ਕਿੱਸਾ ਮਿਰਜ਼ਾ ਸਾਹਿਬਾਂ ਦਾ ਅਧਿਐਨ

ਮਿਰਜ਼ਾ ਐਸਾ ਸੂਰਮਾ



? ਬਲਰਾਜ ਸਿੰਘ ਸਿੱਧੂ, ਯੂ. ਕੇ.(www.balrajsidhu.com, e-mail: balrajssidhu@yahoo.co.uk, Mob: 0044 -7940120555)

ਪਿਆਰ ਨੂੰ ਮਨੁੱਖ ਦੀਆਂ ਚੌਦਾਂ ਮੂਲ ਪ੍ਰਵਿਰਤੀਆਂ ਵਿਚੋਂ ਉੱਤਮ ਗਰਦਾਨਿਆਂ ਜਾਂਦਾ ਹੈ। ਦੁਨੀਆਂ ਦੀਆਂ ਬਾਕੀ ਭਾਸ਼ਾਵਾਂ ਵਾਂਗ ਪੰਜਾਬੀ ਜ਼ਬਾਨ ਵਿਚ ਵੀ ਪ੍ਰੇਮ ਕਹਾਣੀ ਨੂੰ ਇਕ ਵਿਲੱਖਣ ਸਥਾਨ ਪ੍ਰਾਪਤ ਹੈ।ਵੈਸੇ ਤਾਂ ਹਰ ਪ੍ਰਾਣੀ ਦੀ ਕੋਈ ਨਾ ਕੋਈ ਆਪਣੀ ਪ੍ਰੀਤ ਕਥਾ ਹੁੰਦੀ ਹੈ। ਪਰ ਉਹ ਨਿੱਜ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੀ ਹੈ।ਪਰੰਤੂ ਕੁਝ ਮਨੁੱਖਾਂ ਦੀਆਂ ਪ੍ਰੇਮ ਕਹਾਣੀਆਂ ਆਮ ਲੋਕਾਂ ਨਾਲੋਂ ਵੱਖਰੀਆਂ, ਦਿਲਚਸਪ, ਅਲੋਕਿਕ ਤੇ ਅਲੋਕਾਰੀ ਹੁੰਦੀਆਂ ਹਨ।ਇਸ ਲਈ ਲੋਕ ਉਸਦੀਆਂ ਬਾਤਾਂ ਪਾਉਂਦੇ ਹਨ ਤੇ ਉਹ ਸਾਹਿਤ ਦਾ ਅਨਿਖੜਵਾਂ ਅੰਗ ਬਣਕੇ ਇਕ ਪੀੜੀ ਤੋਂ ਦੂਜੀ ਤੱਕ ਹੁੰਦੀਆਂ ਹੋਈਆਂ ਸਦੀਆਂ ਤੱਕ ਅਮਰ ਰਹਿੰਦੀਆਂ ਹਨ।ਇਹੋ ਜਿਹੀ ਹੀ ਸਾਡੀ ਇਕ ਪ੍ਰੇਮ ਕਹਾਣੀ ਹੈ, ਮਿਰਜ਼ਾ-ਸਾਹਿਬਾਂ। ਜਦੋਂ ਵੀ ਮਿਰਜ਼ੇ ਦਾ ਜ਼ਿਕਰ ਛਿੜਦਾ ਹੈ ਤਾਂ ਸਾਡੇ ਜ਼ਿਹਨ ਵਿਚ ਚਾਰ ਪਾਤਰ ਸਾਖਸ਼ਾਤ ਆ ਖੜ੍ਹਦੇ ਹਨ। ਇਕ ਕਿੱਸੇ ਦਾ ਨਾਇਕ ਮਿਰਜ਼ਾ, ਦੂਜੀ ਨਾਇਕਾ ਸਾਹਿਬਾਂ ਤੇ ਤੀਜੀ ਸਹਾਇਕ ਪਾਤਰ ਮਿਰਜ਼ੇ ਦੀ ਘੋੜੀ ਬੱਕੀ ਅਤੇ ਚੌਥਾ ਉਹ ਜੰਡ ਜਿਸਦੀ ਛਾਵੇਂ ਮਿਰਜ਼ਾ ਵੱਢਿਆ ਜਾਂਦਾ ਹੈ।