-ਬਲਰਾਜ ਸਿੰਘ ਸਿੱਧੂ
ਸਾਡੇ ਸਮਾਜ ਵਿੱਚ ਨੋਕ-ਝੋਕ ਤੇ ਹਾਸੇ ਮਜ਼ਾਕ ਵਾਲੇ ਬਹੁਤ ਰਿਸ਼ਤੇ ਹਨ, ਜਿਵੇਂ ਦਿਉਰ ਭਰਜਾਈ, ਜੇਠ-ਭਰਜਾਈ ਅਤੇ ਜੀਜਾ ਸਾਲੀ ਆਦਿ। ਇਹਨਾਂ ਰਿਸ਼ਤਿਆਂ ਵਿਚੋਂ ਸਭ ਤੋਂ ਵੱਧ ਨੋਕ-ਝੋਕ ਤੇ ਕਲੇਸ਼ ਵਾਲਾ ਇੱਕ ਰਿਸ਼ਤਾ ਹੈ, ਨੂੰਹ ਸੱਸ ਦਾ। ਸਾਡੀ ਇੱਕ ਅਖਾਣ ਹੈ ਕਿ ਸੱਪ ਨੂੰ ਇੱਕ ਸੱਸਾ ਲੱਗਦਾ ਹੈ ਤੇ ਸੱਸ ਨੂੰ ਦੋ। ਭਾਵ ਸੱਸ ਨੂੰ ਸੱਪ ਤੋਂ ਵੀ ਖਤਰਨਾਕ ਗਰਦਾਨਿਆ ਗਿਆ ਹੈ। ਹੈਰਤ ਦੀ ਗੱਲ ਤਾਂ ਇਹ ਹੈ ਕਿ ਸਿਰਫ ਸਾਡੇ ਪੰਜਾਬੀ ਸਮਾਜ ਅੰਦਰ ਹੀ ਇਸ ਰਿਸ਼ਤੇ ਦੀ ਕੁੜੱਤਣ ਦਾ ਜ਼ਿਕਰ ਨਹੀਂ ਹੁੰਦਾ। ਸਾਰੇ ਮੁਲਖਾਂ, ਧਰਮਾਂ, ਦੇਸ਼ਾਂ ਅਤੇ ਜਾਤੀਆਂ ਦੀਆਂ ਨੂੰਹਾਂ ਸੱਸਾਂ ਦੀ ਇਹੋ ਕਹਾਣੀ ਹੈ। ਸੱਸ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ, ਹਰ ਨੂੰਹ ਉਸ ਨੂੰ ਕਦੇ ਨਾ ਕਦੇ ਨਿੰਦਦੀ ਜ਼ਰੂਰ ਹੈ। ਮੈਂ ਆਪਣੇ ਕੰਮ 'ਤੇ ਜਦੋਂ ਗੋਰੀਆਂ ਨੂੰ ਆਪਣੀਆਂ ਸੱਸਾਂ ਦੀਆਂ ਚੁਗਲੀਆਂ ਕਰਦੀਆਂ ਸੁਣਦਾ ਹਾਂ ਤਾਂ ਅਕਸਰ ਮੈਨੂੰ ਹਾਸਾ ਆ ਜਾਂਦਾ ਹੈ। ਸਾਡੇ ਬਹੁਤ ਸਾਰੇ ਗੀਤ ਹਨ ਜਿਨ੍ਹਾਂ ਵਿੱਚ ਨੂੰਹ ਸ਼ਾਇਦ ਜਵਾਨ ਹੋਣ ਕਰਕੇ ਬਿਰਧ ਸੱਸ ਨੂੰ ਕੁੱਟ ਧਰਦੀ ਹੈ। ਮਿਸਾਲ ਵਜੋਂ ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਉਹਲੇ। ਹੈਰਤ ਦੀ ਗੱਲ ਤਾਂ ਇਹ ਹੈ ਕਿ ਸਾਡੇ ਗੀਤਾਂ ਵਿੱਚ ਹਮੇਸ਼ਾਂ ਨੂੰਹ ਹੀ ਸੱਸ ਨੂੰਹ ਕੁੱਟਦੀ ਹੈ ਤੇ ਫੇਰ ਆਪਣੇ ਘਰਵਾਲੇ ਜਾਂ ਘਰ ਦੇ ਕਿਸੇ ਹੋਰ ਮਰਦ ਸਾਉਰੇ ਜਾਂ ਜੇਠ ਤੋਂ ਛਿੱਤਰ ਖਾਂਧੀ ਹੈ। ਇੱਕ ਬੋਲੀ ਹੈ,
"ਵੀਰ ਹੋਉਗਾ ਤੇਰਾ ਦੱਸ ਉਹ ਕੀ ਲੱਗਦਾ ਏ ਮੇਰਾ
ਮੇਰੀ ਜਾਣਦੀ ਜੁੱਤੀ, ਵੇ ਤੂੰ ਰਿਹਾ ਦੇਖਦਾ ਮੈਂ ਜੇਠ ਨੇ ਕੁੱਟੀ।"