜੇਕਰ ਪੀਣ ਦੀ ਤੈਨੂੰ ਨਾ ਮਾਰ ਹੁੰਦੀ, ਸਾਡੇ ਲਈ ਤੂੰ ਵਲੀ ਅਵਤਾਰ ਹੁੰਦਾ॥" ਮੈਂ ਖੁਸ਼ਕਿਸਮਤ ਸੀ ਮੇਰੇ ਦੋਸਤਾਂ ਵਰਗੇ ਪਾਠਕਾਂ ਨੇ ਮੇਰੀ ਸ਼ਰਾਬ ਛਡਾਉਣ ਲਈ ਪੂਰਾ ਜ਼ੋਰ ਲਾਇਆ ਤੇ ਇਸ ਵਿਚ ਸਭ ਤੋਂ ਅਹਿਮ ਭੂਮਿਕਾ ਸਾਬਕਾ ਕੌਂਸਲਰ ਜਗਿੰਦਰ ਸਿੰਘ ਬੱਲ ਦੇ ਭਤੀਜੇ ਸਰਬਜੀਤ ਸਿੰਘ ਬੱਲ, ਸਲੋਹ ਦੀ ਰਹੀ। ਉਸ ਨੇ ਬਹਾਨੇ ਨਾਲ ਮੈਨੂੰ ਬੁਲਾ ਕੇ ਆਪਣੇ ਘਰ ਰੱਖਿਆ ਤੇ ਮੈਨੂੰ ਪੀਣ ਨਹੀਂ ਦਿੱਤੀ। ਸ਼ਰਾਬ ਬਿਨਾ ਮੰਜੇ 'ਤੇ ਪਿਆ ਮੈਂ ਅੱਡੀਆਂ ਰਗੜਣ ਲੱਗਾ। ਮੈਨੂੰ ਪਤਾ ਸੀ ਕਿ ਮੈਨੂੰ ਸ਼ਰਾਬ ਦੀ ਕਿੰਨੀ ਤਲਬ ਹੋ ਰਹੀ ਹੈ। ਮੈਂ ਸਾਬੀ ਨੂੰ ਕਿਹਾ ਮੈਨੂੰ ਥੋੜ੍ਹੀ ਜਿਹੀ ਪੀ ਲੈਣ ਦੇਹ ਨਹੀਂ ਮੈਂ ਮਰ ਜਾਉਂਗਾ। ਪਰ ਉਸ ਨੇ ਪੀਣ ਨਾ ਦਿੱਤੀ ਤੇ ਮੈਨੂੰ ਹਸਪਤਾਲ ਲੈ ਗਿਆ। ਸਾਬੀ ਨੇ ਮੈਨੂੰ ਸ਼ਰਾਬ ਛੱਡਣ ਲਈ ਮਜ਼ਬੂਰ ਕਰ ਦਿੱਤਾ ਤੇ ਮੈਂ ਮੁੜ ਲਿਖਣ ਵਿਚ ਸਰਗਰਮ ਹੋ ਗਿਆ।ਜਪਾਨ ਦੀ ਸਾਕੀ, ਗੋਆ ਦੀ ਫੇਨੀ, ਨੇਪਾਲ ਦੀ ਤਾੜੀ, ਸਕਾਟਲੈਂਡ ਦੀ ਸਕਾਚ, ਪੰਜਾਬ ਦੀ ਰੂੜੀ ਮਾਰਕਾ ਜੁਗਨੀ, ਰਸ਼ੀਆ ਦੀ ਵੋਦਕਾ, ਗੱਲ ਕੀ ਹਰ ਮੁਲਖ ਦੀ ਹਰੇਕ ਤਰ੍ਹਾਂ ਦੀ ਸ਼ਰਾਬ ਪੀ ਕੇ ਦੇਖ ਲਈ। ਬੰਦਾ ਮੁੱਕ ਜਾਂਦਾ ਹੈ, ਸ਼ਰਾਬ ਨਹੀਂ ਮੁੱਕਦੀ। ਸਾਡਾ ਲੋਕ ਗੀਤ ਹੈ ਕੁੜੀ ਦੀ ਤੁਲਨਾ ਸ਼ਰਾਬ ਨਾਲ ਕਰਦਿਆਂ ਸ਼ਾਇਰ ਨੇ ਲਿਖਿਆ ਹੈ, 'ਨਸ਼ੇ ਦੀਏ ਬੰਦ ਬੋਤਲੇ ਤੈਨੂੰ ਪੀਣਗੇ ਨਸੀਬਾਂ ਵਾਲੇ' ਹੁਣ ਜੇ ਇਸ ਨੂੰ ਸ਼ਰਾਬ ਦੇ ਹੀ ਸੰਦਰਭ ਵਿਚ ਦੇਖੀਏ ਤਾਂ ਸ਼ਰਾਬ ਬੰਦੇ ਨੂੰ ਪੀ ਜਾਂਦੀ ਹੈ, ਪਰ ਅੱਜ ਤੱਕ ਉਹ ਨਸੀਬਾਂ ਵਾਲਾ ਮਾਈ ਦਾ ਲਾਲ ਪੈਦਾ ਨਹੀਂ ਹੋਇਆ, ਜਿਸ ਨੇ ਸ਼ਰਾਬ ਨੂੰ ਪੀਤਾ ਹੋਵੇ ਤੇ ਜਿਸ ਨੂੰ ਸ਼ਰਾਬ ਨੇ ਨਾ ਪੀਤਾ ਹੋਵੇ। ਜਿਵੇਂ ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਉਵੇਂ ਮੈਂ ਮੁੜਿਆ ਹਾਂ।ਸ਼ਰਾਬ ਤੋਂ ਤੋਬਾ ਕਰਨ ਲਈ ਦਿਮਾਗ ਨੇ ਕਿਹਾ, "ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣ॥" (ਪੰਨਾ 441)
ਹੁਣ ਜੋ ਖੁਸਿਆ ਸੀ ਮੁੜ ਆਹੀਸਤਾ ਆਹੀਸਤਾ ਵਾਪਿਸ ਆ ਰਿਹਾ ਹੈ। ਸਾਇਨਕਾ ਨੇ ਕਿਹਾ ਹੈ, "Drunkenneness is nothing else than a voluntary madness and step towards sucide." ਮਾਣਕ ਦੇ ਮੁਕਾਬਲੇ ਮੈਂ ਤਾਂ ਕੁਝ ਵੀ ਨਹੀਂ। ਮਾਣਕ ਦੇ ਚੇਲਿਆਂ ਤੇ ਪ੍ਰਸੰਸਕਾਂ ਨੂੰ ਮੈਂ ਇਹ ਸਵਾਲ ਖੜ੍ਹਾ ਕਰਦਾ ਹਾਂ ਕਿ ਉਹਨਾਂ ਨੇ ਅਜਿਹਾ ਯਤਨ ਕਿਉਂ ਨਹੀਂ ਕੀਤਾ? ਚਾਰ ਦਿਨ ਮਾਣਕ ਬਾਰੇ ਜ਼ਿਕਰ ਕਰਨਗੇ ਤੇ ਫਿਰ ਭੁੱਲ ਜਾਣਗੇ। ਹੁਣ ਲੋਕ ਆਪਣੇ ਸਵਾਰਥ ਲਈ ਮਾਣਕ ਦੇ ਨਾਂ 'ਤੇ ਮੇਲੇ ਲਾਉਣਗੇ। ਗਾਇਕ ਉਹਨਾਂ ਮੇਲਿਆਂ ਵਿਚ ਆਉਣਗੇ ਤੇ ਆਪਣੇ ਆਪ ਨੂੰ ਪ੍ਰਮੋਟ ਕਰਕੇ ਡੰਡੀ ਪੈਣਗੇ। ਇਹ ਕੌੜੀ ਸਚਾਈ ਤੇ ਦੁਨੀਆਂ ਦੀ ਰੀਤ ਹੈ। ਜਿਵੇਂ  ਕਹਿੰਦੇ ਹਨ 'ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲ੍ਹਾ' ਯੁੱਧਵੀਰ ਮਾਣਕ ਤੋਂ ਵੀ ਵੱਧ ਨਸ਼ਿਆਂ ਦਾ ਆਦੀ ਹੋ ਚੁੱਕਾ ਹੈ। ਮਾਣਕ ਲਈ ਉਸਦੇ ਚਹੇਤੇ ਕੁਝ ਨਹੀਂ ਕਰ ਸਕੇ (ਉਹਦੇ ਜਿਉਂਦੇ 'ਤੇ ਇਲਾਜ਼ ਖਰਚ ਦੇਣ ਬਿਨਾ) ਤਾਂ ਘੱਟੋ ਘੱਟ ਮਾਣਕ ਦੇ ਮੁੰਡੇ ਯੁੱਧਵੀਰ ਨੂੰ ਸ਼ਰਾਬ ਅਤੇ ਨਸ਼ਿਆਂ ਤੋਂ ਦੂਰ ਰੱਖ ਕੇ ਗਾਇਕੀ ਵਿਚ ਖੜ੍ਹਾ ਕਰਨ ਲਈ ਹੰਭਲਾ ਹੀ ਮਾਰ ਲੈਣ!!! ਸ਼ਰਾਬ ਦੇ ਅਜ਼ਾਬ ਵਿਚੋਂ ਨਿਕਲਣ ਬਾਅਦ ਮੇਰੀ ਤਾਂ ਇਹੀ ਅਰਦਾਸ ਹੈ ਕਿ "ਦਿੱਕ ਹੋ, ਸਿੱਲ ਹੋ, ਪਲੇਗ ਹੋ, ਕੋਈ ਭੀ ਭਾਰੀ ਅਜ਼ਾਬ ਹੋ। ਮਗਰ ਐ ਕੁਦਾ ਦੋ ਜ਼ਹਾਂ, ਨਾ ਕਿਸੀ ਕੋ ਸ਼ੌਕ-ਏ-ਸ਼ਰਾਬ ਹੋ!" ਇਸ ਲੇਖ ਨੂੰ ਲ਼ਿਖਣ ਦਾ ਮੇਰਾ ਮਕਸਦ ਇਹੀ ਹੈ ਕਿ ਜੇਕਰ ਤੁਸੀਂ ਕਿਸੇ ਫਨਕਾਰ ਦੇ ਕਦਰਦਾਨ ਹੋ ਤਾਂ ਉਸਨੂੰ ਨਸ਼ਿਆਂ ਤੋਂ ਵਰਜੋ ਤੇ ਦੂਰ ਰੱਖਣ ਲਈ ਕੋਸ਼ਿਸ਼ ਕਰੋ।
ਆਲਮਾ ਇਕਬਾਲ ਲਿਖਦਾ ਹੈ,
"ਨਸ਼ਾ ਪਿਲਾ ਕੇ ਗਿਰਾਨਾ ਤੋ ਸਭ ਕੋ ਆਤਾ ਹੈ। 
ਮਜ਼ਾ ਤੋ ਤਬ ਹੈ ਕਿ ਗਿਰਤੋਂ ਕੋ ਥਾਮ ਲੇ ਸਾਕੀ।"
Balraj Sidhu, Jandu Littaranwala and Dr. Rattan Rehal

No comments:

Post a Comment