ਚੰਨਾਂ 'ਚੋਂ ਚੰਨ: ਤਰਲੋਚਨ ਸਿੰਘ ਚੰਨ ਜੰਡਿਆਲਵੀ

T S Chanjandialvi
ਇਹ ਗੱਲ ਸ਼ਾਇਦ ਇਕੱਨਵੇਂ ਦੀ ਹੈ। ਇੰਡੀਆ ਮੈਂ ਕੁਲਦੀਪ ਪਾਰਸ ਦੀ ਆਡੀਉ ਰੀਲ, 'ਹਾਏ ਓਏ' ਸੁਣੀ ਸੀ। ਬੜੇ ਹੀ ਆਸ਼ਕਾਨਾਂ ਕਿਸਮ ਦੇ ਇਸ ਸਿਰਲੇਖ ਵਾਲੇ ਖਪਤਕਾਰੀ ਗੀਤ ਦੇ ਬੋਲ ਸਨ, 'ਮੁੰਡਿਆਂ ਦੀ ਢਾਣੀ ਕਹਿੰਦੀ ਹਾਏ ਉਏ।' ਉਦੋਂ ਇਸ ਗੀਤ ਵਿੱਚ ਮੈਂ ਪਹਿਲੀ ਵਾਰੀ ਚੰਨ ਜੰਡਿਆਲਵੀ ਦਾ ਨਾਮ ਸੁਣਿਆ ਸੀ। ਉਹ ਤੁਕ ਸੀ, 'ਇਸ਼ਕ ਝਨਾਅ ਦੇ ਵਿੱਚ ਕੁੜੀ ਹੜ੍ਹਗੀ। ਚੰਨ ਜੰਡਿਆਲਵੀ ਦੀ ਕੁੰਡੀ ਅੜਗੀ।' ਇਸ ਤੋਂ ਪਹਿਲਾਂ ਨਾ ਹੀ ਮੈਂ ਚੰਨ ਜੰਡਿਅਲਵੀ ਜੀ ਦਾ ਕੋਈ ਹੋਰ ਗੀਤ ਸੁਣਿਆ ਸੀ ਤੇ ਨਾ ਹੀ ਉਨ੍ਹਾਂ ਬਾਰੇ ਕੁੱਝ ਹੋਰ ਜਾਣਦਾ ਸੀ। ਸਾਹਿਤ ਦੀ ਚਾਹੇ ਕੋਈ ਵੀ ਵਿਧਾ ਹੋਵੇ ਜਦੋਂ ਕੋਈ ਪਾਠਕ ਜਾਂ ਸਰੋਤਾ ਕਲਮਕਾਰ ਦੀ ਰਚਨਾ ਦੇ ਸਨਮੁੱਖ ਖੜ੍ਹਦਾ ਮਤਲਬ ਕਿ ਪੜ੍ਹਦਾ ਜਾਂ ਸੁਣਦਾ ਹੈ ਤਾਂ ਫੌਰਨ ਉਸਦੇ ਜ਼ਿਹਨ ਵਿੱਚ ਲੇਖਕ ਦੀ ਇੱਕ ਇਮੇਜ਼ ਉਲੀਕੀ ਜਾਂਦੀ ਹੈ। ਇਵੇਂ ਹੀ ਮੇਰੀ ਕਲਪਨਾ ਸ਼ਕਤੀ ਨੇ ਮੇਰੇ ਦਿਮਾਗ ਵਿੱਚ ਚੰਨ ਜੰਡਿਆਲਵੀ ਦਾ ਇੱਕ ਚਿੱਤਰ ਬਣਾ ਦਿੱਤਾ ਸੀ। ਉਸ ਗੀਤ ਤੋਂ ਮੈਂ ਚੰਨ ਜੀ ਨੂੰ ਦਰਮਿਆਨੀ ਜਿਹੀ ਉਮਰ ਦਾ ਆਸ਼ਕ ਮਿਜ਼ਾਜ ਟਾਇਪ ਦਾ ਸ਼ਖਸ ਕਿਆਸਿਆ ਸੀ। ਮੇਰੀ ਇਸ ਉਪਰੋਕਤ ਧਾਰਨਾ ਵਿੱਚ ਇੰਗਲੈਂਡ ਆ ਕੇ ਉਦੋਂ ਕੁੱਝ ਕੁ ਤਰੇੜ ਆ ਗਈ ਸੀ, ਜਦੋਂ ਮੈਂ ਚੰਨ ਜੀ ਦੀ ਅਗਲੀ ਰਚਨਾ 'ਪ੍ਰਾਣਾਂ ਤੋਂ ਪਿਆਰੀ ਸਿੱਖੀ' ਦੇ ਅਧਿਐਨ ਕਾਰਜ ਵਿੱਚੋਂ ਲੰਘਿਆ ਸੀ।
ਸ਼ੇਰੇ ਪੰਜ਼ਾਬ ਦੇ ਵਾਰਿਸ ਮਹਾਰਾਜਾ ਦਲੀਪ ਸਿੰਘ ਦੀ ਭਾਵੁਕ ਕਰ ਦੇਣ ਵਾਲੀ ਜੀਵਨ ਗਾਥਾ ਬਿਆਨ ਕਰਦੀ ਇਸ ਕੈਸਿਟ ਨੂੰ ਪਾਲੀ ਦੇਤਵਾਲੀਏ ਅਤੇ ਮਹਿੱਦਰ ਕੌਰ ਭੰਵਰਾ ਨੇ ਗਾਇਆ ਸੀ। ਇਸ ਕੈਸਿਟ ਵਿਚਲੇ ਗੀਤਾਂ ਚੋਂ ਚੰਨ ਜੀ ਦੀ ਧਾਰਮਿਕਤਾ ਤੋਂ ਇਲਾਵਾ ਉਨ੍ਹਾਂ ਦੀ ਸਾਹਿਤ ਪ੍ਰਤਿ ਸੂਝ ਅਤੇ ਸੰਜ਼ੀਦਗੀ ਦੇ ਖੁੱਲ੍ਹੇ ਦਰਸ਼ਨ ਹੁੰਦੇ ਸਨ।
ਉਸ ਤੋਂ ਕੁੱਝ ਸਾਲਾਂ ਬਾਅਦ ਮੈਂ ਆਪ ਵੀ ਪੰਜਾਬੀ ਦੇ ਅਦਬੀ ਖੇਤਰ ਵਿੱਚ ਪੈਰ ਰੱਖ ਲਿਆ ਤਾਂ ਵੁਲਵਰਹੈਂਪਟਨ ਵਿਖੇ ਇੱਕ ਸਾਹਤਿਕ ਇਕੱਠ ਵਿੱਚ ਮੇਰੀ ਚੰਨ ਜੰਡਿਆਲਵੀ ਜੀ ਨਾਲ ਪਹਿਲੀ ਮੁਲਾਕਾਤ ਹੋਈ ਤਾਂ ਮੇਰੇ ਦਿਮਾਗ ਵਿੱਚ ਬਣਿਆ ਚੰਨ ਜੀ ਦੇ ਵਿਅਕਤੀਤੱਵ ਦਾ ਪਹਿਲਾਂ ਵਾਲਾ ਬਿੰਬ ਸਾਰੇ ਦਾ ਸਾਰਾ ਟੁੱਟ ਕੇ ਢਹਿ-ਢੇਰੀ ਹੋ ਗਿਆ ਸੀ ਤੇ ਫੌਰਨ ਉਸੇ ਪਲ ਉਸਦੀ ਥਾਂ ਨਵਾਂ ਬਣ ਗਿਆ ਸੀ। ਪਹਿਲੀ ਹੀ ਮਿਲਣੀ ਤੋਂ ਮੈਨੂੰ ਚੰਨ ਜੀ ਬੜੇ ਹੀ ਸਾਦੇ ਜਿਹੇ ਸੁਭਾਅ ਦੇ ਸਾਉ, ਬੀਬੇ, ਨਿੱਘਾ ਅਤੇ ਨਿਰਛੱਲ ਜਿਹੇ ਇੰਨਸਾਨ ਜਾਪੇ ਸਨ। ਉਸ ਤੋਂ ਮਗਰੋਂ ਅਕਸਰ ਅਸੀਂ ਸਭਿਆਚਾਰਕ ਜਾਂ ਸਾਹਿਤਕ ਪ੍ਰੋਗਰਾਮਾਂ ਵਿੱਚ ਟੱਕਰਣ ਲੱਗ ਪਏ। ਕਦੇ ਵਿਸਾਖੀ ਨੂੰ ਰੇਡਿਉ ਤੋਂ  ਕਵਿਤਾਵਾਂ ਪੜ੍ਹਦਿਆਂ ਮਿਲਣੀ ਦਾ ਸਬੱਬ ਬਣ ਜਾਂਦਾ। ਇਉਂ ਮੈਨੂੰ ਚੰਨ ਜੀ ਨੂੰ ਨੇੜੇ ਹੋ ਕੇ ਦੇਖਣ ਦੇ ਅਕਸਰ ਮੌਕੇ ਮਿਲਦੇ ਰਹਿੰਦੇ।  ਮੈਨੂੰ ਉਨ੍ਹਾਂ ਦੀ ਨਿਮਰਤਾ, ਨਰਮਾਈ, ਸਾਫ਼ਗੋਈ ਅਤੇ ਸਾਦਗੀ ਟੁੰਬਦੀ ਰਹਿੰਦੀ। ਥੋੜੇ-ਥੋੜੇ ਚਿੱਟੇ ਪ੍ਰਗਟ ਹੁੰਦੇ ਵਾਲਾਂ ਵਾਲੀ ਕਾਲੀ ਦਾੜੀ ਨੂੰ ਚੰਨ ਜੀ ਹਮੇਸ਼ਾਂ ਡੋਰੀ ਨਾਲ ਚਾੜ੍ਹ ਕੇ ਰੱਖਦੇ ਹਨ। ਆਖਰੀ ਲੜ੍ਹ ਨਾਲ ਸੱਜੇ ਪਾਸੇ ਦੇ ਸਾਰੇ ਪੇਚਾਂ ਨੂੰ  ਲਕੋਣ ਵਾਲੇ ਅੰਦਾਜ਼ ਨਾਲ ਬੰਨ੍ਹੀ ਹੋਈ ਪੱਗ ਨਾਲ ਉਹ ਹੋਰ ਵੀ ਵਧੇਰੇ ਸ਼ਰੀਫ ਲੱਗਦੇ ਹਨ।
ਚੰਨ ਜੀ ਦੇ ਨੱਕ ਉਂੱਪਰ ਮੌਹਕੇ ਦੀ ਕਿਸਮ ਦਾ ਇੱਕ ਵੱਡਾ ਸਾਰਾ ਤਿਣ ਹੈ। ਇਸ ਤਿਣ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਮਾਂ ਦੱਸਦੀ ਸੀ। ਮੇਰੇ ਨਾਨਕੀ ਕਿਸੇ ਕੁੜੀ ਦਾ ਪਰਾਉਣਾ ਆਇਆ ਸੀ। ਉਹਦੇ ਇਵੇਂ ਦਾ ਤਿਣ ਸੀ। ਮੇਰੀ ਮਾਂ ਨੇ ਮਨ ਹੀ ਮਨ ਜੋਦੜੀ ਕੀਤੀ ਪ੍ਰਮਾਤਮਾ ਅੱਗੇ ਕਿ ਉਹਦੇ ਘਰਵਾਲੇ ਦੇ ਵੀ ਉਵੇਂ ਦਾ ਤਿਲ ਹੋਵੇ। ਮੇਰੇ ਬਾਪ ਦੇ ਤਾਂ ਨਹੀਂ ਸੀ। ਸ਼ਾਇਦ ਮਾਂ ਦੀ ਅਧੂਰੀ ਇੱਛਾ ਨੂੰ ਪੂਰਨ ਕਰਨ ਹਿੱਤ ਪ੍ਰਮਾਤਮਾ ਨੇ ਮੈਨੂੰ ਇਹ ਬਖਸ਼ ਦਿੱਤਾ।
ਇੱਕ ਵਾਰ ਅਸੀਂ ਵੁਲਵਰਹੈਂਪਟਨ ਦੇ ਇੱਕ ਪੱਬ ਅੰਦਰ ਹਮਪਿਆਲਾ ਹੋ ਰਹੇ ਸੀ ਤੇ ਉਤਸੁਕਤਾਵਸ ਮੈਂ ਤਰਲੋਚਨ ਦੇ ਨਾਲ ਚੰਨ ਤਖੱਲਸ ਜੁੜਨ ਦੇ ਸਬੱਬ ਦਾ ਕਾਰਨ ਜਾਨਣ ਲਈ ਪ੍ਰਸ਼ਨ ਕਰ ਬੈਠਾ ਤਾਂ ਚੰਨ ਜੀ ਹੱਸ ਕੇ ਦੱਸਣ ਲੱਗੇ, ਵਜ੍ਹਾ ਉਹ ਨਹੀਂ ਹੈ ਜੋ ਤੂੰ ਜਾਨਣੀ ਚਾਹੁੰਦੈਂ। ਕਿਸੇ ਕੁੜੀ ਨੇ ਮੈਨੂੰ ਚੰਨ ਨਹੀਂ ਕਿਹਾ ਸੀ। ਦਰਅਸਲ ਮੇਰਾ ਨਾਮ ਹੈ ਤਰਲੋਚਨ  ਤੇ ਜਿਵੇਂ ਆਪਾਂ ਲੰਮੇ ਨਾਵਾਂ ਨੂੰ ਤੋੜ ਕੇ ਛੋਟਾ ਕਰ ਲਿਆ ਕਰਦੇ ਹਾਂ, ਇਵੇਂ ਹੀ ਮੇਰੇ ਨਾਂ ਨਾਲੋਂ ਮੂਹਰਲਾ ਹਿੱਸਾ ਹਟਾ ਦਈਏ ਤਾਂ ਪਿਛੇ ਸਿਰਫ਼ ਚੰਨ ਹੀ ਰਹਿ ਜਾਂਦਾ ਹੈ। ਉਂਝ ਚੰਨ ਨੂੰ ਤੁਸੀਂ ਕਿਸੇ ਵੀ ਸੰਦਰਭ ਵਿੱਚ ਲੈ ਸਕਦਾ ਹੋ। ਮਾਂ ਲਈ ਚੰਨ ਪੁੱਤਰ। ਭੈਣ ਲਈ ਚੰਨ ਵਰਗਾ ਵੀਰ। ਪਤਨੀ ਲਈ ਚੰਨ ਮਾਹੀ। ਮਹਿਬੂਬਾ ਲਈ ਚੰਨ ਪ੍ਰੇਮੀ। ਰਾਤ ਲਈ ਚਾਨਣ ਵੰਡਣ ਵਾਲਾ ਚੰਨ ਸਾਥੀ। ਚੰਨ ਸਭ ਲਈ ਕੋਈ ਨਾ ਕੋਈ ਅਰਥ ਰੱਖਦਾ ਹੈ।
ਇਹ ਗੱਲ ਸੁਣ ਕੇ ਮੇਰੇ ਮਨ ਵਿੱਚ ਇੱਕ ਸੱਤਰ ਹੋਰ ਉਪਜੀ ਸੀ, ਜਿਹੜੀ ਕਿ ਮੈਂ ਸਮਝਦਾ ਹਾਂ ਉਪਰਲੀਆਂ ਲਾਇਨਾਂ ਨਾਲ ਜੁੜਨੀ ਚਾਹੀਦੀ ਹੈ। ਉਹ ਹੈ ਕਿ ਇਹ ਚੰਨ ਲਿਹਾਜੀਆਂ ਤੇ ਰਿਸ਼ਤੇਦਾਰਾਂ ਦਾ ਹੀ ਚੰਨ ਨਹੀਂ ਬਲਕਿ ਪੰਜਾਬੀ ਗੀਤਕਾਰੀ ਦੇ ਅੰਬਰਾਂ ਦਾ ਵੀ ਚੰਨ ਹੈ। ਮੇਰੇ ਇਸ ਵਿਚਾਰ ਦੀ ਪ੍ਰੋੜਤਾ ਸਾਜਨ ਰਾਏਕੋਟੀ ਸਾਹਿਬ ਦੀਆਂ ਇਹ ਕਾਵਿ ਸੱਤਰਾਂ ਵੀ ਕਰ ਦਿੰਦੀਆਂ ਹਨ, "ਇੱਕ ਚੰਨ ਅਸਮਾਨੀ ਚੜ੍ਹਿਆ, ਇੱਕ ਚੜ੍ਹਿਆ ਜੰਡਿਆਲੇ। ਇੱਕ ਧਰਤੀ ਦੇ ਗਿਰਦੇ ਘੁੰਮੇ, ਦੂਜਾ ਅਦਬ ਦੁਆਲੇ। ਇੱਕ ਅੰਬਰ ਤੇ ਸੋਂਹਦਾ ਦੂਜਾ, ਯਾਰਾਂ ਵਿੱਚ ਸੁਹਾਵੇ। ਸਾਜਨ ਕਹੇ ਆਜ਼ਾਦ ਨੂੰ ਯਾਰਾਂ, ਦੋਵੇਂ ਕਰਮਾਂ ਵਾਲੇ।"
ਬਰਤਾਨਵੀ ਪੰਜਾਬੀ ਗੀਤਕਾਰੀ ਦੀ ਦੁਨੀਆਂ ਵਿੱਚ ਚੰਨ ਜੀ ਨੇ ਕਈ ਸਾਲ ਰਾਜ ਕੀਤਾ ਹੈ ਤੇ ਆਪਣੀ ਕਲਾ ਦਾ ਸਿੱਕਾ ਜਮਾਇਆ ਹੈ। ਅੱਜ ਵੀ ਉਨ੍ਹਾਂ ਦੀ ਗੀਤਕਾਰੀ ਦੀ ਧਾਕ ਸਵਿਕਾਰੀ ਜਾਂਦੀ ਹੈ। ਭਾਰਤ ਤੋਂ ਗਿਆਨੀ ਕਰਕੇ ੧੯੬੮ ਵਿੱਚ ਇੰਗਲੈਂਡ ਆਉਣ ਬਾਅਦ ਉਨ੍ਹਾਂ ਨੇ ਦਿਨ ਭਰ ਹੱਢ-ਭੰਨ੍ਹਵੀਂ ਮੁਸ਼ੱਕਤ ਕਰਦਿਆਂ ਰਾਤ ਨੂੰ ਜਗਰਾਤੇ ਕੱਟ ਕੇ ਮਿਆਰੀ ਗੀਤਾਂ ਦੀ ਰਚਨਾ ਕੀਤੀ ਹੈ। ਜਿਸਦੇ ਸਿਲੇ ਵਜੋਂ ਉਨ੍ਹਾਂ ਦੇ ਅਨੇਕਾਂ ਗੀਤ ਸੁਪਰ-ਡੁੱਪਰ ਹਿੱਟ ਹੋਏ ਹਨ। ਜਿਵੇਂ:-

  *ਹਾਏ ਉਏ। (ਕੁਲਦੀਪ ਪਾਰਸ)
  *ਮੂੰਹ ਵਿੱਚ ਭਾਬੀ ਦੇ। (ਸਵਰਨ ਲਤਾ)
  *ਬਾਬਲੇ ਦੇ ਵਿਹੜੇ। (ਪਾਲੀ ਦੇਤਵਾਲੀਆ)
  *ਖਾਲਸਾ ਅਮਰ ਰਹੂ। (ਬਲਵਿੰਦਰ ਸਫਰੀ)
  *ਚਰੀਆਂ ਸ਼ੂਕਦੀਆਂ। (ਗੁਰਚਰਨ। ਪੰਮੀ ਪੋਹਲੀ)
  *ਮਾਵਾਂ ਠੰਡੀਆਂ ਛਾਵਾਂ। (ਗੁਰਦਿਆਲ ਸਿੰਘ ਰਸੀਆ)
  *ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ। (ਸਵਰਨ ਲਤਾ/ ਜਗਮੋਹਨ ਕੌਰ)
  *ਮੇਰੇ ਦਿਲ ਤੇ ਆਣਲਣਾ ਪਾਇਆ ਇੱਕ ਸੋਨ ਜਿੜੀ ਜਿਹੀ ਨਾਰ ਨੇ। (ਬਲਵਿੰਦਰ ਸਫਰੀ)
  *ਮਧਾਣੀਆਂ, ਹਾਏ ਓ ਮੇਰੇ ਡਾਢਿਆ ਰੱਬਾ ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ। (ਨਰਿੰਦਰ ਕੌਰ/ ਸੁਰਿੰਦਰ ਕੌਰ)
ਚੰਨ ਜੰਡਿਆਲਵੀ ਦੇ ਗੀਤਾਂ ਵਿੱਚੋਂ ਮਹਿਜ਼ ਪੰਜਾਬ ਅਤੇ ਪੰਜਾਬੀ ਸਭਿਆਚਾਰ ਦਾ ਅਕਸ ਹੀ ਦੇਖਣ ਨੂੰ ਨਹੀਂ ਮਿਲਦਾ, ਬਲਕਿ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਅਤੇ ਜਦੋ-ਜਹਿਦ ਦੀ ਮੂਰਤਕਸ਼ੀ ਹੋਈ ਵੀ ਦਿਸਦੀ ਹੈ। ਸਿਖਰ ਦੁਪਿਹਰੇ, ਤਿੱਖੀ ਧੁੱਪ ਵਿੱਚ ਤਪੇ ਹੋਏ ਕੱਕੇ ਰੇਤਿਆਂ ਵਾਲੇ ਟਿੱਬਿਆਂ ਦੀ ਖਾਕ ਛਾਣਦੀ ਹੁਸੀਨ ਮੁਟਿਆਰ ਦੇ ਰੂਪ ਵਾਂਗ ਪੰਜਾਬੀਅਤ ਚੋਂਦੀ ਹੈ ਚੰਨ ਜੀ ਦੇ ਨਗਮਿਆਂ ਵਿੱਚੋਂ।
ਡਾ: ਗੁਰਦੇਵ ਸਿੰਘ ਪੰਦੋਹਲ ਨੇ ਚੰਨ ਜੀ ਦੀ ਗੀਤਕਾਰੀ ਮੁਤੱਲਕ ਲਿਖਿਆ ਹੈ, "ਪੰਜਾਬੀ ਜੀਵਨ ਦੀਆਂ ਅਟੱਲ ਸਚਾਈਆਂ ਇਸ ਪ੍ਰਕਾਰ ਚੰਨ ਨੇ ਆਪਣੇ ਗੀਤਾਂ ਵਿੱਚ ਸਮੋਈਆਂ ਹਨ ਕਿ ਉਹ ਸਾਨੂੰ ਪੀੜ੍ਹੀਉ ਪੀੜ੍ਹੀ ਚਲਦਾ ਆ ਰਿਹਾ ਇਤਿਹਾਸ ਲਗਦੇ ਹਨ ਤੇ ਇਸ ਪੱਖੋਂ ਉਹ ਸਾਡੇ ਲੋਕ-ਵਿਰਸੇ ਤੇ ਲੋਕ ਸਭਿਆਚਾਰ ਦੇ ਲੋਕ-ਵੇਦਨਾ ਦੀ ਪਦਵੀ ਗ੍ਰਹਿਣ ਕਰਦੇ ਭਾਸਦੇ ਹਨ।"
ਚੰਨ ਜੀ ਦੇ ਗੀਤ ਸਾਡੇ ਜੀਵਨ-ਮਰਨ ਦੀਆਂ ਕ੍ਰਿਆਵਾਂ ਦੇ ਸਮੁੱਚੇ ਝਲਕਾਰੇ ਤੋਂ ਲੈ ਕੇ ਜੀਵਨ ਦੇ ਹਰ ਪਹਿਲੂ ਦੇ ਚਮਤਕਾਰ, ਸਾਡੀ ਭਾਵਆਤਮਕਤਾ ਵਿੱਚ ਜਜ਼ਬ ਕਰਨ ਦੀ ਸਮਰਥਾ ਨਾਲ ਮਾਲਾ-ਮਾਲ ਹਨ। ਹਾਸੇ, ਠੱਠੇ, ਰੋਣੇ-ਧੋਣੇ, ਪਿਆਰ-ਨਫ਼ਰਤ, ਦੁੱਖ-ਸੁੱਖ, ਹੰਝੂਆਂ, ਹਾਵੇਆਂ, ਨਖਰਿਆਂ, ਨਿਹੋਰਿਆਂ, ਸੁਨੇਹਿਆਂ ਤੇ ਗਿਲ੍ਹੇ-ਸ਼ਿਕਵਿਆਂ, ਗੱਲ ਕੀ ਹਰ ਪ੍ਰਕਾਰ ਦੇ ਅਨੁਭਵਾਂ ਦੀ ਸੱਚੀ ਤੇ ਸੁੱਚੀ ਤਸਵੀਰ ਸਾਡੇ ਦਿਲਾਂ 'ਤੇ ਉਕਰਦੇ ਹਨ।  
ਮੈਂ ਸੋਚਦਾ ਸੀ ਤਰਲੋਚਨ ਸਿੰਘ ਚੰਨ ਦੇ ਨਾਲ ਜੰਡਿਆਲਵੀ ਇਧਰ ਆ ਕੇ ਪਿੰਡ ਦੇ ਮੋਹ ਕਾਰਨ ਜੁੜ ਗਿਆ ਹੋਵੇਗਾ। ਅਕਸਰ ਸਾਡੇ ਲੋਕ ਵਿਦੇਸ਼ਾਂ ਵਿੱਚ ਆ ਕੇ ਭੂ-ਹੇਰਵੇਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਫੇਰ ਕਿਸੇ ਨਾ ਕਿਸੇ ਢੰਗ ਨਾਲ ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਯਤਨ ਕਰਦੇ ਹਨ। ਜਿਨ੍ਹਾਂ ਵਿਚੋਂ ਆਪਣੇ ਨਾਵਾਂ ਨਾਲ ਆਪਣੇ ਖਿੱਤੇ ਦਾ ਨਾਮ ਜੋੜਨਾ ਵੀ ਇੱਕ ਵਿਧੀ ਹੈ। ਜਦੋਂ ਮੈਂ ਚੰਨ ਜੀ ਕੋਲ ਇਸ ਬਾਰੇ ਇੱਕ ਵਾਰ ਜ਼ਿਕਰ ਛੇੜਿਆ ਤਾਂ ਉਹਨਾਂ ਨੇ ਭੇਤ ਖੋਲਿਆ, "ਨਹੀਂ ਜੰਡਿਆਲਵੀ ਤਾਂ ਮੈਂ ਇਧਰ ਆਉਣ ਤੋਂ ਪਹਿਲਾਂ ਇੰਡੀਆ ਰਹਿੰਦਿਆਂ ਹੀ ਲਿਖਦਾ ਹੁੰਦਾ ਸੀ। ਕੀ ਹੋਇਆ ਕਿ ਇੱਕ ਵਾਰ ਮੈਂ ਗੁਰਚਰਨ ਪੋਹਲੀ ਕੋਲ ਇੱਕ ਗੀਤ ਲੈ ਕੇ ਗਿਆ, ਪੋਹਲੀ ਮੈਨੂੰ ਕਹਿਣ ਲੱਗਿਆ, ਚੰਨ ਸਾਹਿਬ ਏਹਦੇ 'ਚ ਮੇਰੇ ਪਿੰਡ ਨਾਂ ਜ਼ਰੂਰ ਫਿੱਟ ਕਰੋ। ਮੈਂ ਉਹਨੂੰ ਕਿਹਾ ਬਈ ਜੇ ਤੇਰੇ ਪਿੰਡ ਦਾ ਨਾਮ ਅੜਾਉਂ ਤਾਂ ਮੈਂ ਆਵਦੇ ਪਿੰਡ ਦਾ ਨਾਂ ਵੀ ਵਿੱਚ ਲਾਉਣਾ ਹੈ। ਉਸ ਗੀਤ ਦੇ ਬੋਲ ਸਨ, 'ਚੰਨ ਮੇਰਾ ਹੈ ਦੋਸਤ ਗੂੜਾ ਜੰਡਿਆਲੇ ਦਾ ਮੁੰਡਾ।' ਤੇ ਇੰਝ ਫੇਰ ਜੰਡਿਆਲੇ ਵਾਲਾ ਲਿਖਣ ਲੱਗ ਗਿਆ। ਇੱਕ ਵਾਰ ਚਰਨਜੀਤ ਆਹੂਜਾ ਕਹਿਣ ਲੱਗਾ ਕਿ ਜੰਡਿਆਲੇ ਵਾਲਾ ਪੁਰਾਤਨ ਜਿਹਾ ਲੱਗਦੈ। ਇਹਦਾ ਨਵੀਨੀਕਰਨ ਕਰਕੇ ਉਹਨੇ ਜੰਡਿਆਲਵੀ ਬਣਾ ਦਿੱਤਾ। ਹੁਣ ਜੰਡਿਆਲਵੀ ਲਿਖਣਾ ਸ਼ੁਰੂ ਕਰ ਦਿੱਤਾ ਹੈ।
ਮੇਰੇ ਮੁਤਾਬਿਕ ਚੰਨ ਤਖੱਲਸ ਨਾਲ ਜੰਡਿਆਲਵੀ ਵਰਤਣਾ ਤਰਲੋਚਨ ਸਿੰਘ ਜੀ ਲਈ ਕਾਫ਼ੀ ਲਾਹੇਵੰਦ ਰਿਹਾ ਹੈ। ਇਸ ਨਾਲ ਉਹਨਾਂ ਦੀ ਲੇਖਕ ਵਜੋਂ ਪਹਿਚਾਨ ਅਥਵਾ ਸ਼ਨਾਖਤ ਕਰਨੀ ਸਰਲ ਹੋ ਜਾਂਦੀ ਹੈ। ਕਿਉਂਕਿ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਚੰਨ ਨਾਮਕ ਲੇਖਕ ਹਨ। ਅਗਰ ਉਹ ਇਕੱਲਾ ਚੰਨ ਹੀ ਵਰਤਦੇ ਰਹਿੰਦੇ ਤਾਂ ਉਹਨਾਂ ਦੀਆਂ ਰਚਨਾਵਾਂ ਦਾ ਪਾਠਕਾਂ ਅਤੇ ਸਰੋਤਿਆਂ ਨੂੰ ਹੋਰ ਚੰਨਾਂ ਨਾਲ ਭੁਲੇਖਾ ਲੱਗ ਸਕਦਾ ਸੀ।
ਬਚਪਨ ਵਿੱਚ ਛੋਟੇ ਹੁੰਦਿਆਂ ਚੰਨ ਜੀ ਦੇ ਸਿਰੋਂ ਬਾਪ ਦਾ ਸਾਇਆ ਉਂੱਠ ਗਿਆ ਤੇ ਉਹਨਾਂ ਇਹ ਗ਼ਮ ਅੱਥਰੂ ਦੀ ਬਜਾਏ ਅੱਖਰ ਬਣ ਕੇ ਉਸ ਸਮੇਂ ਅੰਦਰੋਂ ਬਾਹਰ ਨਿਕਲਿਆ। ਆਪਣੇ ਮਹਿਰੂਮ ਪਿਤਾ ਨੂੰ ਯਾਦ ਕਰਦਿਆਂ ਚੰਨ ਨੇ ਆਪਣੀ ਸਭ ਤੋਂ ਪਹਿਲੀ ਕਵਿਤਾ ਲਿਖੀ ਸੀ, 'ਛੱਡ ਗਿਉਂ ਦੁਨੀਆ ਦੇ ਵਿੱਚ ਹਾਏ ਠੋਕਰਾਂ ਖਾਣੇ ਲਈ।'
ਫਿਰ ਸ਼ਾਇਰੀ ਦੀਆਂ ਬਰੀਕੀਆਂ ਸਮਝਣ ਬਾਅਦ ਚੰਨ ਜੀ ਨੇ ਸਭ ਤੋਂ ਪਹਿਲਾਂ ਕਿੱਸਿਆਂ ਦੀ ਸਿਰਜਣਾ ਕੀਤੀ ਸੀ। ਉਨ੍ਹਾਂ ਦੇ ਅੱਠ ਕਿੱਸੇ ਛਪ ਚੁੱਕੇ ਹਨ। ਜਿਨ੍ਹਾਂ ਦੇ ਕ੍ਰਮਵਾਰ ਨਾਮ ਹਨ:-
*ਅਸਾਂ ਨਿੱਤ ਨਹੀਂ ਬਜਾਰੇ ਆਉਣਾ ਲੈ ਦੇ ਦਿਉਰਾ ਨਾਸ਼ਪਾਤੀਆਂ
*ਜੀਵਨ ਇਤਿਹਾਸ ਬਾਬਾ ਵਡਭਾਗ ਸਿੰਘ
*ਚੰਨ ਚਮਕਾਰੇ
*ਪੰਜਾਬ ਦੇ ਲੋਕ ਗੀਤ
*ਚੰਨ ਦਾ ਗਿੱਧਾ
*ਚੰਨ ਦਾ ਭੰਗੜਾ
*ਤੁੰਬੀ ਦੇ ਗੀਤ
*ਚੰਨ ਦੇ ਗੀਤ
ਤੇ ਇਸ ਤੋਂ ਇਲਾਵਾਂ ਚੰਨ ਜੀ ਨੇ ਨੌਂ ਗੀਤ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-
੧ ਪੰਜਾਬ ਦੇ ਲੋਕ ਗੀਤ।
੨ ਤੋਰ ਪੰਜਾਬਣ ਦੀ।
੩ ਤੇਰੀ ਮੇਰੀ ਇਕ ਜਿੰਦੜੀ।
੪ ਦਿਨ ਚੜ੍ਹਦੇ ਦੀ ਲਾਲੀ।
੫ ਸਪਣੀ ਵਰਗੀਆਂ ਤੋਰਾਂ।
੬ ਚਿੱਟਿਆਂ ਦੰਦਾ ਦਾ ਹਾਸਾ।
੭ ਨਾਨਕੀ ਨਸੀਬਾਂ ਵਾਲੜੀ।
੮ ਅਨੰਦਪੁਰ ਰੰਗ ਬਰਸੇ।
੯ ਪੰਜਾਬਣ ਛਮਕ ਜਿਹੀ।
ਸੰਨ ੧੯੫੯ ਵਿੱਚ ਅਵਤਾਰ ਫਲੋਰਾ ਨੇ ਚੰਨ ਜੀ ਦਾ ਪਹਿਲਾ ਗੀਤ ਰਿਕਾਰਡ ਕਰਵਾਇਆ ਸੀ, 'ਪਿੱਪਲੀ 'ਤੇ ਪੀਘ ਝੂਟਦੀ, ਨੀ ਮੈਂ ਅੜੀਓ ਸ਼ਰਾਬਣ ਹੋਈ।' ਉਦਣ ਤੋਂ ਲੈ ਕੇ ਅੱਜ ਤੱਕ ਅਣਗਿਣਤ ਫਨਕਾਰਾਂ ਨੇ ਉਨ੍ਹਾਂ ਦੇ ਕਲਾਮ ਨੂੰ ਬੜੇ ਮਾਣ ਨਾਲ ਗਾਇਆ ਹੈ। ਜਿਨ੍ਹਾਂ ਵਿੱਚੋਂ ਕੁੱਝ ਕੁ ਵਰਣਨਯੋਗ ਨਾਵਾਂ ਦੀ ਰੇਲ ਗੱਡੀ ਆਪ ਮੁਹਾਰੇ ਸਾਡੀ ਜ਼ੁਬਾਨ ਦੀ ਪਟੜੀ ਉਂੱਤੇ ਆ ਚੜ੍ਹਦੀ ਹੈ। ਜਗਮੋਹਣ ਕੌਰ, ਸਵਰਨ ਲਤਾ, ਸਰਿੰਦਰ ਕੌਰ, ਨਰਿੰਦਰ ਬੀਬਾ, ਕੁਲਦੀਪ ਪਾਰਸ, ਪਾਲੀ ਦੇਤਵਾਲੀਆ, ਗੁਰਦਿਆਲ ਸਿੰਘ ਰਸੀਆ, ਸ਼ਲਿੰਦਰ ਪ੍ਰਦੇਸੀ, ਬਲਵਿੰਦਰ ਸ਼ਫਰੀ, ਮੋਹਣੀ ਨਰੂਲਾ, ਜਸਪਿੰਦਰ ਨਰੂਲਾ, ਸੁਰਿੰਦਰ ਕੋਹਲੀ, ਸਰੂਪ ਸਿੰਘ ਸਰੂਪ, ਸੀਤਲ ਸਿੰਘ ਸੀਤਲ ਤੋਂ ਇਲਾਵਾ ਹੋਰ ਬਹੁਤ ਸਾਰੇ ਨਾਂ ਰੂਪੀ ਡੱਬੇ ਇਸ ਲੰਮੀ ਟਰੇਨ ਦੇ ਹਿੱਸੇ ਹਨ।
ਬੁਨਿਆਦੀ ਤੌਰ 'ਤੇ ਤਾਂ ਚੰਨ ਜੀ ਗੀਤਕਾਰ ਹੀ ਹਨ। ਪਰ ਕਦੇ ਕਦਾਈ ਕਵੀ ਦਰਬਾਰਾਂ ਵਿੱਚ ਕਵਿਤਾ ਪੜ੍ਹ ਕੇ ਵੀ ਅੱਛਾ ਖਾਸਾ ਰੰਗ ਬੰਨ੍ਹ ਜਾਂਦੇ ਹਨ। ਕਵਿਤਾ ਦੀ ਵਿਧਾ ਨੂੰ ਉਹ ਬਹੁਤੀ ਸੰਜ਼ੀਦਗੀ ਨਾਲ ਨਹੀਂ ਲੈਂਦੇ ਤੇ ਕਵੀ ਦਰਬਾਰਾਂ ਵਿੱਚ ਹਾਜ਼ਰੀ ਲਵਾਉਣ ਦਾ ਬਹਾਨਾ ਜਾਂ ਗਲ੍ਹ ਪਿਆ ਢੋਲ ਵਜਾਉਣਾ ਹੀ ਦੱਸਦੇ ਹਨ। ਹਾਲਾਂਕਿ  ਉਹਨਾਂ ਦੀ ਸਭ ਤੋਂ ਪਹਿਲੀ ਰਚਨਾ ਹੀ ਕਵਿਤਾ ਸੀ। ਜੋ ਉਨ੍ਹਾਂ ਨੇ ਚੌਥੀ ਵਿੱਚ ਪੜ੍ਹਦਿਆਂ ਆਪਣੇ ਪਿਤਾ ਦੇ ਸਵਰਗਵਾਸ ਉਪਰੰਤ ਭਾਵੁਕ ਹੋ ਕੇ ਲਿਖੀ ਸੀ।
ਜਦੋਂ ਚੰਨ ਜੀ ਨੇ ਆਪਣੇ ਗੀਤਾਂ ਦੀ ਪਹਿਲੀ ਕਿਤਾਬ ਛਾਪੀ ਸੀ ਤਾਂ ਨਾਦਾਨੀ ਵਿੱਚ ਉਸਦਾ ਨਾਮ ਪੰਜਾਬ ਦੇ ਲੋਕ ਗੀਤ ਰੱਖ ਦਿੱਤਾ ਸੀ। ਉਦੋਂ ਚੰਨ ਜੀ ਨੂੰ ਐਨਾ ਗਿਆਨ ਨਹੀਂ ਸੀ ਕਿ ਗੀਤਾਂ ਅਤੇ ਲੋਕ ਗੀਤਾਂ ਵਿਚਲੇ ਅੰਤਰ ਨੂੰ ਸਮਝ ਸਕਦੇ। ਪਰ ਸਮਾਂ ਪਾ ਕੇ ਉਨ੍ਹਾਂ ਦੀ ਅਣਜਾਣਪੁਣੇ ਵਿੱਚ ਕਰੀ ਹੋਈ ਗਲਤੀ ਆਪੇ ਦਰੁਸਤ ਹੋ ਗਈ ਹੈ। ਅੱਜ ਉਨ੍ਹਾਂ ਦੇ ਕਈ ਗੀਤਾਂ ਲੋਕ ਗੀਤ ਹੋ ਨਿਬੜੇ ਹਨ। ਮਿਸਾਲ ਦੇ ਤੌਰ 'ਤੇ:-
*ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾ ਕਿੰਨਾ ਜੰਮੀਆਂ ਤੇ ਕਿੰਨਾ ਲੈ ਜਾਣੀਆਂ।
*ਮੂੰਹ ਵਿੱਚ ਭਾਬੀ ਦੇ ਨਣਦ ਬੁਰਕੀਆਂ ਪਾਵੇ।
*ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ।
ਪੰਜਾਬੀ ਦਾ ਇੱਕ ਬੜ੍ਹਾ ਹੀ ਮਕਬੂਲ ਗੀਤ ਹੈ, 'ਚੁੰਨੀ ਰੰਗ ਦੇ ਲਲਾਰੀਆ ਮੇਰੀ, ਸੱਜਣਾ ਦੀ ਪੱਗ ਵਰਗੀ।' ਚੰਨ ਜੀ ਨੇ ਇਸੇ ਗੀਤ ਨੂੰ ਉਲਟਾ ਕੇ ਮਰਦਾਨਾ ਪੱਖ ਤੋਂ ਇਉਂ ਲਿਖਿਆ ਹੈ, 'ਮੈਤੋਂ ਵਧਕੇ ਸਿਫ਼ਤ ਹੋਊ ਤੇਰੀ, ਸੱਜਣਾ ਦੀ ਚੁੰਨੀ ਵਰਗੀ। ਪੱਗ ਰੰਗ ਦੇ ਲਲਾਰੀਆ ਮੇਰੀ, ਸੋਹਣਿਆ ਦੀ ਚੁੰਨੀ ਵਰਗੀ।'  ਕਈ ਵਾਰ ਮੈਨੂੰ ਚੰਨ ਜੀ ਮੁਤੱਲਕ ਸੋਚ ਕੇ ਹੈਰਤ ਹੁੰਦੀ ਹੈ ਕਿ ਇੱਕ ਪ੍ਰੋੜ ਉਮਰ ਦਾ ਵਿਅਕਤੀ ਵੀ ਕਿੰਨੀ ਬਾਖੂਬੀ ਨਾਲ ਜਵਾਨ ਭਾਵਨਾਵਾਂ ਪ੍ਰਗਟਾਉਣ ਵਾਲੇ 'ਮੌਜ਼ਾਂ ਈ ਮੌਜ਼ਾਂ' ਜਾਂ 'ਓਏ ਕੈਮਸ਼ੋ' ਜਿਹੇ ਗੀਤ ਲਿਖ ਲੈਂਦਾ ਹੈ। ਚੰਨ ਜੀ ਦੇ ਗੀਤਾਂ ਵਿੱਚ 'ਨਾਜੋ' ਸ਼ਬਦ ਅਨੇਕਾਂ ਵਾਰ ਆਇਆ ਹੈ।
ਚੰਨ ਜੀ ਪੰਜਾਬੀ ਸਾਹਿਤ ਸਭਾ ਗੁਰਾਇਆਂ ਦੇ ਮੈਂਬਰ ਰਹਿ ਚੁੱਕੇ ਹਨ ਤੇ ਅੱਜਕੱਲ੍ਹ ਪੰਜਾਬੀ ਸਾਹਿਤ ਸਭਾ ਵੁੱਲਵਰਹੈਂਪਟਨ ਅਤੇ ਕਵੀ ਮੰਡਲ ਯੂ ਕੇ ਦੇ ਸਰਗਰਮ ਕਾਰਕੁਨ ਹਨ। ਆਪਣੇ ਕੈਰੀਅਰ ਦੇ ਮੁਢਲੇ ਦੌਰ ਵਿੱਚ ਉਹ ਕਵਿਤਾ ਅਤੇ ਤਰਾਨਾ ਆਦਿਕ ਸਾਹਿਤਕ ਪਰਚਿਆਂ ਵਿੱਚ ਛਪਦੇ ਰਹੇ ਹਨ।
ਚੰਨ ਜੀ ਅਜੋਕੀ ਗੀਤਕਾਰੀ ਤੋਂ ਬਹੁਤੇ ਸੰਤੁਸ਼ਟ ਨਹੀਂ ਹਨ। ਯਕਮਰਤਬਾ ਇਸੇ ਮਾਮਲੇ 'ਤੇ ਗੂਫਗੂਹ ਕਰਦਿਆਂ ਉਹਨਾਂ ਦੀ ਟਿਪਣੀ ਸੁਣ ਕੇ ਮੈਂ ਆਖਿਆ ਬਈ ਤੁਸੀਂ ਵੀ ਇਸ ਤਰ੍ਹਾਂ ਦੇ ਗੀਤ ਲਿਖੇ ਹਨ।  ਅੱਗੋਂ ਉਨ੍ਹਾਂ ਨੇ ਬੜੀ ਹਲੀਮੀ ਨਾਲ ਜੁਆਬ ਦਿੱਤਾ, "ਹਾਂ, ਕਮਰਸ਼ੀਅਲ ਗਾਣੇ ਵੀ ਲਿਖਣੇ ਲੈਂਦੇ ਹਨ। ਅਗਰ ਤੁਸੀਂ ਸਮੇਂ ਦੀ ਮੰਗ ਅਨੁਸਾਰ ਨਾ ਲਿਖੋਂਗੇ ਤਾਂ ਦੌੜ ਚੋਂ ਪੱਛੜ ਜਾਵੋਂਗੇ। ਮੈਂ ਸਾਲ ਭਰ ਸੈਂਕੜੇ ਹੀ ਗੀਤ ਲਿਖਦਾਂ। ਪਰ ਰਿਕਾਡਿੰਗ ਲਈ ਬਹੁਤ ਥੋੜ੍ਹੇ ਦਿੰਦਾ ਹਾਂ। ਇਸਦਾ ਇੱਕ ਤਾਂ ਕਾਰਨ ਇਹ ਹੈ ਕਿ ਮੈਨੂੰ ਨੂਰਪੁਰੀ ਸਾਹਿਬ (ਜਿਨ੍ਹਾਂ ਨੂੰ ਚੰਨ ਜੀ ਆਪਣਾ ਉਸਤਾਦ ਮੰਨਦੇ ਹਨ।) ਨੇ ਕਿਹਾ ਹੋਇਐ ਕਿ ਗੀਤ ਭਾਵੇਂ ਜਿੰਨੇ ਮਰਜ਼ੀ ਲਿਖ ਲਿਖ ਰੱਖੀ ਜਾਵੋ। ਪਰ ਜਿਹੜਾ ਗੀਤ ਤੁਸੀਂ ਮਾਰਕੀਟ ਨੂੰ ਦੇਣਾ ਹੈ। ਉਹ ਚਾਹੇ ਸਾਲ ਵਿੱਚ ਇੱਕ ਹੀ ਦੇਵੋ। ਪਰ ਉਸ ਗੀਤ ਦੇ ਬੋਲਾਂ ਵਿੱਚ ਐਨਾ ਦਮ ਹੋਣਾ ਚਾਹੀਦੈ ਕਿ ਉਹ ਪੂਰੇ ਬਾਰਾਂ ਮਹੀਨੇ ਚੱਲਦਾ ਰਹੇ। ਇਸ ਲਈ ਮੈਂ ਰਿਕਾਰਡਿੰਗ ਲਈ ਉਹੀ ਗੀਤ ਦਿੰਨਾਂ ਜਿਸ ਤੋਂ ਮੈਨੂੰ ਪੂਰੀ ਤਸੱਲੀ ਹੋਵੇ।"
ਚੰਨ ਜੀ ਭਾਵੇਂ ਹੁਣ ਵੀ ਉਸੇ ਪਹਿਲੀ ਰਫਤਾਰ ਨਾਲ ਹੀ ਗੀਤ ਲਿਖ ਰਹੇ ਹਨ। ਪਰ ਪਿਛਲੇ ਕੁੱਝ ਸਮੇਂ ਤੋਂ ਉਹਨਾਂ ਦੇ ਉਨ੍ਹੇ ਗੀਤ ਰਿਕਾਰਡ ਨਹੀਂ ਹੋਏ। ਜਦੋਂ ਮੈਂ ਇਸਦੀ ਵਜ੍ਹਾ ਜਾਨਣੀ ਚਾਹੀ ਤਾਂ ਉਹਨਾਂ ਨੇ ਦੱਸਿਆ, "ਅੱਜਕੱਲ੍ਹ ਗੀਤ ਚੋਰੀ ਬਹੁਤ ਹੋਣ ਲੱਗ ਪਏ। ਮੇਰੇ ਦੋ-ਤਿੰਨ ਗੀਤ ਚੋਰੀ ਹੋ ਚੁੱਕੇ ਹਨ। ਇਸ ਲਈ ਮੈਂ ਹਰੇਕ ਨੂੰ ਗੀਤ ਦੇਣੋਂ ਹਟ ਗਿਆ ਹਾਂ। ਕੁਲਦੀਪ ਪਾਰਸ ਦਾ ਰਿਕਾਰਡ ਕਰਵਾਇਆ ਹੋਇਆ ਗੀਤ 'ਹਾਏ ਓਏ।' ਇੰਗਲੈਂਡ  ਦੇ ਇੱਕ ਗਾਇਕ ਨੇ ਦੁਬਾਰਾ ਰਿਕਾਰਡ ਕਰਵਾਇਆ। ਉਸ ਕੈਸਿਟ ਦੇ ਕਵਰ ਉਂੱਤੇ ਉਨ੍ਹਾਂ ਨੇ ਗੀਤਕਾਰ ਵਜੋਂ ਚੰਨ ਗਰਾਇਆਂ ਵਾਲੇ ਦਾ ਨਾਮ ਲਿਖ ਦਿੱਤੈ। ਪਰ ਗੀਤ ਦੇ ਵਿੱਚ ਗਾਇਕ ਗਾਉਂਦਾ 'ਚੰਨ ਜੰਡਿਆਲਵੀ ਦੀ ਕੁੰਡੀ ਅੜਗੀ।' ਜਦੋਂ ਮੈਂ ਉਸਨੂੰ ਪੁੱਛਿਆ ਕਿ ਗੀਤ ਤਾਂ ਮੇਰਾ ਹੈ ਤੇ ਨਾਮ ਤੁਸੀਂ ਚੰਨ ਗਰਾਇਆਂ ਵਾਲੇ ਦਾ ਲਿੱਖ ਦਿੱਤੈ ਤਾਂ ਅੱਗੋਂ ਗਾਇਕ ਕਹਿਣ ਲੱਗਿਆ।  -ਅੱਛਾ ਤੁਹਾਡਾ ਗੀਤ ਹੈ। ਮੈਂ ਸਮਝਿਆ ਚੰਨ ਗਰਾਇਆਂ ਵਾਲੇ ਦਾ ਹੈ। ਇਹ ਯੁਮਲਾ ਸੁਣਾਉਂਦੇ ਹੋਏ ਚੰਨ ਜੀ ਮੇਰੇ ਨਾਲ ਆਪਣਾ ਗਿਲਾ ਸਾਝਾ ਕਰਨ ਲੱਗੇ, "ਦੋਖੋਂ ਆਹ ਹਾਲ ਐ ਸਾਡੇ ਅੱਜ ਦੇ ਗਾਇਕਾਂ ਦਾ। ਗੀਤ ਇਹਨਾਂ ਨੂੰ ਕੀ ਦਈਏ। ਗੀਤ ਦੇਣ ਦਾ ਤਾਂ ਫਾਇਦੈ, ਜੇ ਅੱਗੋਂ ਅਗਲਾ ਵੀ ਕਦਰ ਕਰੇ।"
ਪਹਿਲੇ ਪਹਿਲ ਚੰਨ ਨੇ ਜੀ ਨੇ ਜੰਡਿਆਲੇ ਤੋਂ ਸਾਇਕਲ 'ਤੇ ਜਾਣਾ ਤੇ ਲੁਧਿਆਣੇ ਰਾਤ ਰਹਿਣਾ। ਨਰਿੰਦਰ ਬੀਬਾ ਨੂੰ ਗੀਤ ਦੇ ਕੇ ਅਗਲੇ ਦਿਨ ਪਿੰਡ ਆ ਜਾਣਾ। ਹੁਣ ਉਹ ਉਮਰ ਅਤੇ ਵਕਤ ਦੇ ਤਕਾਜੇ ਨਾਲ ਬਦਲ ਗਏ ਹਨ। ਜੇਬ 'ਚ  ਗੀਤ ਪਾ ਕੇ ਗਾਇਕ ਕੋਲ ਜਾਣਾ ਉਨ੍ਹਾਂ ਨੇ ਛੱਡ ਦਿੱਤਾ ਹੈ। ਨਾਲੇ ਫੇਰ ਹੁਣ ਬਹੁਤੇ ਗਾਇਕ ਤਾਂ ਖੁਦ ਗੀਤਕਾਰ ਬਣ ਗਏ ਹਨ।
ਭਾਵੇਂ ਕਿ ਚੰਨ ਜੀ ਨੇ ਬਰਤਾਨਵੀ ਗੀਤਕਾਰੀ ਦੇ ਕਿਲ੍ਹੇ 'ਤੇ  ਸਾਲਾਂ ਬੱਧੀ ਆਪਣਾ ਝੰਡਾ ਗੱਡੀ ਰੱਖਿਆ ਹੈ। ਪਰ ਗੀਤਕਾਰੀ ਦੇ ਆਪਣੇ ਸਮੁੱਚੇ ਕੈਰੀਅਰ ਗਰਾਫ ਨੂੰ ਵਾਚ ਕੇ ਉਨ੍ਹਾਂ ਨੂੰ ਮੇਨਸਟਰੀਮ ਚੋਂ ਨਿਕਲ ਕੇ ਇੰਗਲੈਂਡ ਆ ਜਾਣ ਦਾ ਵੀ ਝੋਰਾ ਹੈ। ਉਨ੍ਹਾਂ ਦਾ ਖਿਆਲ ਹੈ ਕਿ ਜੇ ਉਹ ਇੰਡੀਆ ਵਿੱਚ ਹੀ ਰਹਿੰਦੇ ਤਾਂ ਮੁੱਖਧਾਰਾ ਦੇ ਦੂਸਰੇ ਸਿਰਕੱਢ ਨਾਵਾਂ ਯਾਨੀ ਮਾਨ ਮਰਾੜਾਂਵਾਲੇ ਤੇ ਦੇਵ ਥਰੀਕਿਆਂਵਾਲੇ ਵਾਂਗ ਉਹ ਵੀ ਅੱਜ ਦੇ ਦੌਰ 'ਚ ਹੌਟ ਪਰਾਪਰਟੀ ਹੁੰਦੇ।
ਚੰਨ ਜੀ ਵਰ੍ਹਿਆਂ ਤੋਂ ਨਿਯਮਬੱਧ ਲਿਖ ਰਹੇ ਹਨ। ਜਿਸਦੇ ਫਲ ਸਰੂਪ ਉਨ੍ਹਾਂ ਦੇ ਅਨੇਕਾਂ ਗੀਤ ਰਿਕਾਰਡ ਹੋਣ ਤੋਂ ਇਲਾਵਾ ਅੱਠ ਕਿਤਾਬਾਂ ਛਪ ਚੁੱਕੀਆਂ ਹਨ। ਕਦੇ ਕਦਾਈਂ ਉਹ ਮਿਥ ਕੇ ਵੀ ਗੀਤ ਲਿਖਣ ਬੈਠਦੇ ਹਨ। ਪਰ ਅਕਸਰ ਉਹ ਉਬਾਲਾ ਉਠੇ ਤੋਂ ਹੀ ਗੀਤ ਸਿਰਜਦੇ ਹਨ। ਦਿਨ ਭਰ ਲਿਖੇ ਜਾਣ ਵਾਲੇ ਗੀਤ ਨੰੂੰ ਗੁਣਗਣਾਉਂਦੇ ਰਹਿਣ ਬਾਅਦ ਰਾਤ ਨੂੰ ਇੱਕ ਵਜੇ ਸੁੱਤੇ ਪਏ ਉਂੱਠ ਕੇ ਉਹ ਕਾਗ਼ਜ਼ ਉਂੱਤੇ ਆਪਣੇ ਕਾਵਿਕ ਹਰਫ ਝਰੀਟਦੇ ਹਨ। ਹਰ ਗੀਤ ਲਿਖਣ ਤੋਂ ਪਹਿਲਾਂ ਉਹ ਅਰਦਾਸ ਕਰਦੇ ਹਨ ਤੇ ਜਦੋਂ ਕੋਈ ਗੀਤ ਅੜ੍ਹ ਜਾਂਦਾ ਹੈ ਤਾਂ ਉਹ ਫਿਰ ਅਰਦਾਸ ਦਾ ਸਹਾਰਾ ਲੈਂਦੇ ਹਨ। ਚੰਨ ਜੀ ਜਿੰਨੇ ਰੋਮੈਂਟਿਕ ਗੀਤ ਲਿਖਦੇ ਹਨ ਉਹਨੇ ਹੀ ਧਾਰਮਿਕ ਵੀ ਲਿਖਦੇ ਹਨ। ਕੇ ਐਸ ਨਰੂਲਾ, ਜੇ ਐਸ ਭੰਵਰਾ, ਬਲਦੇਵ ਮਸਤਾਨਾ ਅਤੇ ਸੰਗੀਤ ਸਮਰਾਟ ਚਰਨਜੀਤ ਆਹੂਜੇ ਨਾਲ ਚੰਨ ਜੀ ਦੀ ਕਾਫ਼ੀ ਨੇੜਤਾ ਹੈ। ਆਹੂਜੇ ਉਂੱਤੇ ਉਹਨਾਂ ਨੇ ਗੀਤ ਵੀ ਲਿਖਿਆ ਹੈ। 'ਸਦਕੇ ਆਹੂਜਿਆ।'
ਚੰਨ ਜੀ ਦੀ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਕਿ ਉਹ ਗੀਤਾਂ ਦੀ ਕਿਤਾਬ ਛਾਪ ਕੇ ਗਾਇਕਾਂ ਅਤੇ ਸੰਗੀਤਕਾਰਾਂ ਵਿੱਚ ਤਕਸੀਮ ਕਰ ਦਿੰਦੇ ਹਨ। ਜੋ ਵੀ ਗੀਤ, ਜਿਸ ਕਿਸੇ ਨੂੰ ਚੰਗਾ ਲੱਗਦਾ ਹੈ ਉਹ ਆਪੇ ਰਿਕਾਰਡ ਕਰਵਾ ਲੈਂਦਾ ਹੈ। ਨਵੇਂ ਗੀਤਕਾਰਾਂ ਲਈ ਇਹ ਆਈਡੀਆ ਚੋਰੀ ਕਰਨ ਵਾਲਾ ਹੈ। ਇਹ ਜੁਗਤ ਬੜ੍ਹੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਇੰਝ ਕਰਨ ਨਾਲ ਖੁਦ-ਬਾ-ਖੁਦ ਤੁਹਾਡੇ ਕਾਪੀਰਾਈਟ ਹੋਣ ਦਾ ਦਸਤਾਵੇਜ਼ੀ ਸਾਬੂਤ ਵੀ ਤਿਆਰ ਹੋ ਜਾਂਦਾ ਹੈ।
ਚੰਨ ਜੰਡਿਆਲਵੀ ਜੀ ਨੂੰ ਇੱਕ ਅਵੱਲਾ ਜਿਹਾ ਸ਼ੌਂਕ ਹੈ, ਸਾਹਿਤਕਾਰਾਂ ਤੇ ਫ਼ਨਕਾਰਾਂ ਨਾਲ ਫੋਟੋਆਂ ਖਿਚਵਾ ਕੇ ਯਾਦਗਾਰ ਵਜੋਂ ਸਾਂਭਣ ਦਾ। ਅਵੱਲਾਪਨ ਇਸ ਵਿੱਚ ਇਹ ਹੈ ਕਿ ਭਾਵੇਂ ਉਹਨਾਂ ਨੇ ਫੋਟੋਆਂ ਇੱਕ ਜਾਂ ਦੋ ਹੀ ਖਿਚੀਆਂ ਹੋਣ। ਉਹ ਉਥੇ ਹੀ ਰੀਲ ਕੱਢ ਕੇ ਧਵ੍ਹਾ ਲੈਂਦੇ ਹਨ। ਪੂਰੀ ਰੀਲ ਦੇ ਖਿਚੇ ਜਾਣ ਤੱਕ ਉਹਨਾਂ ਤੋਂ ਸਬਰ ਨਹੀਂ ਕਰ ਹੁੰਦਾ। ਮੈਨੂੰ ਵੀ ਉਹਨਾਂ ਦੀ ਇਸ ਆਦਤ ਦਾ ਉਦੋਂ ਪਤਾ ਲੱਗਿਆ ਜਦੋਂ ਇੱਕ ਵਾਰ ਅਸੀਂ ਕਿਸੇ ਕੰਮ ਲਈ ਮਿਲੇ। ਰਾਤ ਦੇ ਨੌਂ ਵੱਜੇ ਹੋਏ ਸਨ ਤੇ ਅਸੀਂ ਪੱਬ ਚੋਂ ਨਿਕਲ ਕੇ ਉਹਨਾਂ ਦੀ ਕਾਰ ਵੱਲ ਆਹੁਲੇ। ਚੌਪਾਸੀਂ ਹਨੇਰਾ ਨਾਕੇ ਲਾਈ ਬੈਠਾ ਸੀ। ਉਹਨਾਂ ਨੇ ਕਾਰ ਦੀ ਟਾਕੀ ਖੋਲੀ ਤੇ ਕੈਮਰਾ ਕੱਢ ਲਿਆ।
'ਫੋਟੋ ਖਿਚਣੀ ਆ, ਫੋਟੋ ਖਿਚਣੀ ਆ ਹੋਗੀ।'  ਚੰਨ ਜੀ ਕੰਧ ਉਂੱਤੇ ਕੈਮਰਾ ਸੈਂੱਟ ਕਰਕੇ ਰੱਖਣ ਲੱਗ ਗਏ ਤੇ ਮੈਂ ਸਟਰੀਟ ਲੈਂਪਪੋਸਟ ਦੀ ਛਾਵੇਂ ਖੜ੍ਹ ਕੇ ਆਪਣੇ ਵਾਲਾਂ ਵਿੱਚ ਉਂਗਲਾਂ ਦੀ ਕੰਘੀ ਮਾਰਨ ਲੱਗ ਪਿਆ। ਕੈਮਰੇ ਦਾ ਬਟਨ ਦੱਬ ਕੇ ਉਹ ਮੇਰੇ ਨਾਲ ਆ ਖੜ੍ਹੇ ਹੋਏ। ਕਲਿੱਕ ਹੋਈ। ਫਲੈਂੱਸ਼ ਵੱਜੀ। ਫੋਟੋ ਖਿਚੀ ਗਈ।
ਤੇ ਜਾਣਦੇ ਓ ਕੀ ਹੋਇਆ? ਉਨ੍ਹਾਂ ਨੇ ਉਸੇ ਪਹਿਲੀ ਤੇ ਇਕੋ-ਇੱਕ ਫੋਟੋ ਵਾਲੀ ਨਵੀਂ ਰੀਲ ਨੂੰ ਕੱਢ ਕੇ ਡਿਵੈਲਪ ਕਰਾ ਲਿਆ ਤੇ ਫੋਟੋ ਦੀ ਇੱਕ ਕਾਪੀ ਮੈਨੂੰ ਵੀ ਭੇਜ  ਦਿੱਤੀ।
ਪਰਿਵਾਰਕ ਅਤੇ ਆਰਥਿਕ ਪੱਖੋਂ ਚੰਨ ਜੀ ਪੂਰੇ ਖੁਸ਼ਹਾਲ ਹਨ। ਆਪਣੀ ਨਿਜ਼ੀ ਜ਼ਿੰਦਗੀ ਅਤੇ ਆਤਮਕ ਸੰਤੁਸ਼ਟੀ ਬਾਰੇ ਉਹ ਖੁਦ ਹੀ ਆਪਣੀ ਕਲਮ ਨਾਲ ਲਿਖਦੇ ਹਨ, "ਕਿੱਡੇ ਨੇ ਨਸੀਬ ਚੰਗੇ ਚੰਨਾ ਜੀ ਓ ਜੀ। ਸੱਜਣਾ ਤੂੰ ਰੱਬ ਕੋਲੋਂ ਲੈਣਾ ਹੋਰ ਕੀ? ਹੀਰੇ ਜਿਹਾ ਪੁੱਤ ਤੇਰਾ ਸੋਨੇ ਜਿਹੀ ਧੀ।"
ਉਮਰ ਦੇ ਲਿਹਾਜ ਅਤੇ ਘਰੇਲੂ ਜ਼ਿੰਮੇਵਾਰੀ ਦਾ ਭਾਰ ਚੁੱਕਦੇ ਹੋਏ ਬਹੁਤ ਸਾਰੇ ਬਜ਼ੁਰਗ ਲੇਖਕ ਲਿਖਣਾ ਛੱਡਦੇ ਜਾ ਰਹੇ ਹਨ ਜਾਂ ਘੱਟ ਕਰਦੇ ਜਾ ਰਹੇ ਹਨ। ਹੁਣੇ-ਹੁਣੇ ਚੰਨ ਜੀ ਨਾਲ ਮੇਰੀ ਸੱਜਰੀ ਮੁਲਾਕਾਤ ਹੋਈ ਤਾਂ ਉਹਨਾਂ ਤੋਂ ਪਤਾ ਲੱਗਾ ਕਿ ਉਹ ਆਪਣੀ ਨੌਕਰੀ ਤੋਂ ਇੱਕ ਦੋ ਮਹੀਨੇ ਬਾਅਦ ਰਿਟਾਇਰ ਹੋ ਰਹੇ ਹਨ। ਮੇਰਾ ਖਿਆਲ ਸੀ ਕਿ ਉਹ ਵੀ ਦੂਜੇ ਲਿਖਾਰੀਆਂ ਵਾਂਗ ਆਖਣਗੇ, "ਬੱਸ ਹੁਣ ਥੱਕ ਗਿਆਂ। ਅਰਾਮ ਕਰਨਾ ਹੈ।" ਪਰ ਨਹੀਂ ਉਹਨਾਂ ਦਾ ਜੁਆਬ ਸੁਣ ਕੇ ਮੈਨੂੰ ਤਅੱਜਬ ਅਤੇ ਮੁਸੱਰਤ ਹੋਈ ਸੀ। ੪ ਫਰਵਰੀ ੧੯੪੩ ਨੂੰ ਜਨਮੇ ਚੰਨ ਜੀ ਇਸ ਉਮਰ ਵਿੱਚ ਵੀ ਨੌਜਵਾਨਾਂ ਵਾਲੇ ਗੜਕੇ ਅਤੇ ਜੋਸ਼ੋ-ਖਰੋਸ਼ ਨਾਲ ਬੋਲੇ ਸਨ, "ਹੁਣ ਵਿਹਲੇ ਹੋ ਜਾਣੈ। ਦਿਨ ਰਾਤ ਨਿੱਠ ਕੇ ਲਿਖਿਆ ਪੜ੍ਹਿਆ ਕਰਨੈ।"
ਜਿਵੇਂ ਅਰਸ਼ਾਂ ਦਾ ਚੰਨ ਪੂਰਾ ਗੋਲ ਹੋਣ ਬਾਅਦ ਨਿਸਦਿਨ ਘਟਦਾ ਚਲਿਆ ਜਾਂਦਾ ਹੈ ਤੇ ਬਹੁਤ ਛੋਟਾ ਜਿਹਾ ਹੋਣ ਬਾਅਦ ਫਿਰ ਤੋਂ ਦਿਨ ਪ੍ਰਤਿ ਦਿਨ ਵਧਦਾ ਹੋਇਆ ਮੁੜ ਆਪਣੇ ਪੂਰੇ ਅਤੇ ਅਸਲ ਆਕਾਰ ਵਿੱਚ ਵਾਪਸ ਆ ਜਾਂਦਾ ਹੈ। ਉਵੇਂ ਹੀ ਮੈਨੂੰ ਉਮੀਦ ਹੈ ਕਿ ਚੰਨ ਜੰਡਿਆਲਵੀ ਜੀ ਦੁਬਾਰਾ ਆਪਣੀ ਗੀਤ ਰਚਨਾ ਵਿੱਚ ਸਰਗਰਮ ਹੋ ਕੇ ਆਪਣਾ ਪਹਿਲਾਂ ਵਾਲਾ ਮੁਕਾਮ ਹਾਸਲ ਕਰ ਲੈਣਗੇ। ਅਜੋਕੇ ਦੌਰ ਵਿੱਚ ਇੱਕ ਵਾਰ ਫੇਰ ਉਹਨਾਂ ਦੇ ਨਾਮ ਦਾ ਬੋਲਬਾਲਾ ਹੋਵੇਗਾ। ਉਹ ਮੁੜ ਤੋਂ ਗੀਤਕਾਰੀ ਦੇ ਸਿੰਘਾਸਨ 'ਤੇ ਬਿਰਾਜਮਾਨ ਹੋ ਜਾਣਗੇ। ਮੇਰੀ ਤਾਂ ਇਹੀ ਦੁਆ ਹੈ ਕਿ ਸ਼ਾਲਾ ਸਾਡਾ ਇਹ ਚੰਨ ਸਦਾ ਆਪਣੀ ਚਮਕ-ਦਮਕ ਬਰਕਾਰ ਰੱਖਦਿਆਂ ਚੜ੍ਹਿਆ ਰਹੇ ਤੇ ਮਾਂ ਬੋਲੀ ਨੂੰ ਅਮੀਰ ਕਰਦਾ ਰਹੇ।
ਆਮੀਨ-ਸਦ-ਆਮੀਨ!

No comments:

Post a Comment