ਪਿਆਰ

ਪਿਆਰ-ਪਿਆਰ-ਪਿਆਰ। ਆਖਰ ਇਹ ਪਿਆਰ ਹੈ ਕੀ? -ਚਲੋ ਮੈਂ ਹੀ ਦੱਸਦਾਂ। ਪਿਆਰ ਇੱਕ ਐਸਾ ਉਲਝਿਆ ਅਤੇ ਵਸੀਹ ਵਿਸ਼ਾ ਹੈ ਜਿਸ ਬਾਰੇ ਹਰ ਇੰਨਸਾਨ ਦਾ ਆਪੋ-ਆਪਣਾ ਖਿਆਲ ਹੈ। ਪਲੈਟੋ ਅਨੁਸਾਰ, "ਪਿਆਰ ਇੱਕ ਲਾਇਲਾਜ਼ ਅਤੇ ਭਿਆਨਕ ਮਾਨਸਿਕ ਰੋਗ ਹੈ।"
ਵੁੱਲਵਰ ਲਿਟਨ ਦਾ ਮੰਨਣਾ ਹੈ ਕਿ ਪਿਆਰ ਵਿਹਲੜਾਂ ਲਈ ਰੁਝੇਵਾਂ ਤੇ ਰੁਝੇ ਲੋਕਾਂ ਲਈ ਵਿਹਲ ਹੈ।
ਸ਼ਰੀਰ ਦੇ ਅੰਦਰ ਅਤੇ ਸੰਸਾਰ ਦੇ ਬਾਹਰ ਨੂੰ ਭੁੱਲਣਾ ਹੀ ਪਿਆਰ ਹੈ। ਇਹ ਰਾਮਕ੍ਰਿਸ਼ਨ ਪਰਮਹੰਸ ਦਾ ਵਿਚਾਰ ਸੀ।
ਰਵਿੰਦਰ ਨਾਥ ਟੈਗੋਰ ਨੇ ਫੁਰਮਾਇਆ ਹੈ, ਪਿਆਰ ਆਤਮਾਂ ਨੂੰ ਪਵਿਤਰ ਕਰਨ ਵਾਲੀ ਚੀਜ਼ ਹੈ।
ਅੰਮ੍ਰਿਤਾ ਪ੍ਰੀਤਮ ਦੀ ਰਾਏ ਹੈ, ਪਿਆਰ ਵਿੱਚ ਸਾਰੀਆਂ ਹੀ ਤਾਕਤਾਂ ਹੁੰਦੀਆਂ ਹਨ, ਪਰ ਉਸ ਵਿੱਚ ਬੋਲਣ ਦੀ ਸਮਰਥਾ ਨਹੀਂ ਹੁੰਦੀ।
ਜਸਵੰਤ ਸਿੰਘ ਕੰਵਲ ਇੱਕ ਜਗ੍ਹਾ ਲਿਖਦਾ ਹੈ, "ਪਿਆਰ ਦੀ ਤਾਸੀਰ ਇੱਕ ਫੁੱਲ ਵਰਗੀ ਹੈ, ਜਿਹੜਾ ਨਾ ਬੋਲਣ ਤੇ ਵੀ ਸੁਗੰਧੀ ਅੰਦਰ ਘੁੱਟ ਕੇ ਨਹੀਂ ਰੱਖ ਸਕਦਾ।"
ਪਿਆਰ ਬਾਰੇ ਥੰੌਮਸ ਮਿਡਲਟਨ ਨੇ ਵੀ ਬੜਾ ਖੂਬ ਕਿਹਾ ਹੈ, "ਪਿਆਰ ਇੱਕ ਅੱਗ ਹੈ ਪਰੰਤੂ ਹਮੇਸ਼ਾਂ ਠੰਡਕ ਵਰਤਾਉਂਦਾ ਹੈ। ਪਿਆਰ ਇੱਕ ਜਿੱਤ ਹੈ, ਪਰ ਅਕਸਰ ਹਾਰਦਾ ਰਹਿੰਦਾ ਹੈ। ਪਿਆਰ ਸੱਚ ਹੈ, ਲੇਕਿਨ ਝੂਠ ਬਲਾਵਾਉਂਦਾ ਰਹਿੰਦਾ ਹੈ। ਪਿਆਰ ਪਸੰਦੀ ਪੈਦਾ ਹੈ, ਕਿੰਤੂ ਜਨਮਦਾ ਨਫਰਤ ਤੋਂ ਹੈ। ਪਿਆਰ ਸਭ ਕੁੱਝ ਹੈ, ਅਸਲ ਵਿੱਚ ਕੁੱਝ ਵੀ ਨਹੀਂ।"
ਬਾਈਬਲ ਵਿੱਚ ਦਰਜ ਹੈ ਕਿ 'ਲਵ ਇੱਜ਼ ਗੰੌਡ'।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਸਲ ਵਿੱਚ ਪਿਆਰ ਹੈ ਕੀ?
ਭਾਵੇਂ ਪਿਆਰ ਬਾਰੇ ਬਹੁਤ ਕੁੱਝ ਲਿਖਿਆ ਜਾ ਚੁੱਕਿਆ ਹੈ, ਲਿਖਿਆ ਜਾ ਰਿਹਾ ਹੈ ਤੇ ਅੱਗੇ ਤੋਂ ਵੀ ਲਿਖਿਆ ਜਾਵੇਗਾ। ਗ੍ਰੰਥਾਂ ਦੇ ਗੰ੍ਰਥ ਲਿਖੇ ਜਾਣ ਦੇ ਬਾਵਜੂਦ ਵੀ ਪਿਆਰ ਨੂੰ ਕੋਈ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਿਆ। ਮੇਰੇ ਮੁਤਾਬਿਕ ਪਿਆਰ ਦੇ ਕੁੱਝ ਪਹਿਲੂਆਂ ਦਾ ਹੀ ਜ਼ਿਕਰ ਕੀਤਾ ਸਕਦਾ ਹੈ, ਇਸਨੂੰ ਮੁਕੱਮਲ ਰੂਪ  ਵਿੱਚ ਕਦੇ ਵੀ ਬਿਆਨ ਨਹੀਂ ਕਰਿਆ ਜਾ ਸਕਦਾ। ਪਿਆਰ ਨੂੰ ਅਸੀਂ ਆਪ ਤਾਂ ਮਹਿਸੂਸ ਕਰ ਸਕਦੇ ਹਾਂ। ਲੇਕਿਨ ਇਸਦੀ ਪਰਿਭਾਸ਼ਾ ਕਿਸੇ ਨੂੰ ਨਹੀਂ ਦੱਸ ਸਕਦੇ। ਪਿਆਰ ਐਸੀ ਸ਼ੈਅ ਹੈ ਜਿਸਨੂੰ ਹਰ ਇੰਨਸਾਨ ਕਿਸੇ ਨਾ ਕਿਸੇ ਰੂਪ ਵਿੱਚ ਕਰਦਾ ਹੈ। ਪਿਆਰ ਬਿਨਾਂ ਸੱਖਣੇ ਜੀਵਨ ਵਿੱਚ ਬਾਕੀ ਕੁੱਝ ਵੀ ਨਹੀਂ ਬੱਚਦਾ।
ਇਹ ਤਾਂ ਸੀ ਭੂਮਿਕਾ, ਜਿਹੜੀ ਮੈਂ ਹੁਣ ਤੱਕ ਬੰਨ੍ਹੀ ਹੈ। ਜਿੱਥੋਂ ਤੱਕ ਕਹਾਣੀ ਦਾ ਸਵਾਲ ਹੈ, ਅਸਲੀ ਕਹਾਣੀ ਹੁਣ ਸ਼ੁਰੂ ਹੁੰਦੀ ਹੈ। ਵੈਸੇ ਮੈਂ ਪਹਿਲਾਂ ਹੀ ਦੱਸ ਦੇਵਾਂ ਕਿ ਮੈਂ ਕੋਈ ਕਹਾਣੀਕਾਰ ਨਹੀਂ ਹਾਂ। ਦਰਅਸਲ ਮੈਂ ਇੱਕ ਜੱਜ ਹਾਂ। ਇਸ ਵੇਲੇ ਮੇਰੀ ਅਦਾਲਤ ਲੱਗੀ ਹੋਈ ਹੈ। ਇੱਕ ਵਿਆਹੁਤਾ ਜੋੜੇ ਦੇ ਤਲਾਕ ਦਾ ਕੇਸ ਭੁਗਤ ਰਿਹਾ ਹੈ। ਦੋਨੋਂ ਧਿਰਾਂ ਦੇ ਵਕੀਲ ਆਪਣੀ ਕਾਰਵਾਈ ਕਰ ਚੁੱਕੇ ਹਨ। ਮੀਆਂ-ਬੀਵੀ ਵੀ ਵਾਰੋ-ਵਾਰੀ ਆਪੋ ਆਪਣਾ ਪੱਖ ਮੇਰੇ ਸਾਹਮਣੇ ਪੇਸ਼ ਕਰ ਹਟੇ ਹਨ ਪਤਨੀ ਦਾ ਕਹਿਣਾ ਹੈ ਕਿ ਉਸਦਾ ਪਤੀ ਉਸਨੂੰ ਪਿਆਰ ਨਹੀਂ ਕਰਦਾ ਤੇ ਹਰ ਵੇਲੇ ਯਾਰਾਂ-ਦੋਸਤਾਂ ਨਾਲ ਬੈਠਾ ਸ਼ਰਾਬ ਪੀਂਦਾ ਰਹਿੰਦਾ ਹੈ। ਅੱਧੀ ਰਾਤੋਂ ਘਰ ਆ ਕੇ ਉਸਨੂੰ ਸੁੱਤੀ ਪਈ ਨੂੰ ਉਠਾਲ ਲੈਂਦਾ ਹੈ ਅਤੇ ਮਜ਼ਬੂਰ ਕਰਕੇ ਕਰਵਾਉਂਦਾ ਹੈ। ਪਤੀ ਨੂੰ ਖੁਸ਼ ਰੱਖਣ ਲਈ ਉਸਨੂੰ ਆਪਣੇ ਸੁੱਖ-ਅਰਾਮ ਦੀ ਅਹੂਤੀ ਦੇਣੀ ਪੈਦੀ ਹੈ। ਪਤੀ ਦੀ ਗੁਲਾਮੀ ਕਰਕੇ ਉਹ ਤੰਗ ਆ ਗਈ ਹੈ। ਪਤੀ ਨੇ ਉਸਨੂੰ ਕਦੇ ਕੋਈ ਤੋਹਫਾ ਨਹੀਂ ਦਿੱਤਾ।
ਉਧਰੋਂ ਸ਼ੰੌਹਰ ਦਾ ਕਹਿਣਾ ਹੈ ਕਿ ਉਹਦੀ ਤ੍ਰਿਮਤ ਉਸਨੂੰ ਬਿਲਕੁਲ ਪਿਆਰ ਨਹੀਂ ਕਰਦੀ। ਹਰ ਵੇਲੇ ਵੱਢੂ-ਖਾਊਂ ਕਰਦੀ ਰਹਿੰਦੀ ਹੈ। ਹਮੇਸ਼ਾਂ ਰੁਸੀ ਰਹਿੰਦੀ ਐ ਤੇ ਉਸਨੂੰ ਭੁੱਖਾ ਰਖਦੀ ਹੈ। ਉਸ ਉਦਣ ਹੀ ਪਿਆਰ ਨਾਲ ਬੁਲਾਉਂਦੀ ਹੈ ਜੀਦਣ  ਕੋਈ ਮਤਲਵ ਹੋਵੇ। ਉਸਨੂੰ ਉਹ ਪਤੀ ਨਹੀਂ ਬਲਕਿ ਇੱਕ  ਕੈਸ਼-ਡਿਸਪੈਂਸਰ ਹੀ ਸਮਝਦੀ ਹੈ, ਜੀਹਦੇ ਵਿੱਚ ਜਦੋਂ ਲੋੜ੍ਹ ਪਵੇ ਉਦੋਂ ਬੈਂਕ ਕਾਰਡ ਪਾਉ 'ਤੇ ਜਿੰਨੇ ਚਾਹੀਦੇ ਹੋਣ ਨੋਟ ਕਢਾ ਲਵੋ।
ਹੁਣ ਮੈਂ ਇਹਨਾਂ ਨਾਦਾਨ ਲੋਕਾਂ ਨੂੰ ਕਿਵੇਂ ਸਮਝਾਵਾਂ ਕਿ  ਮਰਦ ਜਿਸਨੂੰ ਪਿਆਰ ਕਰਦਾ ਹੈ ਉਸ  ਤੇ ਹਕੂਮਤ ਜਤਾਉਂਦਾ ਹੈ ਅਤੇ ਅੰੌਰਤ ਜੀਹਨੂੰ ਪਿਆਰ ਕਰਦੀ ਹੈ ਉਸ ਤੇ ਹੱਕ ਜਤਾਉਂਦੀ ਹੈ। ਇਹ ਦੋਨੋਂ ਜੀਅ ਪ੍ਰਾਪਤ ਕਰਨਾ ਲੋਚਦੇ ਹਨ। ਪ੍ਰਦਾਨ ਕਰਨਾ ਨਹੀਂ ਚਾਹੁੰਦੇ। ਤਿਆਗ ਹੀ ਪਿਆਰ ਦੀ ਬੁਨਿਆਦੀ ਸ਼ਰਤ ਹੈ। ਲੱਵ ਇੱਜ਼ ਗੀਵਿੰਗ, ਨਾਟ ਟੇਕਿੰਗ। (ਪਿਆਰ ਦੇਣ ਦਾ ਨਾਮ ਹੈ, ਲੈਣ ਦਾ ਨਹੀਂ।) ਪਿਆਰ ਵਿੱਚ ਤਾਂ ਆਪਣਾ ਸਭ ਕੁੱਝ ਲੁਟਾ ਦੇਈਦਾ ਹੈ। ਮਹਿਬੂਬ ਤੋਂ ਜ਼ਿੰਦ-ਜਾਨ ਤੱਕ ਨਿਛਾਵਰ ਕਰ ਦੇਈਦੀ ਹੈ। ਜਿੱਥੇ ਗਰਜ਼ ਛੁਪੀ ਹੋਵੇ, ਉਹ ਪਿਆਰ ਥੋੜਾ ਹੈ। ਉਹ ਤਾਂ ਬਿਜਨੈਸ ਡੀਲ ਹੈ। ਪਿਆਰ ਵਿੱਚ ਬਹੁਤੇ ਹਿਸਾਬ ਕਿਤਾਬ ਨਹੀਂ ਰੱਖੀਦੇ ਕਿ ਨਫਾ ਹੋਇਆ ਹੈ ਜਾਂ ਨੁਕਸਾਨ। ਕੁੱਝ ਲੈਣ ਦੀ ਆਸ ਨਹੀਂ ਰੱਖੀਦੀ। ਨਿਰਸੰਕੋਚ ਕੁਰਬਾਨੀ ਕਰਦੇ ਰਹਿਣਾ ਚਾਹੀਦਾ ਹੈ। ਪਿਆਰ ਕਿਸੇ ਜ਼ਰੂਰਤ ਨੂੰ ਮੁੱਖ ਰੱਖ ਕੇ ਨਹੀਂ ਕੀਤਾ ਜਾਂਦਾ। ਪਿਆਰ ਤਾਂ ਬਸ ਪਿਆਰ ਕਰਨ ਲਈ ਕੀਤਾ ਜਾਂਦਾ ਹੈ।
ਇੱਥੇ ਮੈਨੂੰ ਇੱਕ ਰੁੱਖ ਦੀ ਕਥਾ ਯਾਦ ਆਉਂਦੀ ਹੈ। ਉਹ ਦਰਖਤ ਬੜੀ ਸੁੰਨਸਾਨ ਜਿਹੀ ਜਗ੍ਹਾ 'ਤੇ ਉਗਿਆ ਹੋਇਆ ਸੀ। ਉਸਦੇ ਫੁੱਲਾਂ  ਤੇ ਤਿਤਲੀਆਂ ਬੈਠਦੀਆਂ, ਫਲਾਂ ਨੂੰ ਜਾਨਵਰ ਖਾਂਦੇ ਤੇ ਪਰਿੰਦੇ ਉਹਦੇ ਉਪਰ ਆਲਣੇ ਪਾਉਂਦੇ। ਪਰ ਜਦੋਂ ਪਤਝੜ ਆਉਂਦੀ ਕੋਈ ਉਸਦੇ ਨੇੜੇ ਨਾ ਆਉਂਦਾ। ਉਦੋਂ ਬ੍ਰਿਖ ਇਕੱਲਾ ਰਹਿ ਜਾਂਦਾ। ਉਥੇ ਨਜ਼ਦੀਕ ਹੀ ਮੈਦਾਨ ਵਿੱਚ ਕੋਈ ਮੁੰਡਾ ਖੇਡਦਾ ਹੁੰਦਾ ਸੀ। ਦਰਖਤ ਨੂੰ ਮੁੰਡੇ ਨਾਲ ਪਿਆਰ ਹੋ ਗਿਆ। ਮੁੰਡੇ ਨੂੰ ਧੁੱਪ ਵਿੱਚ ਤੱਪਦਾ ਅਤੇ ਬਾਰਿਸ਼ ਵਿੱਚ ਭਿਜਦਾ ਦੇਖ ਕੇ ਦਰਖਤ ਤੋਂ ਬਰਦਾਸ਼ਤ ਨਾ ਕਰ ਹੋਇਆ। ਦਰਖਤ ਨੇ ਆਪਣੇ ਆਪ ਨੂੰ ਫੈਲਾਇਆ। ਬਹੁਤ ਸਾਰੀਆਂ ਨਵੀਆਂ ਸ਼ਾਖਾਵਾਂ ਅਤੇ ਪੱਤੇ ਕੱਢੇ। ਮੁੰਡਾ ਉਸ ਘਣੇ ਰੁੱਖ ਦੀ ਛਾਂ ਵਿੱਚ ਖੇਡਣ ਲੱਗ ਗਿਆ।
ਦਰਖਤ ਵੱਡਾ ਸੀ ਤੇ ਮੁੰਡਾ ਛੋਟਾ ਸੀ। ਦਰਖਤ ਨੇ ਆਪਣੇ ਉਂੱਚੇ-ਉਂੱਚੇ ਟਾਹਣੇ ਨੀਵੇਂ ਕਰ ਲਏ ਤਾਂ ਕਿ ਮੁੰਡਾ ਉਹਨਾਂ ਨਾਲ ਝੂਟ ਕੇ ਲੰਬਾ ਹੋ ਸਕੇ। ਪ੍ਰੇਮ ਕਰਨ ਵਾਲਾ ਹਮੇਸ਼ਾਂ ਝੁਕ ਜਾਂਦਾ ਹੈ।
ਸ਼ਾਮ ਨੂੰ ਖੇਡਣ ਤੋਂ ਬਾਅਦ ਵਿਦਾ ਹੋਣ ਲੱਗਿਆ ਮੁੰਡਾ ਦਰਖਤ ਤੋਂ ਆਪਣਾ ਘਰ ਸਜਾਉਣ ਲਈ ਕੁੱਝ ਫੁੱਲ ਮੰਗਦਾ ਤਾਂ ਦਰਖਤ ਆਪਣੇ ਸਾਰੇ ਖਿੜੇ, ਅੱਧ ਖਿੜੇ ਫੁੱਲ ਝਾੜ ਕੇ ਧਰਤੀ ਤੇ ਸੁੱਟ ਦਿੰਦਾ। ਪਿਆਰ ਕਰਨ ਵਾਲਾ ਪ੍ਰੇਮੀ ਨੂੰ ਕੁੱਝ ਦੇ ਕੇ ਖੁਸ਼ ਹੁੰਦਾ ਹੈ।
ਮੁੰਡਾ ਜਿਉਂ-ਜਿਉਂ ਵੱਡਾ ਹੁੰਦਾ ਗਿਆ, ਤਿਉਂ-ਤਿਉਂ ਦਰਖਤ ਕੋਲ ਆਉਣਾ ਘੱਟ ਕਰਦਾ ਗਿਆ। ਅਖੀਰ ਦੁਨੀਆਂਦਾਰੀ ਵਿੱਚ ਪੈ ਕੇ ਤਾਂ ਮੁੰਡੇ ਨੇ ਬਿਲਕੁੱਲ ਹੀ ਆਉਣਾ ਬੰਦ ਕਰ ਦਿੱਤਾ।
ਇੱਕ ਦਿਨ ਲੰਘੇ ਜਾਂਦੇ ਮੁੰਡੇ ਨੂੰ ਦਰਖਤ ਨੇ ਪੁੱਛਿਆ, ਮੇਰੇ ਪਿਆਰੇ, ਹੁਣ ਤੂੰ ਆਉਂਦਾ ਨਹੀਂ? ਮੈਂ ਤੇਰਾ ਰਸਤਾ ਦੇਖਦਾ ਹੁੰਦਾ ਹਾਂ।
ਮੁੰਡੇ ਨੇ ਕਿਹਾ, ਮੇਰੇ ਕੋਲ ਵਿਹਲ ਹੀ ਕਿੱਥੇ ਹੈ? ਮੈਂ ਤਾਂ ਕਮਾਈ ਕਰਨੀ ਹੈ।
ਦਰਖਤ ਨੇ ਆਖਿਆ, ਤੂੰ ਮੇਰੇ ਫਲ ਤੋੜ ਕੇ ਲੈ ਜਾ ਤੇ ਉਹਨਾਂ ਨੂੰ ਵੇਚ ਕੇ ਤੇਰੇ ਕੋਲ ਕੁੱਝ ਧਨ ਆ ਜਾਵੇਗਾ।
ਮੁੰਡੇ ਨੇ ਦਰਖਤ ਤੇ ਚੜ੍ਹ ਕੇ ਟਾਹਣੀਆਂ ਭੰਨ ਸਿਟੀਆਂ, ਪੱਤੇ ਝਾੜ ਦਿੱਤੇ ਤੇ ਸਭ ਕੱਚੇ-ਪੱਕੇ ਫਲ ਤੋੜ ਲਏ।
ਪਿਆਰ ਕਰਨ ਵਾਲਾ ਟੁੱਟ ਕੇ, ਟੋਟੇ-ਟੋਟੇ ਹੋ ਕੇ ਵੀ ਪ੍ਰਸੰਨ ਹੁੰਦਾ ਹੈ।
ਕਈ ਹਫਤਿਆਂ ਤੱਕ ਮੁੰਡਾ ਫੇਰ ਨਾ ਦਰਖਤ ਕੋਲ ਆਇਆ। ਦਰਖਤ ਉਦਾਸ ਹੋ ਗਿਆ।
ਇੱਕ ਦਿਨ ਮੁੰਡਾ ਆਇਆ ਤੇ ਦਰਖਤ ਨੇ ਉਸਨੂੰ ਕਿਹਾ, "ਆ ਮੇਰੇ ਨਾਲ ਖੇਡ। ਮੈਨੂੰ ਜੱਫੀ ਪਾ। ਮੇਰਾ ਤੈਨੂੰ ਪਿਆਰ ਕਰਨ ਨੂੰ ਦਿਲ ਕਰਦਾ ਹੈ।"
ਮੁੰਡਾ ਬੋਲਿਆ, "ਇਹ ਤਾਂ ਦਿਵਾਨਾਪਨ ਹੈ। ਬਚਪਨ ਵਿੱਚ ਹੀ ਸ਼ੋਭਦਾ ਸੀ। ਹੁਣ ਮੈਂ ਜੁਆਨ ਹੋ ਗਿਆ ਹਾਂ।"
ਦਰਖਤ ਨੇ ਪੁੱਛਿਆ, "ਫੇਰ ਮੈਂ ਤੇਰੀ ਹੋਰ ਕੀ ਸੇਵਾ ਕਰਾਂ?"
ਮੁੰਡਾ ਕਹਿਣ ਲੱਗਿਆ, "ਤੂੰ ਜਿਹੜੇ ਮੈਨੂੰ ਫਲ ਦਿੱਤੇ ਸਨ, ਉਹਨਾਂ ਦੀ ਵੱਟਤ ਨਾਲ ਮੈਂ ਵਪਾਰ ਕੀਤਾ ਤੇ ਢੇਰ ਸਾਰੀ ਦੰੌਲਤ ਕਮਾਈ। ਹੁਣ ਮੈਂ ਘਰ ਬਣਾ ਰਿਹਾ ਹਾਂ, ਜਿਸ ਉਤੇ ਛੱਤ ਪਾਉਣ ਲਈ ਤੇਰੇ ਟਾਹਣੇ ਚਾਹੀਦੇ ਹਨ।"
ਦਰਖਤ ਨੇ ਆਪਣੇ ਸਾਰੇ ਟਾਹਣੇ ਦੇ ਦਿੱਤੇ ਤੇ ਰੁੰਡ-ਮਰੰਡ ਬਣ ਕੇ ਰਹਿ ਗਿਆ।
ਖਾਸਾ ਅਰਸਾ ਬੀਤ ਜਾਣ ਮਗਰੋਂ ਮੁੰਡਾ ਆ ਕੇ ਦਰਖਤ ਨੂੰ ਦੱਸਣ ਲੱਗਿਆ, "ਮੈਂ ਬਹੁਤ ਧਨ ਕਮਾਉਣ ਲਈ ਪਰਦੇਸ ਜਾਣਾ ਹੈ।"
ਦਰਖਤ ਬੋਲਿਆ, "ਠੀਕ ਹੈ ਤੂੰ ਸਮੁੰਦਰ ਪਾਰ ਕਰਨ ਲਈ ਮੈਨੂੰ ਵੱਢ ਕੇ ਮੇਰੇ ਤਣੇ ਦੀ ਕਿਸ਼ਤੀ ਬਣਾ ਲੈ।"
ਮੁੰਡੇ ਨੇ ਦਰਖਤ ਨੂੰ ਪੱਟ ਕੇ ਉਸਦੀ ਕਿਸ਼ਤੀ ਬਣਾ ਲਈ। ਉਸ ਜੁਆਨ ਹੋ ਚੁੱਕੇ ਮੁੰਡੇ ਦੇ ਮਨ ਵਿੱਚ ਲਾਲਚ ਸੀ। ਉਹ ਸਮਝਦਾ ਸੀ ਜਿੰਨੀ ਦੂਰ ਜਾਵੇਗਾ, ਓਨਾ ਹੀ ਜ਼ਿਆਦਾ ਧਨਵਾਨ ਬਣੇਗਾ। ਇਸ ਲਈ ਮੁੰਡੇ ਨੇ ਨੇੜੇ-ਤੇੜੇ ਦੇ ਟਾਪੂਆਂ ਵੱਲ ਅੱਖ ਵੀ ਨਾ ਕਰੀ। ਸਮੁੰਦਰ ਬਹੁਤ ਵੱਡਾ ਸੀ। ਸਫਰ ਕਰਦਿਆਂ ਮੁੰਡਾ ਸਮੁੰਦਰ ਦੇ ਐਨ ਵਿਚਾਲੇ ਚਲਿਆ ਗਿਆ। ਉਦੋਂ ਤੱਕ ਉਸਦਾ ਸਾਰਾ ਭੋਜਨ ਵੀ ਮੁੱਕ ਚੁੱਕਿਆ ਸੀ ਤੇ ਸਮੁੰਦਰ ਸੀ ਕਿ ਮੁੱਕਣ ਵਿੱਚ ਹੀ ਨਹੀਂ ਸੀ ਆਉਂਦਾ। ਮੁੰਡੇ ਨੂੰ ਪੂਰੇ ਜ਼ੋਰਾਂ ਦੀ ਭੁੱਖ ਲੱਗੀ ਹੋਈ ਸੀ। ਨਾ ਉਹ ਛੇਤੀ-ਛੇਤੀ ਪਿੱਛੇ ਮੁੜ ਸਕਦਾ ਸੀ ਤੇ ਨਾ ਹੀ ਅੱਗੇ। ਭੁੱਖਾ ਹੋਣ ਕਰਕੇ ਉਸ ਤੋਂ ਚੱਪੂ ਵੀ ਨਹੀਂ ਸੀ ਵੱਜ ਰਹੇ। ਇਸ ਤਰ੍ਹਾਂ ਉਸਨੂੰ ਸਮੁੰਦਰ ਵਿੱਚ ਹੀ ਕਈ ਦਿਨ ਲੱਗ ਗਏ। ਮੁੰਡਾ ਕਿਨਾਰੇ ਤੇ ਲੱਗਣ ਤੋਂ ਪਹਿਲਾਂ ਹੀ ਭੁੱਖ ਨਾਲ ਮਰ ਗਿਆ।
ਕਿਸ਼ਤੀ ਸਮੁੰਦਰ ਦੀਆਂ ਛੱਲਾਂ ਨਾ ਰੁੜ-ਰੁੜ ਕੇ ਪੱਤਣ ਉਤੇ ਜਾ ਕੇ ਲੱਗੀ। ਦੋ ਤਿੰਨ ਦਿਨ ਲਾਸ਼ ਉਥੇ ਪਈ ਰਹੀ। ਉਸ ਵਿੱਚੋਂ ਮੁਸ਼ਕ ਵੀ ਆਉਣ ਲੱਗ ਗਿਆ। ਲੋਕੀ ਨੱਕ ਬੰਦ ਕਰਕੇ ਉਸ ਕੋਲੋਂ ਲੰਘ ਜਾਇਆ ਕਰਨ। ਪਰ ਸੰਸਕਾਰ ਕਰਨ ਲਈ ਕੋਈ ਨਾ ਸੋਚੇ। ਲੋਥ ਨੂੰ ਅਗਨੀ ਭੇਟ ਕਰਨ ਤੇ ਪੈਸੇ ਲੱਗਣੇ ਸਨ। ਕੰੌਣ ਕਿਸੇ ਲਈ ਬਿਨਾਂ ਸੁਆਰਥ ਖਰਚ ਕਰਦਾ ਹੈ? ਕਿਸ਼ਤੀ ਉਸ ਦਰੱਖਤ ਦੀ ਲੱਕੜ ਤੋਂ ਬਣੀ ਸੀ, ਜੋ ਕਿ ਲੜਕੇ ਨੂੰ ਪਿਆਰ ਕਰਦਾ ਸੀ। ਕਿਸ਼ਤੀ ਨੇ ਉਥੋਂ ਲੰਘਦਿਆਂ ਰਾਹੀਆਂ ਨੂੰ ਬੇਨਤੀ ਕੀਤੀ ਕਿ ਉਹ ਉਸ(ਕਿਸ਼ਤੀ) ਨੂੰ ਅੱਗ ਲਾ ਦੇਣ। ਰਾਹੀਆਂ ਨੇ ਕਿਸ਼ਤੀ ਨੂੰ ਅੱਗ ਲਾ ਦਿੱਤੀ। ਕਿਸ਼ਤੀ ਪਾਣੀ ਵੱਲ ਨੂੰ ਰੁੜ ਪਈ। ਇੰਝ ਕਿਸ਼ਤੀ ਦੇ ਨਾਲ ਹੀ ਮੁੰਡੇ ਦੀ ਦੇਹ ਵੀ ਮੱਚ ਗਈ ਤੇ ਅਸਥੀਆਂ ਵੀ ਆਪਣੇ ਆਪ ਜਲ ਪ੍ਰਵਾਹ ਹੋ ਗਈਆਂ।ਇਹਨੂੰ ਕਹਿੰਦੇ ਨੇ ਪਿਆਰ। ਬੰਦੇ ਨੂੰ ਉਸ ਦਰਖਤ ਤੋਂ ਪਿਆਰ ਕਰਨਾ ਸਿੱਖਣਾ ਚਾਹੀਦਾ ਹੈ, ਜਿਸ ਨੇ ਆਪਣੇ ਪਿਆਰੇ ਦੇ ਲਈ ਆਪਣੇ ਆਪ ਨੂੰ ਤਬਾਹ ਕਰ ਲਿਆ ਤੇ ਬਦਲੇ ਵਿੱਚ ਕੁੱਝ ਵੀ ਨਾ ਮੰਗਿਆ। ਇਸ ਜੋੜੇ ਨੂੰ ਤਾਂ ਪਿਆਰ ਦੇ ਅਰਥ ਵੀ ਨਹੀਂ ਪਤਾ ਲੱਗੇ। ਇਹ ਇੱਕ ਦੂਸਰੇ ਉਤੇ ਹਕੁਮਤ ਕਰਨਾ ਚਾਹੁੰਦੇ ਹਨ ਅਤੇ ਅਧੀਨ ਰਹਿਣਾ ਨਹੀਂ ਸਵਿਕਾਰਦੇ। ਅਜਿਹੇ ਲੋਕਾਂ ਨੂੰ ਮਸ਼ਵਰਾ ਦੇਣ ਲਈ ਥੰੌਮਸ ਜੈਫ਼ਰਸਨ ਨੇ ਬੜਾ ਖੂਬ ਲਿਖਿਆ ਹੈ, "ਤੁਸੀਂ ਜਿਸ ਨਾਲ ਪਿਆਰ ਕਰਦੋ ਹੋ, ਉਸਦੇ ਮਾਲਕ ਹੋ ਜਾਂਦੇ ਹੋ। ਪਰ ਤੁਹਾਨੂੰ ਸਦਾ ਉਸਦੀ ਗੁਲਾਮੀ ਕਰਨ ਲਈ ਤਤਪਰ ਰਹਿਣਾ ਚਾਹੀਦਾ ਹੈ।"
ਚਲੋ ਛੱਡੋ ਇਹਨਾਂ ਗੱਲਾਂ ਨੂੰ ਜੇ ਇਹ ਮੂਰਖ ਲੋਕ ਐਨਾ ਹੀ ਸਮਝਦੇ ਹੁੰਦੇ ਤਾਂ ਇਹਨਾਂ ਦੇ ਵਿਆਹ ਟੁੱਟਣ ਤੱਕ ਦੀ ਨੰੌਬਤ ਹੀ ਕਿਉਂ ਆਉਂਦੀ? ਜੇ ਇਹ ਦੰਪਤੀ ਜੋੜੀ ਇਕੱਠੀ ਰਹਿਣਾ ਨਹੀਂ ਚਾਹੁੰਦੀ ਤਾਂ ਨਾ ਸਹੀ। ਇਹਨਾਂ ਦੀ ਸੁਲ੍ਹਾ ਕਰਵਾ ਕੇ ਆਪਾਂ ਕੀ ਲੈਣੈ? ਆਪਾਂ ਕਿਹੜਾ ਇਨ੍ਹਾਂ ਨੂੰ ਪਿਆਰ ਕਰਦੇ ਹਾਂ।
ਮੁਕੱਦਮਾ ਮੇਰੇ ਨਿਰਣੇ ਉਤੇ ਆ ਕੇ ਅਟਿਕਿਆ ਹੋਇਆ ਹੈ। ਕਾਨੂੰਨ ਦੀ ਮੰਗ ਅਨੁਸਾਰ ਇਹਨਾਂ ਦੇ ਤਲਾਕ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਮੇਰੇ ਲਈ ਇਹਨਾਂ ਦੇ ਬਾਕੀ ਮਸਲੇ ਨਜਿੱਠਣੇ ਅਵੱਸ਼ਕ ਹਨ। ਇਹਨਾਂ ਦੇ ਜੁਦਾ ਹੋਣ ਦਾ ਫੈਸਲਾ ਹੋ ਚੁੱਕਾ ਹੈ। ਧਨ-ਦੰੌਲਤ ਦਾ ਵਟਵਾਰਾ ਅਤੇ ਜ਼ਮੀਨ-ਜਾਇਦਾਦ ਦੀ ਵੰਡੀ ਵੀ ਬਿਨਾ ਕਿਸੇ ਝਗੜੇ ਦੇ ਹੋ ਚੁੱਕੀ ਹੈ। ਇੱਕ ਅੰਤਿਮ ਤੇ ਅਹਿਮ ਨੁਕਤਾ ਜਿੱਥੇ ਹੁਣ ਸਾਰੀ ਗੱਲ ਅੜ੍ਹੀ ਹੋਈ ਹੈ। ਉਹ ਹੈ ਕਿ ਇਹਨਾਂ ਦਾ ਇੱਕ ਬੱਚਾ ਵੀ ਹੈ। ਬੱਚੇ ਨੂੰ ਮਾਂ ਕਹਿੰਦੀ ਹੈ, ਉਸਨੇ ਰੱਖਣਾ ਹੈ ਤੇ ਬਾਪ ਕਹਿੰਦਾ ਹੈ ਉਸਨੇ ਰੱਖਣਾ ਹੈ। ਮੇਰੇ ਲਈ ਇਸ ਗੱਲ ਦਾ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ। ਸਮਝ ਨਹੀਂ ਲੱਗਦੀ ਮੈਂ ਕੀ ਕਰਾਂ? ਕੰੌਣ ਵਧੀਆ ਪਰਵਰਿਸ਼ ਕਰ ਸਕਦਾ ਹੈ? ਬੱਚਾ ਨਬਾਲਗ ਹੋਣ ਕਰਕੇ ਭਾਵੇਂ ਬਹੁਤਿਆਂ ਕੇਸਾਂ ਵਿੱਚ ਮਾਂ ਦੇ ਸਪੁਰਦ ਹੀ ਕੀਤਾ ਜਾਂਦਾ ਹੈ। ਪਰ ਕਾਨੂੰਨ ਦੀ ਨਿਗਾਹ ਵਿੱਚ ਦੋਨਾਂ ਦਾ ਬਰਾਬਰ ਦਾ ਹੱਕ ਹੈ। ਇੰਝ ਕਰਦਾ ਹਾਂ, ਬੱਚੇ ਨੂੰ ਹੀ ਪੁੱਛ ਲੈਂਦਾ ਹਾਂ। ਉਹਦੀ ਕੀ ਮਰਜ਼ੀ ਹੈ?
ਮੈਂ ਬੱਚੇ ਨੂੰ ਸੱਦਣ ਦਾ ਇਸ਼ਾਰਾ ਕਰਦਾ ਹਾਂ। ਬੱਚਾ ਕਟਿਹਰੇ ਵਿੱਚ ਆ ਖੜ੍ਹਾ ਹੋਇਆ ਹੈ।
ਮੈਂ ਬੱਚੇ ਨੂੰ ਮੁਖਾਤਬ ਹੁੰਦਾ ਹਾਂ, "ਭਾਈ ਕਾਕਾ ਤੈਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਹੁਣ ਤੋਂ ਤੇਰੇ ਮੰਮੀ-ਡੈਡੀ ਸਦਾ ਲਈ ਅੱਡ-ਅੱਡ ਰਹਿਣਗੇ। ਇਸ ਲਈ ਤੂੰ ਅੱਜ ਤੋਂ ਕਿਸੇ ਇੱਕ ਜਣੇ ਨਾਲ ਰਹਿ ਸਕਦਾ ਹੈਂ। ਬੋਲ ਤੈਂ ਕਿਸ ਨਾਲ ਰਹਿਣਾ ਹੈ? ਮੰਮੀ ਨਾਲ ਜਾਂ ਡੈਡੀ ਨਾਲ?
ਬੱਚਾ ਬਿਨਾਂ ਸੋਚਿਆਂ ਫੰੌਰਨ ਜੁਆਬ ਦਿੰਦਾ ਹੈ, "ਯੂਅਰ ਅੰੌਨਰ, ਮੈਂ ਵਕੀਲ ਅੰਕਲ ਨਾਲ ਰਹਿਣੈ।"
"ਉਏ ਤੁਹਾਡੀ! ਹੈਂ? ਇਹ ਜੁਆਕ ਜਿਹਾ ਕੀ ਕਹਿ ਗਿਆ ਹੈ? ਕਿਧਰੇ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰਦਾ? -ਛੱਡੋ ਪਰ੍ਹੇ ਕਿੱਥੇ ਨਿਆਣੇ ਨੂੰ ਪੁੱਛ ਲਿਆ। ਇਹਨੂੰ ਕੀ ਪਤਾ ਅਦਾਲਤ ਦਾ ਵਕਤ ਕਿੰਨਾ ਕੀਮਤੀ ਹੁੰਦਾ ਹੈ? ਮੈਂ ਆਪ ਹੀ ਕੋਈ ਫੈਸਲਾ ਸੁਣਾ ਦਿੰਦਾ ਹਾਂ। ਨਹੀਂ, ਜਲਦਬਾਜ਼ੀ ਕਰਨੀ ਠੀਕ ਨਹੀਂ। ਇਸ ਬਾਲ ਨੇ ਪ੍ਰਚੱਲਤ ਰਿਵਾਇਤ ਨਾਲੋਂ ਥੋੜਾ ਹੱਟ ਕੇ ਜੁਆਬ ਦਿੱਤਾ ਹੈ। ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਣਾ ਚਾਹੀਦਾ ਹੈ।"
ਮੈਂ ਬੱਚੇ ਨੂੰ ਤਾੜ ਕੇ ਪੁੱਛਦਾਂ ਹਾਂ, "ਤੂੰ ਵਕੀਲ ਨਾਲ ਰਹਿਣੈ? ਕਿਉਂ?"
"ਹਾਂ, ਜੱਜ ਸਾਹਿਬ। ਮੇਰੇ ਮੰਮੀ ਡੈਡੀ ਤਾਂ ਲੜਦੇ ਰਹਿੰਦੇ ਹਨ ਤੇ ਮੈਨੂੰ ਵੀ ਮਾਰਦੇ-ਝਿੜਕਦੇ ਹਨ। ਇਹ ਵਕੀਲ ਅੰਕਲ ਬਹੁਤ ਚੰਗੇ ਨੇ। ਆਹ ਦੇਖੋਂ ਇਹਨਾਂ  ਨੇ ਮੈਨੂੰ ਟੰੌਫੀਆਂ ਲੈ ਕੇ ਦਿੱਤੀਆਂ।" ਬੱਚਾ ਆਪਣੀ ਜੇਬ 'ਚੋਂ ਟੰੌਫੀਆਂ ਕੱਢ ਕੇ ਮੈਨੂੰ ਸਬੂਤ ਵਜੋਂ ਦਿਖਾਉਂਦਾ ਹੈ।
"ਤਾਂ ਕੀ ਤੇਰੇ ਮਾਂ-ਪਿਉ ਨੇ ਤੈਨੂੰ ਕਦੇ ਟੰੌਫੀਆਂ ਨਹੀਂ ਲੈ ਕੇ ਦਿੱਤੀਆਂ?"
"ਨਹੀਂ, ਜੱਜ ਸਾਹਬ। ਉਹ ਲੈ ਕੇ ਤਾਂ ਦਿੰਦੇ ਨੇ। ਪਰ ਨਾਲ ਇਹ ਵੀ ਕਹਿੰਦੇ ਹਨ ਕਿ ਪਹਿਲਾਂ ਸਕੂਲ ਵੱਲੋਂ ਮਿਲਿਆ ਹੋਮ-ਵਰਕ ਕਰ ਤਾਂ ਚਾਕਲੇਟ ਲੈ ਕੇ ਦੇਵਾਂਗੇ। ਵਕੀਲ ਜੀ ਨੇ ਤਾਂ ਟੰੌਫੀਆਂ ਵੀ ਲੈ ਦਿੱਤੀਆਂ ਤੇ ਮੈਨੂੰ ਸਬਕ ਯਾਦ ਕਰਨ ਲਈ ਵੀ ਨਹੀਂ ਕਿਹਾ। ਹੁਣ ਤੁਸੀਂ ਆਪ ਹੀ ਦੇਖੋ ਮੇਰੇ ਮੰਮੀ-ਡੈਡੀ ਤਾਂ ਮੇਰੇ ਨਾਲ ਸੰੌਦਾ ਕਰਦੇ ਹਨ ਤੇ ਮੈਨੂੰ ਜਮਾਂ ਪਿਆਰ ਨਹੀਂ ਕਰਦੇ। ਮੈਨੂੰ ਬਿਲਕੁੱਲ ਪਿਆਰ ਨਹੀਂ ਕਰਦੇ। ਮੈਨੂੰ ਪਿਆਰ ਨਹੀਂ ਕਰਦੇ।"
ਉਹੋ, ਬੱਚਾ ਤਾਂ ਰੋਣ ਲੱਗ ਪਿਆ ਹੈ। ਇਹ ਕੇਸ ਅੱਗੇ ਨਾਲੋਂ ਹੋਰ ਵੀ ਉਲਝ ਗਿਆ ਹੈ। ਹੁਣ ਮੈਂ ਕੀ ਕਰਾਂ? ਕਿੱਥੇ ਨਿਆਣੇ ਨੂੰ ਛੇੜ ਬੈਠਾ। ਸਾਲਾ ਮੈਨੂੰ ਵੀ ਕੋਈ ਪਿਆਰ ਨਹੀਂ ਕਰਦਾ। ਜਿੰਨੇ ਵੀ ਦਿਮਾਗ ਚੱਟਣ ਵਾਲੇ ਕੇਸ ਹੁੰਦੇ ਨੇ, ਉਹ ਮੇਰੇ ਕੋਲ ਹੀ ਆਉਂਦੇ ਹਨ।
ਬੱਚਾ ਉਚੀ-ਉਚੀ ਰੋਈ ਜਾ ਰਿਹਾ ਹੈ। ਬੱਚੇ ਦੇ ਮਾਂ ਅਤੇ ਬਾਪ ਦੋਨੋਂ ਆਪੋਂ ਆਪਣੀ ਜਗ੍ਹਾ ਤੋਂ ਉਠੇ ਤੇ ਭੱਜ ਕੇ ਬੱਚੇ ਨੂੰ ਜਾ ਚਿੰਬੜੇ ਹਨ। ਦੋਹੇਂ ਜਣੇ ਬੱਚੇ ਨੂੰ ਅੰਨ੍ਹੇਵਾਹ ਚੁੰਮ ਰਹੇ ਹਨ ਤੇ ਆਖ ਰਹੇ ਹਨ, "ਵੂਈ ਲੱਵ ਯੂ ਬੇਟੇ। ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ। ਵੂਈ ਲੱਵ ਯੂ ਵੈਰੀ ਮੱਚ। ਮਾਂ-ਬਾਪ ਦੀਆਂ ਅੱਖਾਂ ਵਿੱਚੋਂ ਦਰਲ-ਦਰਲ ਹੰਝੂ ਕਿਰ ਰਹੇ ਹਨ। ਭਾਵੁਕ ਹੋ ਕੇ ਬੱਚੇ ਦੀਆਂ ਅੱਖਾਂ ਵੀ ਭਰ ਆਈਆਂ ਹਨ। ਬੱਚੇ ਨੇ ਦੋਨਾਂ ਨੂੰ ਘੁੱਟ ਕੇ ਜੱਫੀ ਪਾ ਲਈ ਹੈ। ਇੱਕ ਸੰਵੇਦਨਾਸ਼ੀਲ ਇੰਨਸਾਨ ਹੋਣ ਕਰਕੇ ਇਸ ਨਾਟਕੀ ਅਤੇ  ਭਾਵੁਕ (ਇਮੋਸ਼ਨਲ) ਦ੍ਰਿਸ਼ ਨੂੰ ਦੇਖ ਕੇ ਮੈਨੂੰ ਵੀ ਰੋਣਾ ਆ ਰਿਹਾ ਹੈ। ਇਹ ਜ਼ਜਬਾ, "ਜਿਸਨੇ ਸਭ ਦੀਆਂ ਅੱਖਾਂ ਵਿਚਲਾ ਪਾਣੀ ਵਹਿਣ ਲਾ ਦਿੱਤਾ ਹੈ, ਪਾਗਲੋ! ਬਸ ਇਹੀ ਤਾਂ ਪਿਆਰ ਹੈ!!!





No comments:

Post a Comment