Jugni


ਜੁਗਨੀ 


-ਬਲਰਾਜ ਸਿੰਘ ਸਿੱਧੂ

ਮੇਰੀ ਜੁਗਨੀ ਦੇ ਧਾਗੇ ਬੱਗੇ
ਜੁਗਨੀ ਉਹਦੇ ਮੂੰਹੋਂ ਫੱਬੇ
ਜੀਹਨੂੰ ਸੱਟ ਇਸ਼ਕ ਦੀ ਲੱਗੇ।
ਅੱਲਾ ਬਿਸਮਿਲਾ ਤੇਰੀ ਜੁਗਨੀ…
ਸਾਈਂ ਮੈਂਡਿਆ ਵੇ ਤੇਰੀ ਜੁਗਨੀ…

ਜੁਗਨੀ ਪੰਜਾਬੀ ਜ਼ੁਬਾਨ ਦਾ ਅਹਿਜਾ ਲੋਕ ਗੀਤ ਹੈ, ਜਿਸਨੂੰ ਹਰ ਪੰਜਾਬੀ ਨੇ ਸੁਣਿਆ ਹੋਇਆ ਹੈ। ਗੁਰਮੀਤ ਬਾਵਾ, ਆਲਮ ਲੁਹਾਰ, ਆਲਿਫ ਲੁਹਾਰ, ਗੁਰਦਾਸ ਮਾਨ, ਰੱਬੀ ਸ਼ੇਰਗਿੱਲ, ਕੁਲਦੀਪ ਮਾਣਕ, ਹਰਭਜਨ ਮਾਨ ਆਦਿ ਨੇ ਇਸ ਨੂੰ ਆਪੋ ਆਪਣੇ ਰੰਗ ਵਿਚ ਗਾਇਆ ਹੈ। ਸੁਰਜੀਤ ਬਿੰਦਰਖੀਏ ਨੇ ਤਾਂ ਇਸ ਨੂੰ ਪੰਜ ਰੰਗ ਵਿਚ ਗਾਉਣ ਦਾ ਦਾਵਾ ਵੀ ਕੀਤਾ ਸੀ। ਕਮਲਜੀਤ ਨੀਰੂ ਨੇ ਜੁਗਨੀ ਨੂੰ ਮੌਡਰਨ ਟਰੀਟਮੈਂਟ ਦੇਣ ਦਾ ਐਲਾਨ ਕੀਤਾ ਸੀ ਪਰ ਉਸ ਵੱਲੋਂ ਗਾਈ ਜੁਗਨੀ ਵਿਚ ਬੀਟ ਤੋਂ ਸਿਵਾਏ ਕੁਝ ਵੀ ਨਵਾਂ ਨਹੀਂ ਸੀ। ਜਗਮੋਹਣ ਕੌਰ ਨੇ ਅਤੇ ਆਸਾ ਸਿੰਘ ਮਸਤਾਨਾ ਨੇ ਆਪਣੇ ਅੰਦਾਜ਼ ਵਿਚ ਗਾਇਆ ਹੈ।ਐਮ ਬੀ ਈ ਗੋਲਡਨ ਸਟਾਰ ਮਲਕੀਤ ਸਿੰਘ ਨੇ ਇੰਗਲੈਂਡ ਦੇ ਸ਼ਹਿਰਾਂ ਵਿਚ ਜੁਗਨੀ ਨੂੰ ਘੁੰਮਾ ਕੇ 'ਜੁਗਨੀ ਜਾ ਵੜੀ ਬ੍ਰਮਿੰਘਮ, ਖਾਂਦੀ ਸੋਹੋ ਰੋਡ 'ਤੇ ਚਿੰਗਮ' ਗਾਇਆ, ਇਹ ਇਕ ਵੱਖਰਾ ਰੰਗ ਸੀ। ਕਨਿਕਾ ਦੁਅਰਾ ਗਾਈ ਜੁਗਨੀ ਵੀ ਕਾਫੀ ਚਰਚਿਤ ਰਹੀ ਸੀ। ਨਿਸ਼ਵਾਨ ਭੁੱਲਰ ਨੇ ਆਪਣੇ ਤਰੀਕੇ ਵਿਚ ਪੁਲੀਟਿਕਲ ਜੁਗਨੀ ਪੇਸ਼ ਕੀਤੀ ਹੈ। ਲੱਕੀ ਲੱਕੀ ਓਏ, ਤੱਨੂ ਵੈਡਜ਼ ਮੱਨ ਤੋਂ ਇਲਾਵਾ ਇਹ ਗੀਤ ਅਨੇਕਾਂ ਫਿਲਮਾਂ ਦਾ ਸ਼ਿਗਾਰ ਬਣਿਆ ਹੈ।ਇਸ ਤੋਂ ਇਲਾਵਾ ਬਹੁਤ ਸਾਰਿਆਂ ਨੇ ਜੁਗਨੀ ਗਾਈ ਹੈ ਜਾਂ ਕਹਿ ਲਵੋ ਕਿ ਤਕਰੀਬਨ ਹਰ ਗਾਇਕ ਨੇ ਜੁਗਨੀ ਨੂੰ ਗਾਇਆ ਹੈ।

ਨੰਗੇ ਸਾਗਰ ਦੀ ਸੈਰ

ਨੰਗੇ ਸਾਗਰ ਦੀ ਸੈਰ
-ਬਲਰਾਜ ਸਿੰਘ ਸਿੱਧੂ



ਅੱਜ ਮਿਤੀ ਇਕ ਸਤੰਬਰ ਦੋ ਹਜ਼ਾਰ ਤੇਰਾਂ ਨੂੰ ਪੰਜਾਬ ਟੈਲੀਗ੍ਰਾਫ ਵੱਲੋਂ ਪੰਜਾਬ ਟੂਰਜ਼ ਦੇ ਬੈਨਰ ਹੇਠ ਇੰਗਲੈਂਡ ਦੇ ਇਕ ਮਸ਼ਹੂਰ ਸਮੁੰਦਰੀ ਤੱਟ ਬ੍ਰਾਇਟਨ ਨੂੰ ਟੂਰ ਲਿਜਾਇਆ ਗਿਆ। ਵੈਸੇ ਤਾਂ ਲੀਮੋਸੋਲ (ਸਾਇਪ੍ਰਸ), ਓਸਟੈਂਡ (ਬੈਲਜ਼ੀਅਮ) ਆਦਿਕ ਯਾਨੀ ਕਿ  ਦੁਨੀਆਂ ਦੇ ਹੋਰ ਅਨੇਕਾਂ ਮੁਲਖਾਂ ਦੇ ਸਮੁੰਦਰ ਦੇਖੇ ਹਨ। ਇੰਗਲੈਂਡ ਦੇ ਵੀ ਬਲੈਕਪੂਲ, ਸਾਊਥਐਂਡ-ਔਨ-ਸੀਅ ਅਤੇ ਵੈਸਟਰਨਸੁਪਰਮੇਅਰ ਆਦਿ ਨੂੰ ਤਾਂ ਨਾਨਕੀ ਜਾਣ ਵਾਂਗ ਜਦੋਂ ਚਿੱਤ ਕਰੇ ਚਲੇ ਜਾਈਦੈ। ਬ੍ਰਾਇਟਨ ਦੇ ਇਸ ਸਾਗਰ ਦੀ ਸੈਰ ਦਾ ਵੀ ਇਹ ਕੋਈ ਪਹਿਲਾ ਅਵਸਰ ਨਹੀਂ ਸੀ। ਕਾਲਜ਼ ਦੇ ਦਿਨਾਂ ਵਿਚ ਤਾਂ ਤਕਰੀਬਨ ਹਰ ਦੂਜੇ ਤੀਜੇ ਸਪਤਾਹ ਅੰਤ ਉੱਤੇ ਇੱਥੇ ਜਾ ਕੇ 'ਡੱਟ' ਖੋਲ੍ਹੀਦੇ ਸਨ। ਲੇਕਿਨ ਬ੍ਰਾਇਟਨ ਦੀ ਮੇਰੀ ਇਸ ਫੇਰੀ ਵਿਚ ਪੂਰਬਲੀਆਂ ਫੇਰੀਆਂ ਨਾਲੋਂ ਭਿੰਨਤਾ ਸੀ। ਪਹਿਲਾਂ ਇਕ ਆਸ਼ਿਕਮਿਜ਼ਾਜ ਗੱਭਰੂ ਇੱਥੇ ਜਾਂਦਾ ਹੁੰਦਾ ਸੀ ਤੇ ਹੁਣ ਇਕ ਸੰਜ਼ੀਦਾ ਤੇ ਸਾਹਿਤ ਨੂੰ ਸਮਰਪਿਤ ਲੇਖਕ ਜਾ ਰਿਹਾ ਸੀ।


ਬ੍ਰਾਇਟਨ, ਪੂਰਬੀ ਸਸੈਕਸ ਕਾਉਂਟੀ ਅਧੀਨ ਪੈਂਦਾ ਗ੍ਰੇਟ ਬ੍ਰਿਟਿਨ ਦੀ ਦੱਖਣੀ ਬੰਦਰਗਾਹ ਵਾਲਾ ਸ਼ਹਿਰ ਹੈ। ਇਸ ਦੇ ਵਸਣ ਦਾ ਇਤਿਹਾਸ 1080 ਤੋਂ ਵੀ ਪਹਿਲਾਂ ਦਾ ਹੈ। ਪਹਿਲਾਂ ਇਸ ਨੂੰ ਬ੍ਰਿਸਟੈਲਮਸਟਿਉਨ ਆਖਿਆ ਜਾਂਦਾ ਸੀ। ਪੁਰਾਣੀ ਅੰਗਰੇਜ਼ੀ ਦੇ ਇਸ ਸ਼ਬਦ ਦਾ ਅਰਥ ਹੈ, ਪੱਥਰ ਦਾ ਚਮਕੀਲਾ ਟੋਪ। ਇਹ ਸਿੱਲ ਟੋਪ ਸਮੁੰਦਰੀ ਹਮਲਾਵਰਾਂ ਦਾ ਟਾਕਰਾ ਕਰਨ ਵਾਲੇ ਸੈਨਿਕ ਆਪਣੀ ਸੁਰੱਖਿਆ ਲਈ ਪਹਿਨਿਆ ਕਰਦੇ ਸਨ। ਭਾਵ ਬ੍ਰਾਇਟਨ ਨੂੰ ਇੰਗਲੈਂਡ ਦਾ ਸੁਰੱਖਿਆ ਟੋਪ ਮੰਨਿਆ ਜਾਂਦਾ ਸੀ, ਕਿਉਂਕਿ ਸਮੁੰਦਰ ਰਸਤਿਉਂ ਹੋਣ ਵਾਲੇ ਹਮਲੇ ਜ਼ਿਆਦਾ ਇਸੇ ਮਾਰਗ ਰਾਹੀਂ ਹੁੰਦੇ ਸਨ ਤੇ ਸਭ ਤੋਂ ਪਹਿਲਾਂ ਬ੍ਰਾਇਟਨ ਵਾਸੀ ਹੀ ਦੁਸ਼ਮਣ ਦਾ ਟਾਕਰਾ ਕਰਦੇ ਸਨ। ਬਾਰਵੀਂ ਤੇਰਵੀਂ ਸਦੀ ਵਿਚ ਇਹ ਨਾਮ ਵਿਗੜ ਕੇ ਬ੍ਰਾਇਟਹਲਮਸਟੋਨ ਬਣ ਗਿਆ ਸੀ, ਜਿਸ ਦਾ ਅਰਥ ਵੀ ਉਹੀ ਸੀ। ਉਸ ਤੋਂ ਬਾਅਦ ਬ੍ਰਾਇਟਹਲਮਸਟੋਨ ਦਾ ਮੌਜੂਦਾ ਸੰਖੇਪ ਰੂਪ ਬ੍ਰਾਇਟਨ ਪ੍ਰਚਲਤ ਹੋ ਗਿਆ ਸੀ।