ਤੈਨੂੰ ਪੀਣਗੇ ਨਸੀਬਾਂ ਵਾਲੇ!
-ਬਲਰਾਜ ਸਿੰਘ ਸਿੱਧੂ, ਯੂ. ਕੇ.
"ਇਕ ਸਵਾਲ ਮੇਰੇ ਜ਼ਿਹਨ ਆਉਂਦੈ… ਉਹ ਇਹ ਕਿ ਸਾਡੇ ਹੀਰੇ ਲੇਖਕ... ਗਾਇਕ... ਸ਼ਰਾਬ ਪੀ-ਪੀ ਕਿਉਂ ਆਪਣੀਆਂ ਜਾਨਾਂ ਗੁਆ ਰਹੇ ਨੇ? ਕੀ ਸ਼ਰਾਬ... ਜ਼ਿੰਦਗੀ ਅਤੇ ਸਿਹਤ ਤੋਂ ... ਜ਼ਿਆਦਾ ਚੰਗੀ ਹੈ?"
ਪੰਜਾਬੀ ਆਰਸੀ ਦੀ ਫੇਸਬੁੱਕ ਵਾਲ 'ਤੇ ਕਲਦੀਪ ਮਾਣਕ ਦੀ ਮੌਤ ਦਾ ਇਜ਼ਹਾਰ ਕਰਦਿਆਂ ਤਨਦੀਪ ਤਮੰਨਾ ਜੀ ਨੇ ਇਹ ਉਪਰੋਕਤ ਵਿਚਾਰ ਲਿਖਿਆ ਹੈ।ਸਵਾਲ ਵਾਕਈ ਗੌਰ ਦੀ ਮੰਗ ਕਰਦਾ ਹੈ।ਪਹਿਲਾਂ ਸੁਰਜੀਤ ਬਿੰਦਰਖੀਆ, ਫਿਰ ਕਾਕਾ ਭੈਣੀਵਾਲਾ ਤੇ ਹੁਣ ਮਾਣਕ।
ਸ਼ਿਵ ਕੁਮਾਰ ਬਟਾਲਵੀ ਤੋਂ ਇਲਾਵਾ ਇਕ ਦਰਜਨ ਤੋਂ ਵਧ ਪੰਜਾਬੀ ਦੇ ਸਾਹਿਤਕਾਰ ਹਨ, ਜੋ ਚੰਦਰੀ ਸ਼ਰਾਬ ਦੀ ਭੇਂਟ ਚੜ੍ਹੇ।ਗੱਲ ਇਹ ਨਹੀਂ ਹੈ ਕਿ ਕੇਵਲ ਗਾਇਕ, ਐਕਟਰ, ਸਾਹਿਤਕਾਰ ਹੀ ਸ਼ਰਾਬ ਪੀ ਕੇ ਮਰਦੇ ਹਨ। ਬਹੁਤ ਸਾਰੇ ਆਮ ਲੋਕ ਵੀ ਸ਼ਰਾਬ ਦੀ ਭੇਂਟ ਚੜ੍ਹਦੇ ਰਹਿੰਦੇ ਹਨ। ਪਰ ਉਹਨਾਂ ਨੂੰ ਮੀਡੀਆ ਕਵਰੇਜ਼ ਨਹੀਂ ਮਿਲਦੀ।ਪ੍ਰਸਿੱਧ ਲੋਕਾਂ ਬਾਰੇ ਉਹ ਇਕ ਖਬਰ ਬਣ ਜਾਂਦੀ ਹੈ ਤੇ ਜੰਗਲ ਦੀ ਅੱਗ ਵਾਂਗ ਫੈਲ ਜਾਂਦੀ ਹੈ।ਜਦੋਂ ਕੋਈ ਆਮ ਵਿਅਕਤੀ ਸ਼ਰਾਬ ਦਾ ਸੇਵਨ ਕਰਕੇ ਮਰਦਾ ਹੈ ਤਾਂ ਉਸ ਦੇ ਕਾਰਨ ਅਨੇਕਾਂ ਹੁੰਦੇ ਹਨ, ਜਿਵੇਂ ਆਰਥਿਕ ਤੰਗੀ, ਅਸਫਲਤਾ, ਕਰਜ਼ਾ, ਬੇਰੋਜ਼ਗਾਰੀ, ਘਰੇਲੂ ਰਿਸ਼ਤਿਆਂ ਵਿਚ ਉਪਜਿਆ ਤਨਾਅ, ਮਜ਼ਬੂਰੀ ਜਾਂ ਅਯਾਸ਼ੀ। ਲੇਕਿਨ ਪ੍ਰਸਿੱਧ ਵਿਅਕਤੀਆਂ ਦੀ ਮੌਤ ਦਾ ਕੇਵਲ ਇਕ ਕਾਰਨ ਹੁੰਦਾ ਹੈ, ਉਹਨਾਂ ਦੀ ਪ੍ਰਸਿੱਧੀ।