ਸਾਹਿਤ, ਸੰਗੀਤ ਅਤੇ ਕਲਾ ਵਿਚ ਅਸ਼ਲੀਲਤਾ


ਕਠੋਰ ਤੋਂ ਕਠੋਰ ਹਿਰਦੇ ਵਾਲੇ ਵਿਅਕਤੀ ਦੇ ਲਹੂ ਵਿਚ ਵੀ ਕੁਝ ਅਜਿਹੇ ਤੱਤ ਹੁੰਦੇ ਹਨ, ਜੋ ਉਸਨੂੰ ਰਹਿਮ ਦਿਲ, ਦਿਆਵਾਨ ਅਤੇ ਭਾਵੁਕ ਬਣਾਉਣ ਦੀ ਸਮਰੱਥਾ ਰੱਖਦੇ ਹੁੰਦੇ ਹਨ। ਜਦੋਂ ਇਹ ਤੱਤ ਜਾਂ ਬਲੱਡ ਸੈੱਲ ਆਪਣਾ ਅਸਰ ਦਿਖਾਉਂਦੇ ਹਨ ਤਾਂ ਇਕਦਮ ਮਨੁੱਖ ਦਾ ਵਿਅਕਤਿਤਵ ਬਦਲ ਜਾਂਦਾ ਹੈ। ਦੁਨੀਆਂ ਦੇ ਇਤਿਹਾਸ ਵਿਚ ਇਸ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ, ਜਿਵੇਂ ਲਸ਼ਮਣ ਦਾਸ ਤੋਂ ਬਣਿਆ ਬੰਦਾ ਬਹਾਦਰ, ਸਮਰਾਟ ਅਸ਼ੋਕ ਦਾ ਕਲਿੰਗਾ ਦੇ ਯੁੱਧ ਤੋਂ ਬਾਅਦ ਹਿਰਦਾ ਪਰਿਵਰਤਨ ਹੋਣਾ, ਬਾਦਸ਼ਾਹ ਅਕਬਰ ਦਾ ਜ਼ਬਰੀ ਔਰਤਾਂ ਨੂੰ ਆਪਣੇ ਹਰਮ ਵਿਚ ਰੱਖਣਾ ਤੇ ਦੂਜੇ ਪਾਸੇ ਹੋਰ ਲੋਕ ਭਲਾਈ ਦੇ ਕਾਰਜ ਕਰਨਾ ਆਦਿ ਬਹੁਤ ਸਾਰੀਆਂ ਉਦਹਰਣਾ ਹਨ।

 ਇਹੀ ਤੱਤ ਮਨੁੱਖ ਅੰਦਰ ਪ੍ਰੇਮ ਦਾ ਭਾਵ ਪੈਦਾ ਕਰਦੇ ਹਨ। ਪ੍ਰੇਮ ਦਾ ਮਨੁੱਖ ਦਾ ਝੁਕਾਅ ਸੁਖਮ ਕਲਾਵਾਂ ਵੱਲ ਝੁਕਾਉਂਦਾ ਹੈ। ਇਸੇ ਵਜ੍ਹਾ ਕਰਕੇ ਦੁਨੀਆਂ ਦੇ ਹਰ ਵਿਅਕਤੀ ਦਾ ਕਿਸੇ ਨਾ ਕਿਸੇ ਕਲਾ ਨਾਲ ਲਗਾਅ ਹੁੰਦਾ ਹੈ। ਚਾਹੇ ਇਹ ਸਾਹਿਤ, ਸੰਗੀਤ, ਨ੍ਰਿਤ, ਚਿੱਤਰਕਲਾ, ਬੁੱਤਰਾਸ਼ੀ, ਅਦਾਕਾਰੀ ਜਾਂ ਕੋਈ ਹੋਰ ਹੋਵੇ। ਇਹਨਾਂ ਕਲਾਵਾਂ ਨੂੰ ਪਿਆਰ ਕਰਨ ਵਾਲਾ ਵਿਅਕਤੀ ਜਦੋਂ ਉਸ ਕਲਾ ਦੇ ਕਿਸੇ ਕਲਾਕਾਰ ਦੀ ਕੋਈ ਵਧੀਆ ਰਚਨਾ ਦੇ ਸਨਮੁੱਖ ਹੁੰਦਾ ਹੈ ਤਾਂ ਸੁਭਾਵਿਕ ਹੀ ਉਸਦੇ ਮਨ ਵਿਚ ਉਸ ਕਲਾਕਾਰ ਲਈ ਸਤਿਕਾਰ ਅਤੇ ਸ਼ਰਧਾ ਉਤਪਨ ਹੋ ਜਾਂਦੀ ਹੈ। ਜਿਵੇਂ ਕਿ ਅਦਾਕਾਰੀ ਨੂੰ ਪਿਆਰ ਕਰਨ ਵਾਲੇ ਜਦੋਂ ਕਿਸੇ ਅਭਿਨੇਤਾ ਜਾਂ ਅਭਿਨੇਤਰੀ ਦੀ ਵਧੀਆ ਐਕਟਿੰਗ ਦੇਖਦੇ ਹਨ ਤਾਂ ਉਸਦੇ ਦਿਵਾਨੇ ਹੋ ਜਾਂਦੇ ਹਨ। ਜਦੋਂ ਕਲਾਕਾਰ ਨੂੰ ਪ੍ਰਸ਼ੰਸਕਾਂ ਦੀ ਮੁਹੱਬਤ ਮਿਲਦੀ ਹੈ ਤਾਂ ਉਹ ਮਕਬੂਲ ਹੋਣ ਲੱਗਦਾ ਹੈ। ਜਿਉਂ ਜਿਉਂ ਕਦਰਦਾਨਾਂ ਦੀ ਗਿਣਤੀ ਵੱਧਦੀ ਜਾਂਦੀ ਹੈ, ਤਿਉਂ ਤਿਉਂ ਕਲਾਕਾਰ ਪ੍ਰਸਿੱਧੀ ਪ੍ਰਾਪਤ ਕਰਦਾ ਜਾਂਦਾ ਹੈ ਤੇ ਜਿਸ ਨਾਲ ਸਮਾਜ ਵਿਚ ਉਸਦਾ ਰੁਤਬਾ ਉੱਚਾ ਹੁੰਦਾ ਜਾਂਦਾ ਹੈ। ਰੁਤਬੇ ਦੀ ਬੁਲੰਦੀ ਦੇ ਹਿਸਾਬ ਨਾਲ ਕਲਾਕਾਰ ਨੂੰ ਆਰਥਿਕ ਲਾਭ ਤੇ ਦਿਮਾਗੀ ਸਕੂਨ ਮਿਲਣ ਲੱਗਦਾ ਹੈ। ਇਹੀ ਕਾਰਨ ਹੈ ਕਿ ਹਰ ਕਲਾਕਾਰ ਆਪਣੀ ਕਲਾ ਨਾਲ ਕੋਈ ਨਾ ਕੋਈ ਸ਼ਾਹਕਾਰ ਸਿਰਜਣ ਦਾ ਯਤਨ ਕਰਕੇ ਆਪਣੇ ਆਪ ਨੂੰ ਸਰਬੋਤਮ ਸਿੱਧ ਕਰਨ ਦੀ ਹਮੇਸ਼ਾਂ ਕੋਸ਼ਿਸ਼ ਵਿਚ ਲੱਗਿਆ ਰਹਿੰਦਾ ਹੈ। ਕਲਾ ਕ੍ਰਿਤ ਨੂੰ ਵਧੀਆ ਬਣਾਉਣ ਦੇ ਪ੍ਰੀਯਾਸ ਵਿਚ ਕਈ ਵਾਰ ਕਲਾਕਾਰ ਤੋਂ ਕੋਈ ਗਲਤੀ ਵੀ ਹੋ ਜਾਂਦੀ ਹੈ। ਇਸ ਨਾਲ ਉਸ ਦੀ ਰਚਨਾ ਦੋਸ਼ਪੂਰਨ ਹੋ ਜਾਂਦੀ ਹੈ। ਜਿਸ ਦੀ ਲੋਕਾਂ ਵੱਲੋਂ ਆਲੋਚਨਾ ਵੀ ਕੀਤਾ ਜਾਂਦੀ ਹੈ। ਆਲੋਚਨਾ ਦਾ ਨਿਸ਼ਾਨਾ ਬਣੀ ਕ੍ਰਿਤ ਕਈ ਵਾਰ ਕਲਾਕਾਰ ਨੂੰ ਨੁਕਸਾਨ ਪਹੁੰਚਾਣ ਦੀ ਬਜਾਏ ਫਾਇਦਾ ਵੀ ਦਿੰਦੀ ਹੈ, ਜੋ ਹੋਰ ਕਲਾਕਾਰਾਂ ਨੂੰ ਉਹੀ ਗਲਤੀ ਜਾਣਬੁੱਝ ਕੇ ਕਰਨ ਲਈ ਉਕਸਾਉਂਦੀ ਹੈ। ਸਾਹਿਤ, ਸੰਗੀਤ, ਨ੍ਰਿਤ, ਚਿੱਤਰਕਾਰੀ ਅਤੇ ਬੁੱਤਤਰਾਸ਼ੀ ਵਿਚ ਜਾਣਬੁੱਝ ਕੇ ਭਰੇ ਜਾਂਦੇ ਅਜਿਹੇ ਹੀ ਇਕ ਦੋਸ਼ ਦਾ ਨਾਮ ਹੈ ਲੱਚਰਤਾ, ਜਿਸ ਨੂੰ ਹਿੰਦੀ ਵਿਚ ਅਸ਼ਲੀਲਤਾ, ਉਰਦੂ ਵਿਚ ਫਾਹਸੀਪਨ ਤੇ ਅੰਗਰੇਜ਼ੀ ਵਿਚ VULGARITY ਕਹਿੰਦੇ ਹਨ।